Delhi CJP Protest : ਜੰਤਰ-ਮੰਤਰ ‘ਤੇ CJP ਦੇ ਪ੍ਰਦਰਸ਼ਨਕਾਰੀਆਂ ਨੇ ABP ਨਿਊਜ਼ ਦੀ ਟੀਮ ‘ਤੇ ਹਮਲਾ ਕਰ ਦਿੱਤਾ। ABP ਦੇ ਰਿਪੋਰਟਰ ਵਰੁਣ ਭਸੀਨ ਨਾਲ ਧੱਕਾ-ਮੁੱਕੀ ਕੀਤੀ ਗਈ ਅਤੇ ਉਨ੍ਹਾਂ ‘ਤੇ ਹਮਲਾ ਕੀਤਾ ਗਿਆ। ਦਿੱਲੀ ਪੁਲਿਸ ਨੇ ABP ਨਿਊਜ਼ ਦੀ ਟੀਮ ਨੂੰ ਸੁਰੱਖਿਅਤ ਢੰਗ ਨਾਲ ਉੱਥੋਂ ਬਾਹਰ ਕੱਢਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਟੀਮ ‘ਤੇ ਵੀ ਹਮਲਾ ਕੀਤਾ।
CJP ਦੇ ਪ੍ਰਦਰਸ਼ਨਕਾਰੀਆਂ ਨੇ ABP ਦੀ ਟੀਮ ‘ਤੇ ਕੀਤਾ ਹਮਲਾ
ABP ਦੇ ਰਿਪੋਰਟਰ ਵਰੁਣ ਭਸੀਨ ਨੇ ਕਿਹਾ, “ਜਦੋਂ ਅਸੀਂ ਪ੍ਰਦਰਸ਼ਨ ਦੀ ਕਵਰੇਜ ਕਰਨ ਲਈ ਮੌਕੇ ‘ਤੇ ਪਹੁੰਚੇ ਤਾਂ ਭੀੜ ਦਾ ਕੋਈ ਇੱਕ ਚਿਹਰਾ ਨਹੀਂ ਸੀ। ਵਿਦਿਆਰਥੀਆਂ ਦੇ ਨਾਲ ਕਈ ਹੋਰ ਨੌਜਵਾਨ ਵੀ ਮੌਜੂਦ ਸਨ, ਜੋ ਮੀਡੀਆ ਦੀਆਂ ਗੱਡੀਆਂ ‘ਤੇ ਹਮਲੇ ਕਰ ਰਹੇ ਸਨ। ਉਹ ਵੀਡੀਓ ਬਣਾ ਰਹੇ ਸਨ, ਕੈਮਰੇ ਤੋੜਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਭੀੜ ਵਿੱਚ ਹਰ ਵਿਅਕਤੀ ਆਪਣੀ-ਆਪਣੀ ਸੋਚ ਨਾਲ ਅੱਗੇ ਵੱਧ ਰਿਹਾ ਸੀ। ਹੁਣ ਤਾਂ ਇਹ ਲੋਕ ਮੀਡੀਆ ‘ਤੇ ਪੱਥਰ ਵੀ ਸੁੱਟਣ ਲੱਗ ਪਏ ਹਨ।”
ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ
ਪ੍ਰਦਰਸ਼ਨਕਾਰੀਆਂ ਨੇ NEET-UG ਪੇਪਰ ਲੀਕ ਮਾਮਲੇ ਵਿੱਚ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਕੀਤੀ। ਜਦੋਂ ਉਹ ਸੰਸਦ ਭਵਨ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਨ੍ਹਾਂ ਦਾ ਸਾਹਮਣਾ ਉੱਥੇ ਤੈਨਾਤ ਪੁਲਿਸ ਕਰਮਚਾਰੀਆਂ ਨਾਲ ਹੋਇਆ। ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਪੁਲਿਸ ਬਲ ਪਹਿਲਾਂ ਤੋਂ ਹੀ ਤੈਨਾਤ ਸੀ। ਇਹ ਪ੍ਰਦਰਸ਼ਨ NEET-UG ਪੇਪਰ ਲੀਕ ਅਤੇ ਪ੍ਰੀਖਿਆ ਨਾਲ ਜੁੜੀਆਂ ਹੋਰ ਬੇਨਿਯਮੀਆਂ ਦੇ ਵਿਰੋਧ ਵਿੱਚ ਕੀਤਾ ਗਿਆ ਸੀ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ।
ਪੁਲਿਸ ਵੱਲੋਂ ਲਾਠੀਚਾਰਜ
ਜੰਤਰ-ਮੰਤਰ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਕੀਤਾ ਗਿਆ ਸੀ। ਸੋਮਵਾਰ ਸਵੇਰੇ ਹੀ ਦੰਗਾ-ਰੋਧੀ ਵਾਹਨ ਵੀ ਪ੍ਰਦਰਸ਼ਨ ਸਥਾਨ ‘ਤੇ ਪਹੁੰਚ ਗਿਆ ਸੀ। ਪ੍ਰਦਰਸ਼ਨਕਾਰੀਆਂ ਦੇ ਸੰਸਦ ਵੱਲ ਮਾਰਚ ਦੀ ਯੋਜਨਾ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਅਤੇ ਕੁਝ ਪਾਬੰਦੀਆਂ ਵੀ ਲਗਾਈਆਂ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਸੁਰੱਖਿਆ ਬੈਰੀਕੇਡ ਪਾਰ ਕਰਨ ਤੋਂ ਰੋਕਣ ਲਈ ਬਲ ਦੀ ਵਰਤੋਂ ਕੀਤੀ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋਈ ਅਤੇ ਲਾਠੀਚਾਰਜ ਕੀਤੇ ਜਾਣ ਦੀ ਵੀ ਖ਼ਬਰ ਸਾਹਮਣੇ ਆਈ।