Indo Pak Border Curfew: ਭਾਰਤ ਅਤੇ ਪਾਕਿਸਤਾਨ ਵਿਚਾਲੇ ਇੱਕ ਵਾਰ ਫਿਰ ਤੋਂ ਤਣਾਅ ਵੱਧਦਾ ਨਜ਼ਰ ਆ ਰਿਹਾ ਹੈ। ਦੱਸ ਦੇਈਏ ਕਿ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਵਧਦੇ ਤਣਾਅ ਅਤੇ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਰਾਜਸਥਾਨ ਦੇ ਸ਼੍ਰੀਗੰਗਾਨਗਰ ਪ੍ਰਸ਼ਾਸਨ ਨੇ ਵੱਡਾ ਕਦਮ ਚੁੱਕਿਆ ਹੈ। ਇਸ ਕਦਮ ਤੋਂ ਬਾਅਦ ਲੋਕਾਂ ਵਿਚਾਲੇ ਹਾਹਾਕਾਰ ਮੱਚ ਗਿਆ ਹੈ। ਦਰਅਸਲ, ਸ਼੍ਰੀਗੰਗਾਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰੀ ਅੰਤਰਰਾਸ਼ਟਰੀ ਸੀਮਾ ‘ਤੇ ਨਾਈਟ ਕਰਫਿਊ ਵਰਗੀਆਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ।
ਸ਼ਾਮ 7:00 ਵਜੇ ਤੋਂ ਸਵੇਰੇ 6:00 ਵਜੇ ਤੱਕ ਮੁਕੰਮਲ ਪਾਬੰਦੀ
ਸਰਹੱਦ ਤੋਂ 3 ਕਿਲੋਮੀਟਰ ਦੇ ਦਾਇਰੇ ‘ਚ ਸ਼ਾਮ 7:00 ਵਜੇ ਤੋਂ ਸਵੇਰੇ 6:00 ਵਜੇ ਤੱਕ ਕਿਸੇ ਵੀ ਆਮ ਨਾਗਰਿਕ ਦੀ ਆਵਾਜਾਈ ‘ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਰਾਤ ਸਮੇਂ ਕਿਸੇ ਵੀ ਤਰ੍ਹਾਂ ਦੇ ਲਾਊਡ ਸਪੀਕਰ, ਡੀ.ਜੇ. ਜਾਂ ਪਟਾਕੇ ਚਲਾਉਣ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਸੁਰੱਖਿਆ ਏਜੰਸੀਆਂ ਨੂੰ ਸਰਹੱਦ ਪਾਰ ਤੋਂ ਹੋਣ ਵਾਲੀ ਕਿਸੇ ਵੀ ਸ਼ੱਕੀ ਹਲਚਲ ਨੂੰ ਸੁਣਨ ਅਤੇ ਦੇਖਣ ਵਿੱਚ ਦਿੱਕਤ ਨਾ ਆਵੇ।
ਕਿਸਾਨ ਦੇਣ ਧਿਆਨ
ਸਰਹੱਦੀ ਇਲਾਕਿਆਂ ਵਿੱਚ ਖੇਤੀਬਾੜੀ ਕਰਨ ਵਾਲੇ ਕਿਸਾਨਾਂ ਨੂੰ ਵੀ ਰਾਤ ਦੇ ਸਮੇਂ ਖੇਤਾਂ ਵਿੱਚ ਜਾਣ ਦੀ ਵੀ ਇਜਾਜ਼ਤ ਨਹੀਂ ਹੋਵੇਗੀ। ਦਿਨ ਵੇਲੇ ਕੰਮ ਕਰਨ ਲਈ ਵੀ ਬੀ.ਐੱਸ.ਐੱਫ ਤੋਂ ਵਿਸ਼ੇਸ਼ ਇਜਾਜ਼ਤ ਲੈਣੀ ਲਾਜ਼ਮੀ ਹੋਵੇਗੀ। ਇਹ ਹੁਕਮ ਸਿਰਫ਼ ਸ਼ਹਿਰ ਲਈ ਨਹੀਂ, ਸਗੋਂ ਪੂਰੇ ਜ਼ਿਲ੍ਹੇ ਦੇ ਸਰਹੱਦੀ ਬੈਲਟ ਲਈ ਹਨ, ਜਿਨ੍ਹਾਂ ‘ਚ ਸ਼੍ਰੀਗੰਗਾਨਗਰ, ਅਨੂਪਗੜ੍ਹ, ਘੜਸਾਨਾ, ਰਾਵਲਾ, ਰਾਏਸਿੰਘਨਗਰ, ਪਦਮਪੁਰ ਅਤੇ ਸ਼੍ਰੀਕਰਨਪੁਰ ਸ਼ਹਿਰ ਸ਼ਾਮਲ ਹਨ।
ਹਾਲਾਂਕਿ ਇਹ ਪਾਬੰਦੀਆਂ ਸੂਬਾ ਅਤੇ ਕੇਂਦਰ ਸਰਕਾਰ ਦੇ ਡਿਊਟੀ ‘ਤੇ ਤਾਇਨਾਤ ਕਰਮਚਾਰੀਆਂ, ਸੁਰੱਖਿਆ ਬਲਾਂ ਅਤੇ ਮੈਡੀਕਲ ਐਮਰਜੈਂਸੀ ਵਾਲੇ ਵਿਅਕਤੀਆਂ ‘ਤੇ ਲਾਗੂ ਨਹੀਂ ਹੋਣਗੀਆਂ। ਜ਼ਿਕਰਯੋਗ ਹੈ ਕਿ ਸੁਰੱਖਿਆ ਏਜੰਸੀਆਂ ਅਨੁਸਾਰ, ਸਰਹੱਦ ਪਾਰ ਤੋਂ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਦੀਆਂ ਕੋਸ਼ਿਸ਼ਾਂ ਵਧ ਗਈਆਂ ਹਨ। ਤੇਜ਼ ਰੌਸ਼ਨੀ ਅਤੇ ਸ਼ੋਰ-ਸ਼ਰਾਬਾ ਰਾਤ ਦੇ ਸਮੇਂ ਨਿਗਰਾਨੀ ਵਿੱਚ ਵਿਘਨ ਪਾਉਂਦੇ ਹਨ, ਜਿਸ ਕਾਰਨ ਇਹ ਸਖ਼ਤ ਕਦਮ ਚੁੱਕਿਆ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ