Veteran Actor Sowcar Janaki Death : ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਸਿਨੇਮਾ ਵਿੱਚ ਕੰਮ ਕਰ ਚੁੱਕੀ ਦਿੱਗਜ ਅਦਾਕਾਰਾ ਸੌਕਾਰ ਜਾਨਕੀ ਦੇ ਦੇਹਾਂਤ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਉਹ 94 ਸਾਲਾਂ ਦੀ ਸਨ ਅਤੇ ਉਨ੍ਹਾਂ ਨੂੰ ਬੀਤੇ ਦਿਨ ਹੀ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਚੇਨਈ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਉਹ ਉਮਰ ਨਾਲ ਸਬੰਧਤ ਬਿਮਾਰੀ ਨਾਲ ਜੂਝ ਰਹੀ ਸਨ। ਨਾਦਿਗਰ ਸੰਗਮ ਦੇ ਪ੍ਰਧਾਨ ਨਾਸਰ ਨੇ ਉਨ੍ਹਾਂ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਨਾਦਿਗਰ ਸੰਗਮ ਦੇ ਪ੍ਰਧਾਨ ਨਾਸਰ ਨੇ 21 ਅਗਸਤ ਨੂੰ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਦਿੱਗਜ ਅਦਾਕਾਰਾ ਸੌਕਾਰ ਜਾਨਕੀ (94) ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਬਿਆਨ ਮੁਤਾਬਕ, ਸ਼ੁੱਕਰਵਾਰ ਦੁਪਹਿਰ 1:59 ਵਜੇ ਉਨ੍ਹਾਂ ਦੀ ਮੌਤ ਹੋਈ। ਉਨ੍ਹਾਂ ਦੀ ਮ੍ਰਿਤਕ ਦੇਹ ਸ਼ਾਮ 5 ਵਜੇ ਤੋਂ ਸੈਂਟੋਫ ਰੋਡ, ਤੇਨਾਮਪੇਟ ਵਿੱਚ ਅੰਤਿਮ ਦਰਸ਼ਨਾਂ ਲਈ ਰੱਖੀ ਜਾਵੇਗੀ। ਅਦਾਕਾਰ ਕਾਇਲ ਦੇਵਰਾਜ ਨੇ ਵੀ ਸੌਕਾਰ ਜਾਨਕੀ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਕਿ ਨਾਦਿਗਰ ਸੰਗਮ ਦੇ ਮੈਂਬਰ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਪਹੁੰਚ ਰਹੇ ਹਨ।
ਸੌਕਾਰ ਜਾਨਕੀ ਬਾਰੇ
ਸੌਕਾਰ ਜਾਨਕੀ ਦਾ ਅਸਲੀ ਨਾਮ ਸ਼ੰਕਰਮੰਚੀ ਜਾਨਕੀ ਸੀ। ਉਨ੍ਹਾਂ ਦਾ ਜਨਮ ਇੱਕ ਕੰਨੜ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦਾ ਵਿਆਹ ਛੋਟੀ ਉਮਰ ਵਿੱਚ ਹੀ ਹੋ ਗਿਆ ਸੀ। ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਰੇਡੀਓ ਜਾਕੀ ਵਜੋਂ ਵੀ ਕੰਮ ਕੀਤਾ। ਸਾਲ 1947 ਵਿੱਚ ਉਨ੍ਹਾਂ ਦਾ ਵਿਆਹ ਸ਼ੰਕਰਮੰਚੀ ਸ਼੍ਰੀਨਿਵਾਸ ਰਾਓ ਨਾਲ ਹੋਇਆ ਸੀ। ਉਨ੍ਹਾਂ ਨੇ ਗਰਭਵਤੀ ਹੋਣ ਦੌਰਾਨ ਆਪਣੀ ਦਸਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਬਾਅਦ ਵਿੱਚ ਉਨ੍ਹਾਂ ਨੇ ਅਸਮ ਯੂਨੀਵਰਸਿਟੀ, ਗੁਹਾਟੀ ਤੋਂ ਗ੍ਰੈਜੂਏਸ਼ਨ ਵੀ ਕੀਤੀ। ਉਨ੍ਹਾਂ ਦੇ ਦੋ ਧੀਆਂ ਅਤੇ ਇੱਕ ਪੁੱਤਰ ਹਨ—ਯਾਗਨਾ ਪ੍ਰਭਾ ਕੋਟੇ, ਵੈਂਕਟਰਮਨ ਸ਼ੰਕਰਮੰਚੀ ਅਤੇ ਸਚੀ ਰਾਓ।
ਸੌਕਾਰ ਜਾਨਕੀ ਦਾ ਫ਼ਿਲਮੀ ਕਰੀਅਰ
ਸੌਕਾਰ ਜਾਨਕੀ ਨੇ ਸਾਲ 1950 ਵਿੱਚ ਤੇਲਗੂ ਫ਼ਿਲਮ ‘ਸ਼ਾਵੁਕਾਰੂ’ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫ਼ਿਲਮ ਦਾ ਨਿਰਦੇਸ਼ਨ ਐਲ.ਵੀ. ਪ੍ਰਸਾਦ ਨੇ ਕੀਤਾ ਸੀ। ਉਨ੍ਹਾਂ ਨੇ ਸਾਲ 1952 ਵਿੱਚ ਤਾਮਿਲ ਸਿਨੇਮਾ ਵਿੱਚ ‘ਵਲਯਪਤੀ’ ਨਾਲ ਡੈਬਿਊ ਕੀਤਾ। ਆਪਣੇ ਲੰਬੇ ਕਰੀਅਰ ਦੌਰਾਨ ਉਨ੍ਹਾਂ ਨੇ ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਫ਼ਿਲਮਾਂ ਵਿੱਚ ਕੰਮ ਕੀਤਾ।
ਸਾਲ 1959 ਵਿੱਚ ਉਨ੍ਹਾਂ ਨੇ ਅਦਾਕਾਰ ਡਾ. ਰਾਜਕੁਮਾਰ ਨਾਲ ਕੰਨੜ ਸਿਨੇਮਾ ਦੀ ਪਹਿਲੀ ਪੈਨ-ਇੰਡੀਆ ਫ਼ਿਲਮਾਂ ਵਿੱਚੋਂ ਇੱਕ ‘ਮਹਿਸ਼ਾਸੁਰ ਮਰਦਿਨੀ’ ਵਿੱਚ ਕੰਮ ਕੀਤਾ ਸੀ।