Asian Games 2026 : ਜਾਪਾਨ ਦੇ ਆਈਚੀ-ਨਾਗੋਯਾ ਵਿੱਚ ਚੱਲ ਰਹੀਆਂ 2026 ਏਸ਼ੀਅਨ ਗੇਮਜ਼ (Asian Games 2026) ਵਿੱਚ ਸ਼ੁੱਕਰਵਾਰ ਦਾ ਦਿਨ ਭਾਰਤ ਲਈ ਇਤਿਹਾਸਕ ਰਿਹਾ। ਭਾਰਤੀ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਕੋ ਦਿਨ 6 ਗੋਲਡ, 2 ਸਿਲਵਰ ਅਤੇ 2 ਕਾਂਸੀ ਦੇ ਮੈਡਲ ਜਿੱਤੇ। ਇਸ ਦੇ ਨਾਲ ਹੀ ਭਾਰਤ ਦੇ ਕੁੱਲ ਮੈਡਲਾਂ ਦੀ ਗਿਣਤੀ 76 ਹੋ ਗਈ ਹੈ।
ਭਾਰਤ ਲਈ ਦਿਨ ਦੀ ਸ਼ੁਰੂਆਤ ਆਰਚਰੀ ਨਾਲ ਹੋਈ। ਅੰਕਿਤਾ ਭਕਤ, ਕੁਮਕੁਮ ਮਹੋਦ ਅਤੇ ਕੀਰਤੀ ਸ਼ਰਮਾ ਦੀ ਤਿਕੜੀ ਨੇ ਮਹਿਲਾ ਟੀਮ ਰਿਕਰਵ ਵਿੱਚ ਗੋਲਡ ਮੈਡਲ ਜਿੱਤਿਆ। ਆਰਚਰੀ ਵਿੱਚ ਹੀ ਕੁਮਕੁਮ ਮਹੋਦ ਅਤੇ ਧੀਰਜ ਬੋਮਦੇਵਰਾ ਨੇ ਮਿਕਸਡ ਟੀਮ ਤੀਰਅੰਦਾਜ਼ੀ ਵਿੱਚ ਸਿਲਵਰ, ਜਦਕਿ ਧੀਰਜ ਬੋਮਦੇਵਰਾ, ਨੀਰਜ ਚੌਹਾਨ ਅਤੇ ਯਸ਼ਦੀਪ ਭੋਗੇ ਨੇ ਪੁਰਸ਼ ਟੀਮ ਵਿੱਚ ਸਿਲਵਰ ਮੈਡਲ ਜਿੱਤਿਆ।
ਬਾਕਸਿੰਗ ਵਿੱਚ ਵੀ ਭਾਰਤ ਦਾ ਦਬਦਬਾ ਰਿਹਾ। ਲਵਲੀਨਾ ਬੋਰਗੋਹੇਨ ਨੇ ਮਹਿਲਾ 75 ਕਿਲੋਗ੍ਰਾਮ ਵਰਗ ਅਤੇ ਪਰਵੀਨ ਹੁੱਡਾ ਨੇ ਮਹਿਲਾ 65 ਕਿਲੋਗ੍ਰਾਮ ਵਰਗ ਵਿੱਚ ਗੋਲਡ ਮੈਡਲ ਆਪਣੇ ਨਾਮ ਕੀਤਾ। ਪੁਰਸ਼ਾਂ ਵਿੱਚ 80 ਕਿਲੋਗ੍ਰਾਮ ਵਰਗ ਦੇ ਮੁਕਾਬਲੇ ਵਿੱਚ ਅੰਕੁਸ਼ ਪੰਘਾਲ ਨੇ ਵੀ ਗੋਲਡ ਮੈਡਲ ਜਿੱਤਿਆ। ਰੈਸਲਿੰਗ ਵਿੱਚ ਸੁਜੀਤ ਕਲਕਲ ਨੇ ਪੁਰਸ਼ਾਂ ਦੇ 65 ਕਿਲੋਗ੍ਰਾਮ ਵਰਗ ਵਿੱਚ ਗੋਲਡ ਮੈਡਲ ਜਿੱਤ ਕੇ ਭਾਰਤ ਦੀ ਸੋਨੇ ਦੀ ਝੋਲੀ ਹੋਰ ਭਰੀ।
ਦਿਨ ਦਾ ਸਭ ਤੋਂ ਵੱਡਾ ਪਲ ਮਹਿਲਾ ਹਾਕੀ ਵਿੱਚ ਆਇਆ। ਭਾਰਤੀ ਮਹਿਲਾ ਹਾਕੀ ਟੀਮ ਨੇ ਚੀਨ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ। ਇਸ ਨੂੰ ਏਸ਼ੀਅਨ ਗੇਮਜ਼ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦਾ ਪਹਿਲਾ ਗੋਲਡ ਮੈਡਲ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਨੇਤਰਾ ਕੁਮਾਨਨ ਨੇ ਸੇਲਿੰਗ ਵਿੱਚ ਕਾਂਸੀ ਅਤੇ ਭਾਰਤੀ ਸੇਪਕਟਕਰਾ ਟੀਮ ਨੇ ਪੁਰਸ਼ ਕੁਆਡਰੇਟ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਇਸ ਤਰ੍ਹਾਂ ਭਾਰਤ ਨੇ ਸ਼ੁੱਕਰਵਾਰ ਨੂੰ ਕੁੱਲ 10 ਮੈਡਲ ਆਪਣੇ ਨਾਮ ਕੀਤੇ।
ਅੱਜ ਭਾਰਤ ਦੇ ਮੈਡਲ ਜੇਤੂ
* ਅੰਕਿਤਾ ਭਕਤ, ਕੁਮਕੁਮ ਮਹੋਦ, ਕੀਰਤੀ ਸ਼ਰਮਾ — ਆਰਚਰੀ, ਮਹਿਲਾ ਟੀਮ ਤੀਰਅੰਦਾਜ਼ੀ—ਗੋਲਡ
* ਕੁਮਕੁਮ ਮਹੋਦ, ਧੀਰਜ ਬੋਮਦੇਵਰਾ — ਆਰਚਰੀ, ਮਿਕਸਡ ਟੀਮ ਤੀਰਅੰਦਾਜ਼ੀ —ਸਿਲਵਰ
* ਨੇਤਰਾ ਕੁਮਾਨਨ — ਸੇਲਿੰਗ, ਮਹਿਲਾ ਡਿੰਘੀ — ਕਾਂਸੀ
* ਲਵਲੀਨਾ ਬੋਰਗੋਹੇਨ — ਬਾਕਸਿੰਗ, ਮਹਿਲਾ 75 ਕਿਲੋਗ੍ਰਾਮ — ਗੋਲਡ
* ਧੀਰਜ ਬੋਮਦੇਵਰਾ, ਨੀਰਜ ਚੌਹਾਨ, ਯਸ਼ਦੀਪ ਭੋਗੇ — ਆਰਚਰੀ, ਪੁਰਸ਼ ਟੀਮ — ਸਿਲਵਰ
* ਭਾਰਤੀ ਟੀਮ — ਸੇਪਕਟਕਰਾ, ਪੁਰਸ਼ ਕੁਆਡਰੇਟ — ਕਾਂਸੀ
* ਪਰਵੀਨ ਹੁੱਡਾ — ਬਾਕਸਿੰਗ, ਮਹਿਲਾ 65 ਕਿਲੋਗ੍ਰਾਮ — ਗੋਲਡ
* ਅੰਕੁਸ਼ ਪੰਘਾਲ — ਬਾਕਸਿੰਗ, ਪੁਰਸ਼ 80 ਕਿਲੋਗ੍ਰਾਮ — ਗੋਲਡ
* ਸੁਜੀਤ ਕਲਕਲ — ਰੈਸਲਿੰਗ, ਪੁਰਸ਼ 65 ਕਿਲੋਗ੍ਰਾਮ — ਗੋਲਡ
* ਭਾਰਤੀ ਮਹਿਲਾ ਹਾਕੀ ਟੀਮ — ਗੋਲਡ
ਸ਼ਨੀਵਾਰ ਨੂੰ ਭਾਰਤੀ ਕ੍ਰਿਕਟ ਟੀਮ ਕੋਲ ਵੀ ਗੋਲਡ ਮੈਡਲ ਜਿੱਤਣ ਦਾ ਮੌਕਾ ਹੋਵੇਗਾ, ਜਿੱਥੇ ਫਾਈਨਲ ਵਿੱਚ ਉਸ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ।