Bathinda Petrol Bomb Accused Arrested : ਬਠਿੰਡਾ ਪੁਲਿਸ ਨੇ ਭਾਜਪਾ ਆਗੂ ਦੇ ਕਲੀਨਿਕ ‘ਤੇ ਪੈਟਰੋਲ ਬੰਬ ਸੁੱਟਣ ਦੇ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮਾਂ ਨੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਨ੍ਹਾਂ ਦੇ ਹੱਥ-ਪੈਰ ਟੁੱਟ ਗਏ। ਇਹ ਕਾਰਵਾਈ ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਦੇ ਨਿਰਦੇਸ਼ਾਂ ‘ਤੇ ਕੀਤੀ ਗਈ।
ਪੁਲਿਸ ਜਦੋਂ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਵਾਪਸ ਲੈ ਕੇ ਆ ਰਹੀ ਸੀ ਤਾਂ ਬਠਿੰਡਾ-ਮੁਕਤਸਰ ਹਾਈਵੇ ‘ਤੇ ਉਨ੍ਹਾਂ ਨੇ ਪੇਸ਼ਾਬ ਕਰਨ ਦਾ ਬਹਾਨਾ ਬਣਾਇਆ। ਗੱਡੀ ਰੁਕਦੇ ਹੀ ਦੋਵੇਂ ਮੁਲਜ਼ਮ ਫਲਾਈਓਵਰ ਤੋਂ ਹੇਠਾਂ ਛਾਲ ਮਾਰ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗੇ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦੇ ਹੱਥ-ਪੈਰ ਟੁੱਟ ਗਏ।
ਇਸ ਤੋਂ ਬਾਅਦ ਸੀਆਈਏ ਸਟਾਫ-2 ਅਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਨੇ ਸਾਂਝਾ ਆਪਰੇਸ਼ਨ ਚਲਾ ਕੇ ਦੋਵੇਂ ਮੁਲਜ਼ਮਾਂ ਨੂੰ ਮੁੜ ਕਾਬੂ ਕਰ ਲਿਆ। ਉਨ੍ਹਾਂ ਦੀ ਪਹਿਚਾਣ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਖੁਈਆਂ ਸਰਵਰ ਦੇ ਰਹਿਣ ਵਾਲੇ ਨਾਖੁਲ ਕੁਮਾਰ ਰਾਜਪੂਤ (21) ਅਤੇ ਗੁਰਵਿੰਦਰ ਸਿੰਘ ਉਰਫ਼ ਉੱਲੀ (22) ਵਜੋਂ ਹੋਈ ਹੈ।
ਜ਼ਿਕਰਯੋਗ ਹੈ ਕਿ ਇਹ ਘਟਨਾ 22 ਜੂਨ 2026 ਦੀ ਰਾਤ ਕਰੀਬ 9:42 ਵਜੇ ਵਾਪਰੀ ਸੀ। ਟੈਗੋਰ ਨਗਰ ਦੇ ਰਹਿਣ ਵਾਲੇ ਭਾਜਪਾ ਆਗੂ ਡਾ. ਤਰਸੇਮ ਗਰਗ ਦੇ ਵਿਸ਼ਾਲ ਨਗਰ ਸਥਿਤ ਹੈਨੇਮਨ ਹੋਮਿਓ ਕਲੀਨਿਕ ‘ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਪੈਟਰੋਲ ਬੰਬ ਨਾਲ ਭਰੀ ਕੱਚ ਦੀ ਬੋਤਲ ਸੁੱਟੀ ਗਈ ਸੀ।
ਇਸ ਸਬੰਧੀ 23 ਜੂਨ ਨੂੰ ਥਾਣਾ ਕੋਤਵਾਲੀ ਬਠਿੰਡਾ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਸ਼ਿਕਾਇਤਕਰਤਾ ਦੀ ਪਤਨੀ ਦੇ ਬਿਆਨਾਂ ਦੇ ਆਧਾਰ ‘ਤੇ ਸ਼ਹਿਜ਼ਾਦ ਭੱਟੀ ਨਾਮਕ ਵਿਅਕਤੀ ਨੂੰ ਵੀ ਨਾਮਜ਼ਦ ਕੀਤਾ ਗਿਆ ਅਤੇ ਕੇਸ ਵਿੱਚ ਬੀਐਨਐੱਸ ਦੀ ਧਾਰਾ 113 ਜੋੜੀ ਗਈ।
ਪੁਲਿਸ ਨੇ ਕਈ ਟੀਮਾਂ ਕੀਤੀਆਂ ਗਠਿਤ
ਵਾਰਦਾਤ ਨੂੰ ਸੁਲਝਾਉਣ ਲਈ ਐਸਪੀ ਸਿਟੀ ਅਤੇ ਐਸਪੀ (ਡੀ) ਦੀ ਨਿਗਰਾਨੀ ਹੇਠ ਬਠਿੰਡਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਤਕਨੀਕੀ ਜਾਂਚ, ਸੀਸੀਟੀਵੀ ਫੁਟੇਜ ਅਤੇ ਗੁਪਤ ਸੂਚਨਾਵਾਂ ਦੇ ਆਧਾਰ ‘ਤੇ ਤਿੰਨ ਮੁਲਜ਼ਮਾਂ ਦੀ ਪਹਿਚਾਣ ਕੀਤੀ ਗਈ।
ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ
ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਤੀਜੇ ਮੁਲਜ਼ਮ ਸੰਦੀਪ ਸਿੰਘ ਨੇ ਗੁਰਵਿੰਦਰ ਸਿੰਘ ਅਤੇ ਨਾਖੁਲ ਕੁਮਾਰ ਨੂੰ 3-3 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।
ਫਿਲਹਾਲ ਫਰਾਰ ਚੱਲ ਰਹੇ ਤੀਜੇ ਮੁਲਜ਼ਮ ਸੰਦੀਪ ਸਿੰਘ (ਜ਼ਿਲ੍ਹਾ ਫਾਜ਼ਿਲਕਾ) ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਡੂੰਘੀ ਪੁੱਛਗਿੱਛ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ।
ਦਿੱਲੀ ਤੱਕ ਪੁੱਜਿਆ ਕਥਿਤ CM VIDEO ਦਾ ਮੁੱਦਾ! BJP ਨੇ ਦਿੱਤਾ ਵੱਡਾ ਬਿਆਨ