Air Force ਦਾ ਜਵਾਨ ਨਿਕਲਿਆ ਅਫੀਮ ਤਸਕਰ , ਬਰਨਾਲਾ ਪੁਲਿਸ ਨੇ 3 ਕਿਲੋ ਅਫੀਮ ਸਮੇਤ ਕੀਤਾ ਕਾਬੂ, ਮੋਹਾਲੀ 'ਚ ਸੀ ਤਾਇਨਾਤ

Must read


Air Force jawan arrested : ਬਰਨਾਲਾ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਭਾਰਤੀ ਹਵਾਈ ਫੌਜ (ਏਅਰ ਫੋਰਸ) ਦੇ ਇੱਕ ਜਵਾਨ ਨੂੰ 3 ਕਿਲੋਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਕੀਤੀ ਗਈ ਸਖ਼ਤ ਪੁੱਛਗਿੱਛ ਦੌਰਾਨ ਜਦੋਂ ਮੁਲਜ਼ਮ ਦੀ ਅਸਲੀ ਪਛਾਣ ਸਾਹਮਣੇ ਆਈ ਤਾਂ ਪੁਲਿਸ ਪ੍ਰਸ਼ਾਸਨ ਦੇ ਨਾਲ-ਨਾਲ ਹੋਰ ਜਾਂਚ ਏਜੰਸੀਆਂ ਵੀ ਚੌਕਸ ਹੋ ਗਈਆਂ। ਹੁਣ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਦੇਸ਼ ਦੀ ਸੁਰੱਖਿਆ ਲਈ ਤਾਇਨਾਤ ਇੱਕ ਜਵਾਨ ਇਸ ਗੈਰਕਾਨੂੰਨੀ ਧੰਦੇ ਵਿੱਚ ਕਿਵੇਂ ਸ਼ਾਮਲ ਹੋਇਆ।

ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਭਦੌੜ ਥਾਣੇ ਦੇ ਐਸਐਚਓ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਲਾਕੇ ਵਿੱਚ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਆਉਣ ਬਾਰੇ ਗੁਪਤ ਸੂਚਨਾ ਮਿਲੀ ਸੀ। ਇਸ ਦੇ ਆਧਾਰ ‘ਤੇ ਪੁਲਿਸ ਨੇ ਖ਼ਾਸ ਨਾਕਾਬੰਦੀ ਕੀਤੀ ਅਤੇ ਸ਼ੱਕੀ ਹਾਲਾਤਾਂ ਵਿੱਚ ਘੁੰਮ ਰਹੇ ਸਿਮਰਤਪਾਲ ਸਿੰਘ ਨਾਮਕ ਨੌਜਵਾਨ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਕੋਲੋਂ 3 ਕਿਲੋ ਅਫੀਮ ਬਰਾਮਦ ਹੋਈ।

ਸ਼ੁਰੂਆਤ ਵਿੱਚ ਪੁਲਿਸ ਨੂੰ ਕਰਦਾ ਰਿਹਾ ਗੁੰਮਰਾਹ

ਥਾਣਾ ਮੁਖੀ ਦੇ ਅਨੁਸਾਰ ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮ ਨੇ ਆਪਣੀ ਪਛਾਣ ਲੁਕਾਉਣ ਅਤੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਪੁਲਿਸ ਨੇ ਪੇਸ਼ੇਵਰ ਢੰਗ ਨਾਲ ਡੂੰਘੀ ਪੁੱਛਗਿੱਛ ਕੀਤੀ ਤਾਂ ਉਸ ਨੇ ਸੱਚ ਕਬੂਲ ਕਰ ਲਿਆ। ਸਿਮਰਤਪਾਲ ਸਿੰਘ ਨੇ ਦੱਸਿਆ ਕਿ ਉਹ ਭਾਰਤੀ ਹਵਾਈ ਫੌਜ ਵਿੱਚ ਜਵਾਨ ਵਜੋਂ ਤਾਇਨਾਤ ਹੈ ਅਤੇ ਇਸ ਸਮੇਂ ਮੋਹਾਲੀ ਸਥਿਤ ਏਅਰ ਫੋਰਸ ਸਟੇਸ਼ਨ ‘ਤੇ ਡਿਊਟੀ ਕਰ ਰਿਹਾ ਹੈ। ਉਹ ਅਸਲ ਵਿੱਚ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ।

ਪੂਰੇ ਨਸ਼ਾ ਰੈਕਟ ਦੀ ਜਾਂਚ ਵਿੱਚ ਜੁਟੀ ਪੁਲਿਸ

ਏਅਰ ਫੋਰਸ ਦੇ ਜਵਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸ ਮਾਮਲੇ ਦੀ ਗੰਭੀਰਤਾ ਹੋਰ ਵੱਧ ਗਈ ਹੈ। ਐਸਐਚਓ ਹਰਸਿਮਰਨਜੀਤ ਸਿੰਘ ਨੇ ਕਿਹਾ ਕਿ ਹੁਣ ਜਾਂਚ ਦਾ ਦਾਇਰਾ ਵਧਾ ਦਿੱਤਾ ਗਿਆ ਹੈ। ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਇਹ ਪਤਾ ਲਗਾ ਰਹੀ ਹੈ ਕਿ ਮੁਲਜ਼ਮ ਇੰਨੀ ਵੱਡੀ ਮਾਤਰਾ ਵਿੱਚ ਅਫੀਮ ਕਿੱਥੋਂ ਲੈ ਕੇ ਆਇਆ ਸੀ ਅਤੇ ਬਰਨਾਲਾ ਵਿੱਚ ਇਸ ਦੀ ਸਪਲਾਈ ਕਿਸ ਨੂੰ ਕੀਤੀ ਜਾਣੀ ਸੀ।

ਮੋਬਾਈਲ ਰਿਕਾਰਡ ਅਤੇ ਬੈਂਕ ਖਾਤਿਆਂ ਦੀ ਜਾਂਚ ਸ਼ੁਰੂ

ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਨਸ਼ਾ ਤਸਕਰੀ ਮਾਮਲੇ ਪਿੱਛੇ ਕਿਸੇ ਵੱਡੇ ਅੰਤਰਰਾਜੀ ਗਿਰੋਹ ਜਾਂ ਸਿੰਡਿਕੇਟ ਦਾ ਹੱਥ ਹੋ ਸਕਦਾ ਹੈ। ਇਸ ਪੂਰੇ ਨੈੱਟਵਰਕ ਦੇ ਮੁੱਖ ਸਰਗਨੇ ਤੱਕ ਪਹੁੰਚਣ ਲਈ ਪੁਲਿਸ ਮੁਲਜ਼ਮ ਦੀਆਂ ਕਾਲ ਡੀਟੇਲਾਂ (CDR) ਅਤੇ ਬੈਂਕ ਖਾਤਿਆਂ ਦੇ ਲੈਣ-ਦੇਣ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਇਸ ਮਾਮਲੇ ਵਿੱਚ ਹੋਰ ਵੀ ਹੈਰਾਨ ਕਰਨ ਵਾਲੇ ਖੁਲਾਸੇ ਹੋ ਸਕਦੇ ਹਨ ਅਤੇ ਵੱਡੇ ਨਸ਼ਾ ਤਸਕਰ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ।



News Source link

- Advertisement -

More articles

- Advertisement -

Latest article