ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਦੀ ਕੋਠੀ ਨੇਡ਼ੇ ਖੁੱਲ੍ਹੇ ਆਸਮਾਨ ਹੇਠ ਗੁਜ਼ਾਰੀ ਰਾਤ

Must read


ਗੁਰਦੀਪ ਸਿੰਘ ਲਾਲੀ
ਸੰਗਰੂਰ, 15 ਦਸੰਬਰ
ਮੁੱਖ ਮੰਤਰੀ ਦੀ ਕੋਠੀ ਨੇੜੇ ਮੋਰਚੇ ’ਤੇ ਡਟੇ ਸੈਂਕੜੇ ਕੰਪਿਊਟਰ ਅਧਿਆਪਕਾਂ ਨੇ ਮਹਿਲਾਵਾਂ ਸਣੇ ਠੰਢ ਦੇ ਬਾਵਜੂਦ ਸੜਕ ’ਤੇ ਬਿਸਤਰੇ ਲਗਾ ਕੇ ਖੁੱਲ੍ਹੇ ਆਸਮਾਨ ਹੇਠ ਰਾਤ ਗੁਜ਼ਾਰੀ। ਸੜਕ ’ਤੇ ਮੋਰਚਾ ਲਗਾ ਕੇ ਡਟੇ ਕੰਪਿਊਟਰ ਅਧਿਆਪਕਾਂ ਨੇ ਐਲਾਨ ਕੀਤਾ ਕਿ ਵਿੱਤ ਮੰਤਰੀ ਵੱਲੋਂ ਠੱਪ ਕੀਤੇ ਮਹਿੰਗਾਈ ਭੱਤੇ (ਡੀਏ) ਨੂੰ 12 ਦਸੰਬਰ ਤੱਕ ਬਹਾਲ ਕਰਨ ਦੇ ਕੀਤੇ ਵਾਅਦੇ ਨੂੰ ਲਾਗੂ ਕਰਵਾ ਕੇ ਹੀ ੳੁਹ ਘਰਾਂ ਨੂੰ ਪਰਤਣਗੇ। ਕੰਪਿਊਟਰ ਅਧਿਆਪਕਾਂ ਨੇ ਦੋਸ਼ ਲਾਇਆ ਕਿ ਬੀਤੀ ਰਾਤ ਪ੍ਰਸ਼ਾਸਨ ਵੱਲੋਂ ਰਾਤ ਗੁਜ਼ਾਰਨ ਲਈ ਟੈਂਟ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿਸ ਕਾਰਨ ਸੈਂਕੜੇ ਅਧਿਆਪਕ ਖੁੱਲ੍ਹੇ ਆਸਮਾਨ ਹੇਠ ਡਟੇ ਹੋਏ ਹਨ। ਜ਼ਿਕਰਯੋਗ ਹੈ ਕਿ ਲੰਘੇ ਦਿਨ ਸੰਘਰਸ਼ ਕਮੇਟੀ ਦੇ ਝੰਡੇ ਹੇਠ ਕੰਪਿਊਟਰ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਨੇੜੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਗਈ ਜਦੋਂਕਿ ਡੀਸੀ ਦਫ਼ਤਰ ਅੱਗੇ 106 ਦਿਨਾਂ ਤੋਂ ਲੜੀਵਾਰ ਭੁੱਖ ਹੜਤਾਲ ਵੀ ਜਾਰੀ ਹੈ। ਰੈਲੀ ਦੌਰਾਨ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਜਦੋਂ ਤੱਕ ਡੀਏ ਬਹਾਲ ਕਰਨ ਦਾ ਪੱਤਰ ਜਾਰੀ ਨਹੀਂ ਹੁੰਦਾ, ਉਦੋਂ ਤੱਕ ਕੰਪਿਊਟਰ ਅਧਿਆਪਕ ਵਾਪਸ ਨਹੀਂ ਜਾਣਗੇ। ਰਾਤ ਤੱਕ ਪ੍ਰਸ਼ਾਸਨ ਨਾਲ ਗੱਲ ਚੱਲਦੀ ਰਹੀ ਪਰ ਡੀਏ ਦੀ ਬਹਾਲੀ ਵਾਲਾ ਪੱਤਰ ਜਾਰੀ ਨਹੀਂ ਹੋਇਆ। ਇਸ ਮੌਕੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਪਰਮਵੀਰ ਸਿੰਘ ਪੰਮੀ, ਜੋਨੀ ਸਿੰਗਲਾ, ਪ੍ਰਦੀਪ ਕੁਮਾਰ ਮਲੂਕਾ, ਰਾਜਵੰਤ ਕੌਰ ਅਤੇ ਨਰਦੀਪ ਸ਼ਰਮਾ ਨੇ ਦੱਸਿਆ ਕਿ 5 ਨਵੰਬਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਟਿੰਗ ਦੌਰਾਨ ਡੀਏ ਬਹਾਲ ਕਰ ਕੇ ਫ਼ੌਰੀ ਰਾਹਤ ਦੇਣ ਦਾ ਵਾਅਦਾ ਕੀਤਾ ਸੀ। ਪੱਤਰ ਲਾਗੂ ਨਾ ਹੋਣ ’ਤੇ 24 ਨਵੰਬਰ ਨੂੰ ਸੰਗਰੂਰ ’ਚ ਰੈਲੀ ਕੀਤੀ ਗੲੀ। ਇਸ ਦੌਰਾਨ ਡਿਊਟੀ ਮੈਜਿਸਟਰੇਟ ਵੱਲੋਂ ਸਰਕਾਰ ਨਾਲ ਗੱਲਬਾਤ ਕਰ ਕੇ 12 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਪੱਤਰ ਜਾਰੀ ਨਾ ਹੋਇਆ। ਕੱਲ੍ਹ ਰੈਲੀ ਦੌਰਾਨ ਪ੍ਰਸ਼ਾਸਨ ਨੇ ਵਿੱਤ ਮੰਤਰੀ ਨਾਲ ਗੱਲ ਕਰਨ ਤੋਂ ਬਾਅਦ ਸੋਮਵਾਰ/ਮੰਗਲਵਾਰ ਤੱਕ ਫਾਈਲ ਕਲੀਅਰ ਕਰਨ ਦਾ ਨਵਾਂ ਭਰੋਸਾ ਦਿੱਤਾ। ਆਗੂਆਂ ਨੇ ਦੱਸਿਆ ਕਿ ਡੀਏ ਦੀ ਬਹਾਲੀ ਵਾਲਾ ਪੱਤਰ ਜਾਰੀ ਹੋਣ ਤੱਕ ਕੰਪਿਊਟਰ ਅਧਿਆਪਕ ਮੁੱਖ ਮੰਤਰੀ ਦੀ ਕੋਠੀ ਨੇੜੇ ਮੋਰਚੇ ’ਤੇ ਦਿਨ-ਰਾਤ ਡਟੇ ਰਹਿਣਗੇ।
ਉਨ੍ਹਾਂ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਕਿ ਜਿਸ ਦੇ ਰਾਜ ਵਿੱਚ ਅਧਿਆਪਕਾਂ ਨੂੰ ਸਰਦੀ ਦੇ ਮੌਸਮ ਵਿੱਚ ਖੁੱਲ੍ਹੇ ਆਸਮਾਨ ਹੇਠ ਰਾਤਾਂ ਕੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ 22 ਦਸੰਬਰ ਤੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਜਾਵੇਗਾ। ਅੰਦੋਲਨਕਾਰੀ ਮੰਗ ਕਰ ਰਹੇ ਹਨ ਕਿ ਰੈਗੂਲਰ ਆਰਡਰਾਂ ’ਚ ਦਰਜ ਸਾਰੇ ਲਾਭ ਦਿੱਤੇ ਜਾਣ, ਛੇਵੇਂ ਪੇਅ ਕਮਿਸ਼ਨ ਦੇ ਲਾਭ ਦਿੱਤੇ ਜਾਣ ਅਤੇ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ।

The post ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਦੀ ਕੋਠੀ ਨੇਡ਼ੇ ਖੁੱਲ੍ਹੇ ਆਸਮਾਨ ਹੇਠ ਗੁਜ਼ਾਰੀ ਰਾਤ appeared first on Punjabi Tribune.



News Source link

- Advertisement -

More articles

- Advertisement -

Latest article