ਰਮਨਦੀਪ ਸਿੰਘ
ਰਾਮਪੁਰਾ ਫੂਲ, 15 ਦਸੰਬਰ
ਪੰਜਾਬ ਦੀਆਂ ਪੰਜ ਗਰਾਮ ਪੰਚਾਇਤਾਂ ਨੂੰ ਬਿਹਤਰ ਕਾਰਗੁਜ਼ਾਰੀ ਲਈ ਕੌਮੀ ਪੰਚਾਇਤ ਪੁਰਸਕਾਰ ਸਮਾਰੋਹ ’ਚ ਸ਼ਾਬਾਸ਼ ਮਿਲੀ ਹੈ। ਬੇਸ਼ੱਕ ਇਹ ਪੰਚਾਇਤਾਂ ਕੌਮੀ ਪੁਰਸਕਾਰ ਤੋਂ ਖੁੰਝ ਗਈਆਂ ਹਨ ਪਰ ਕੇਂਦਰੀ ਪੰਚਾਇਤ ਮੰਤਰਾਲੇ ਨੇ ਇਨ੍ਹਾਂ ਪੰਚਾਇਤਾਂ ਦੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ ਹੈ।
ਕੇਂਦਰੀ ਪੰਚਾਇਤ ਮੰਤਰਾਲੇ ਵੱਲੋਂ ਸੂਬਿਆਂ ਦੀ ਬਣਾਈ ਗਈ ਮੈਰਿਟ ਵਿੱਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲ੍ਹੋ ਦੀ ਪੰਚਾਇਤ ਨੇ ਵਧੀਆ ਸਥਾਨ ਹਾਸਲ ਕੀਤਾ ਹੈ। ਲੰਘੇ ਦਿਨੀਂ ਦਿੱਲੀ ਵਿੱਚ ਹੋਏ ਕੌਮੀ ਪੰਚਾਇਤ ਪੁਰਸਕਾਰ ਸਮਾਰੋਹ ਲਈ ਪੰਜਾਬ ਦੀਆਂ ਪੰਜ ਪੰਚਾਇਤਾਂ ਨੂੰ ਉਚੇਚੇ ਤੌਰ ’ਤੇ ਸੱਦਿਆ ਗਿਆ ਸੀ। ਪਿੰਡ ਬੱਲ੍ਹੋ ਦੀ ਸਰਪੰਚ ਅਮਰਜੀਤ ਕੌਰ ਨੇ ਦਿੱਲੀ ਸਮਾਰੋਹ ’ਚ ਸ਼ਮੂਲੀਅਤ ਕੀਤੀ। ਉਨ੍ਹਾਂ ਸਣੇ ਪੰਜਾਬ ਤੋਂ ਪੰਜ ਸਰਪੰਚ ਅਤੇ ਪੰਜ ਸਬੰਧਤ ਵੀਡੀਓ ਵੀ ਸ਼ਾਮਲ ਹੋਏ। ਕੇਂਦਰੀ ਪੰਚਾਇਤ ਮੰਤਰੀ ਨੇ ਇਨ੍ਹਾਂ ਸਰਪੰਚਾਂ ਨੂੰ ਚੰਗੇ ਕੰਮ ਲਈ ਥਾਪੜਾ ਦਿੱਤਾ। ਵੀਡੀਓ ਪਰਮਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਿੰਡ ਬੱਲ੍ਹੋ ਦੀ ਪੰਚਾਇਤ ਨੇ ਸਾਲ 2022-23 ਦੇ ਰਿਕਾਰਡ ਦੇ ਮੁਲਾਂਕਣ ਵਿੱਚ ਨੌਂ ਥੀਮਾਂ ’ਚੋਂ ਤਿੰਨ ਵਿੱਚ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪੇਂਡੂ ਵਿਕਾਸ ਮੰਤਰਾਲੇ ਵੱਲੋਂ ਮੈਰਿਟ ’ਚ ਆਈਆਂ ਕੁੱਲ 31 ਪੰਚਾਇਤਾਂ ਦੀ ਵੈਰੀਫਿਕੇਸ਼ਨ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਇਸ ਸਮਾਗਮ ਲਈ ਪੰਜਾਬ ’ਚੋਂ ਬੱਲ੍ਹੋ ਦੀ ਪੰਚਾਇਤ ਤੋਂ ਇਲਾਵਾ ਮੁਹਾਲੀ ਜ਼ਿਲ੍ਹੇ ਦੇ ਪਿੰਡ ਸਮਗੋਲੀ, ਫ਼ਤਹਿਗੜ੍ਹ ਸਾਹਿਬ ਦੇ ਪਿੰਡ ਫੈਜ਼ੁਲਾਪੁਰ ਤੇ ਸੰਘੋਲ, ਮਾਨਸਾ ਦੇ ਪਿੰਡ ਰਿਉਂਦ ਕਲਾਂ ਦੇ ਸਰਪੰਚਾਂ ਨੇ ਵੀ ਸ਼ਮੂਲੀਅਤ ਕੀਤੀ। ਪਿੰਡ ਬੱਲ੍ਹੋ ਦੀ ਪੰਚਾਇਤ ਨੂੰ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰੀ ਸਨਮਾਨ ਮਿਲ ਚੁੱਕਾ ਹੈ।