Air India flights : ਏਅਰ ਇੰਡੀਆ ਐਕਸਪ੍ਰੈਸ ਵੱਲੋਂ 1 ਜੂਨ ਤੋਂ ਚੰਡੀਗੜ੍ਹ ਤੋਂ ਪੁਣੇ ਅਤੇ ਬੈਂਗਲੁਰੂ ਲਈ ਨਵੀਆਂ ਡਾਇਰੈਕਟ ਫਲਾਈਟਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੇਸ਼ ਦੇ ਵੱਡੇ ਸ਼ਹਿਰਾਂ ਲਈ ਹਵਾਈ ਕਨੈਕਟਿਵਿਟੀ ਹੋਰ ਮਜ਼ਬੂਤ ਹੋਵੇਗੀ। ਏਅਰਲਾਈਨ ਨੇ ਇਨ੍ਹਾਂ ਉਡਾਣਾਂ ਲਈ ਬੁਕਿੰਗ ਵੀ ਖੋਲ੍ਹ ਦਿੱਤੀ ਹੈ।
ਏਅਰ ਇੰਡੀਆ ਐਕਸਪ੍ਰੈਸ ਚੰਡੀਗੜ੍ਹ ਅਤੇ ਪੁਣੇ ਵਿਚਕਾਰ ਰੋਜ਼ਾਨਾ ਉਡਾਣ ਚਲਾਏਗੀ। ਇਹ ਫਲਾਈਟ ਰਾਤ 12:45 ਵਜੇ ਚੰਡੀਗੜ੍ਹ ਤੋਂ ਉਡਾਣ ਭਰੇਗੀ ਅਤੇ ਸਵੇਰੇ ਕਰੀਬ 3:10 ਵਜੇ ਪੁਣੇ ਪਹੁੰਚੇਗੀ।ਵਾਪਸੀ ਦੌਰਾਨ ਜਹਾਜ਼ ਤੜਕੇ 3:45 ਵਜੇ ਪੁਣੇ ਤੋਂ ਉਡੇਗਾ ਅਤੇ ਸਵੇਰੇ 6:05 ਵਜੇ ਚੰਡੀਗੜ੍ਹ ਪਹੁੰਚੇਗਾ।
ਹਵਾਈ ਅੱਡੇ ਦੇ ਅਧਿਕਾਰੀਆਂ ਦੇ ਅਨੁਸਾਰ ਇਹ ਗਰਮੀਆਂ ਦੇ ਸ਼ਡਿਊਲ ਦੇ ਤਹਿਤ ਚੰਡੀਗੜ੍ਹ ਹਵਾਈ ਅੱਡੇ ਤੋਂ ਅੱਧੀ ਰਾਤ ਤੋਂ ਬਾਅਦ ਚੱਲਣ ਵਾਲੀ ਪਹਿਲੀ ਨਿਯਮਤ ਫਲਾਈਟ ਹੋਵੇਗੀ। ਇਸ ਨਾਲ ਦੇਰ ਰਾਤ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਬਹੁਤ ਸਹੂਲਤ ਮਿਲੇਗੀ।
ਬੈਂਗਲੁਰੂ ਲਈ ਵਧੇਗੀ ਕਨੈਕਟਿਵਿਟੀ
ਚੰਡੀਗੜ੍ਹ ਅਤੇ ਬੰਗਲੁਰੂ ਵਿਚਕਾਰ ਵੀ ਹਵਾਈ ਸੇਵਾ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਨਵੀਂ ਫਲਾਈਟ ਸਵੇਰੇ 6:40 ਵਜੇ ਚੰਡੀਗੜ੍ਹ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 9:55 ਵਜੇ ਕੇਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡਾ ਟਰਮੀਨਲ-2 ‘ਤੇ ਪਹੁੰਚੇਗੀ। ਵਾਪਸੀ ਦੌਰਾਨ ਇਹ ਫਲਾਈਟ ਰਾਤ 9:15 ਵਜੇ ਬੈਂਗਲੁਰੂ ਤੋਂ ਉਡੇਗੀ ਅਤੇ ਰਾਤ 12:15 ਵਜੇ ਚੰਡੀਗੜ੍ਹ ਪਹੁੰਚੇਗੀ।
ਹੁਣ 5 ਨਾਨ-ਸਟਾਪ ਫਲਾਈਟਾਂ
ਨਵੀਂ ਸੇਵਾ ਸ਼ੁਰੂ ਹੋਣ ਤੋਂ ਬਾਅਦ ਚੰਡੀਗੜ੍ਹ ਅਤੇ ਬੈਂਗਲੁਰੂ ਵਿਚਕਾਰ ਹਰ ਰੋਜ਼ ਕੁੱਲ 5 ਨਾਨ-ਸਟਾਪ ਫਲਾਈਟਾਂ ਚੱਲਣਗੀਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਯਾਤਰੀਆਂ ਦੀ ਵਧ ਰਹੀ ਗਿਣਤੀ ਨੂੰ ਸੰਭਾਲਣ ਵਿੱਚ ਮਦਦ ਮਿਲੇਗੀ। ਇਨ੍ਹਾਂ ਨਵੀਆਂ ਉਡਾਣਾਂ ਦਾ ਸਭ ਤੋਂ ਵੱਧ ਲਾਭ IT ਸੈਕਟਰ, ਸਿੱਖਿਆ, ਕਾਰੋਬਾਰ ਅਤੇ ਟੂਰਿਜ਼ਮ ਨਾਲ ਜੁੜੇ ਯਾਤਰੀਆਂ ਨੂੰ ਮਿਲੇਗਾ। ਹੁਣ ਯਾਤਰੀਆਂ ਕੋਲ ਯਾਤਰਾ ਲਈ ਹੋਰ ਵਧੇਰੇ ਵਿਕਲਪ ਉਪਲਬਧ ਹੋਣਗੇ।
ਦੱਸ ਦੇਈਏ ਕਿ ਫਿਲਹਾਲ ਚੰਡੀਗੜ੍ਹ ਅਤੇ ਪੁਣੇ ਵਿਚਕਾਰ ਸਿਰਫ਼ IndiGo ਦੀ ਇੱਕ ਸਿੱਧੀ ਫਲਾਈਟ ਚੱਲਦੀ ਹੈ। ਏਅਰ ਇੰਡੀਆ ਐਕਸਪ੍ਰੈਸ ਦੀ ਨਵੀਂ ਸੇਵਾ ਸ਼ੁਰੂ ਹੋਣ ਨਾਲ ਇਸ ਰੂਟ ‘ਤੇ ਮੁਕਾਬਲਾ ਵਧੇਗਾ ਅਤੇ ਯਾਤਰੀਆਂ ਨੂੰ ਹੋਰ ਸੁਵਿਧਾ ਮਿਲੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ