Cockroach Janata Party News : ਕਾਕਰੋਚ ਜਨਤਾ ਪਾਰਟੀ ਨੂੰ ਦਿੱਲੀ ਹਾਈਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਕੋਰਟ ਨੇ ਸ਼ੁੱਕਰਵਾਰ (29 ਮਈ) ਨੂੰ ਅਭਿਜੀਤ ਦੀਪਕੇ ਦੀ ਅਗਵਾਈ ਵਾਲੀ ਕਾਕਰੋਚ ਜਨਤਾ ਪਾਰਟੀ (CJP) ਦੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਅਕਾਊਂਟ ਨੂੰ ਤੁਰੰਤ ਬਹਾਲ ਕਰਨ ਦੇ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ। ਜਸਟਿਸ ਪੁਰਸ਼ੇਂਦਰ ਕੁਮਾਰ ਕੌਰ ਨੇ ਦੀਪਕੇ ਦੀ ਪਟੀਸ਼ਨ ‘ਤੇ ਸੁਣਵਾਈ ਕੀਤੀ।
ਦੀਪਕੇ ਨੇ 15 ਮਈ ਨੂੰ ਇੱਕ ਵਕੀਲ ਦੇ ਸੀਨੀਅਰ ਰੁਤਬੇ ਨਾਲ ਸਬੰਧਤ ਪਟੀਸ਼ਨ ਦੀ ਸੁਣਵਾਈ ਦੌਰਾਨ ਚੀਫ ਜਸਟਿਸ ਸੂਰਿਆ ਕਾਂਤ ਦੀਆਂ “ਕਾਕਰੋਚ” ਅਤੇ “ਪਰਜੀਵੀ” ਟਿੱਪਣੀਆਂ ‘ਤੇ ਵਿਵਾਦ ਦੇ ਵਿਚਕਾਰ ਕਾਕਰੋਚ ਜਨਤਾ ਪਾਰਟੀ (CJP) ਦੀ ਸ਼ੁਰੂਆਤ ਕੀਤੀ।
‘ਐਕਸ’ ‘ਤੇ ਕਾਕਰੋਚ ਜਨਤਾ ਪਾਰਟੀ (CJP) ਦਾ ਹੈਂਡਲ 21 ਮਈ ਨੂੰ ਭਾਰਤ ਵਿੱਚ ‘ਬਲੌਕ’ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ‘Cockroach is Back’ ਨਾਮ ਨਾਲ ਨਵਾਂ ਹੈਂਡਲ ਬਣਾਇਆ ਗਿਆ, ਜਿਸਦੇ ਇਸ ਵੇਲੇ 2.27 ਲੱਖ ਤੋਂ ਵੱਧ ਫਾਲੋਅਰ ਹਨ। ਇਹ ਮੁਹਿੰਮ ਆਪਣੇ ਅਨੋਖੇ ਪ੍ਰਤੀਕਾਂ ਅਤੇ ਡਿਜ਼ੀਟਲ ਕੈਂਪੇਨ ਦੀ ਨੀਤੀ ਕਰਕੇ ਚਰਚਾ ਵਿੱਚ ਹੈ।
ਸਮਰਥਕਾਂ ਨੇ ‘ਕਾਕਰੋਚ’ ਦੀ ਪਹਿਚਾਣ ਨੂੰ ਵਿਰੋਧ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਹੈ। 16 ਮਈ ਨੂੰ ਸ਼ੁਰੂ ਹੋਈ CJP ਦਾ ਦਾਅਵਾ ਹੈ ਕਿ ਇਸਦਾ ਮਕਸਦ ਨੌਜਵਾਨਾਂ ਦੀ ਆਵਾਜ਼ ਨੂੰ ਮਜ਼ਬੂਤ ਕਰਨਾ ਅਤੇ ਸਰਕਾਰ ਨੂੰ ਜਵਾਬਦੇਹ ਬਣਾਉਣ ਲਈ ਇੱਕ ਸੁਤੰਤਰ ਅੰਦੋਲਨ ਖੜ੍ਹਾ ਕਰਨਾ ਹੈ। ਹਾਲ ਹੀ ਵਿੱਚ ਇਸ ਨੇ ਸਿੱਖਿਆ ਖੇਤਰ ਵਿੱਚ ਕਥਿਤ ਸਿਸਟਮ ਦੀ ਨਾਕਾਮੀ ਅਤੇ NEET-UG 2026 ਪੇਪਰ ‘ਲੀਕ’ ਮਾਮਲੇ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰਦਿਆਂ ਮੁਹਿੰਮ ਚਲਾਈ ਹੈ।
16 ਮਈ ਨੂੰ ਚੀਫ ਜਸਟਿਸ ਨੇ ਆਪਣੀਆਂ ਟਿੱਪਣੀਆਂ ਬਾਰੇ ਕੜੇ ਸ਼ਬਦਾਂ ਵਿੱਚ ਸਪਸ਼ਟੀਕਰਨ ਜਾਰੀ ਕਰਦਿਆਂ ਕਿਹਾ ਸੀ ਕਿ ਉਹ ਉਹਨਾਂ ਖਬਰਾਂ ਤੋਂ “ਆਹਤ” ਹਨ, ਜਿਨ੍ਹਾਂ ਵਿੱਚ ਇਹ ਦਰਸਾਇਆ ਗਿਆ ਕਿ ਉਨ੍ਹਾਂ ਨੇ ਨੌਜਵਾਨਾਂ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਖਾਸ ਤੌਰ ‘ਤੇ ਉਹਨਾਂ ਲੋਕਾਂ ਖਿਲਾਫ ਸਨ ਜੋ “ਫਰਜ਼ੀ ਅਤੇ ਗੈਰਕਾਨੂੰਨੀ ਡਿਗਰੀਆਂ” ਰਾਹੀਂ ਕਾਨੂੰਨੀ ਪੇਸ਼ੇ ਵਿੱਚ ਦਾਖ਼ਲਾ ਲੈ ਰਹੇ ਹਨ ਅਤੇ ਮੀਡੀਆ ਦੇ ਇੱਕ ਹਿੱਸੇ ਨੇ ਉਨ੍ਹਾਂ ਦੀ ਗੱਲ ਨੂੰ “ਗਲਤ ਢੰਗ ਨਾਲ ਪੇਸ਼” ਕੀਤਾ।
ਹੋਰ ਪੜ੍ਹੋ