35.7 C
Patiāla
Friday, May 10, 2024

ਵਿਦਿਆਰਥੀ ਯੂਨੀਅਨਾਂ ਵੱਲੋਂ ਚੋਣ ਮਨੋਰਥ ਪੱਤਰ ਜਾਰੀ

Must read


ਪੱਤਰ ਪ੍ਰੇਰਕ

ਨਵੀਂ ਦਿੱਲੀ, 18 ਸਤੰਬਰ

ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੂਸੂ) ਦੀਆਂ 22 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਏਬੀਵੀਪੀ ਤੇ ਐਨਐੱਸਯੂਆਈ ਨੇ ਆਪਣੇ-ਆਪਣੇ ਚੋਣ ਮਨੋਰਥ ਪੱਤਰ ਜਾਰੀ ਕਰਕੇ ਵਿਦਿਆਰਥੀਆਂ ਨੂੰ ਆਪਣੇ ਪਾੜੇ ਵਿੱਚ ਲਿਆਉਣ ਦੀ ਇੱਕ ਹੋਰ ਕੋਸ਼ਿਸ਼ ਕੀਤੀ ਹੈ। ਦੋਨਾਂ ਮੁੱਖ ਵਿਰੋਧੀ ਵਿਦਿਆਰਥੀ ਵਿੰਗਾਂ ਵੱਲੋਂ ਵਿਦਿਆਰਥੀਆਂ ਨਾਲ ਕਈ ਵਾਅਦੇ ਕੀਤੇ ਗਏ ਹਨ। ਇਸ ਵਾਰ ਨਵੀਂ ਸਿੱਖਿਆ ਨੀਤੀ 2020 ਦੇ ਵਿਰੋਧੀ ਤੇ ਹੱਕ ਵਾਲੇ ਵਿਚਾਰਾਂ ਦਾ ਟਾਕਰਾ ਹੈ। ਏਬੀਵੀਪੀ ਐੱਨਈਪੀ ਦੇ ਹੱਕ ਵਿੱਚ ਹੈ ਤੇ ਡੀਯੂ ਦਾ ਸਮੁੱਚਾ ਸਿਲੇਬਸ ਉਸੇ ਅਨੁਸਾਰ ਅੱਪਡੇਟ ਕਰਨ ਦੀ ਮੰਗ ਕਰ ਰਹੀ ਹੈ ਕਿ 50 ਸਾਲ ਪਹਿਲਾਂ ਤਿਆਰ ਚੀਜ਼ ਹੁਣ ਵੇਲਾ ਟਪਾ ਚੁੱਕੀ ਹੈ। ਕਾਂਗਰਸ ਤੇ ਖੱਬੀਆਂ ਧਿਰਾਂ ਇਸ ਨੀਤੀ ਦੇ ਖ਼ਿਲਾਫ਼ ਹਨ। ਐੱਨਐੱਸਯੂਆਈ ਦੇ ਮੁੱਖ ਬੁਲਾਰੇ ਹਰਸ਼ਦ ਸ਼ਰਮਾ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਲਈ ਨਰਿੰਦਰ ਮੋਦੀ ਸਰਕਾਰ ਦੀ ਨੀਤੀ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਖਾਸ ਕਰਕੇ ‘ਨੀਟ’ ਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਭਾਸ਼ਾਵਾਂ ਦੀ ਸਥਾਨਕ ਮਾਨਤਾ ਦੇ ਸਬੰਧ ਵਿੱਚ। ਐੱਨਈਪੀ ਲਾਗੂ ਹੋਣ ਤੋਂ ਬਾਅਦ ਵਿਦਿਆਰਥਣਾਂ ਦੇ ਦਾਖਲੇ ਵਿੱਚ ਕਮੀ ਆਈ ਹੈ। ‘ਆਇਸਾ’ ਦੀ ਆਇਸ਼ਾ ਅਹਿਮਦ ਖਾਨ ਦਾ ਕਹਿਣਾ ਹੈ ਕਿ ਇਹੀ ਉਨ੍ਹਾਂ ਦਾ ਮੁੱਖ ਏਜੰਡਾ ਹੈ ਤੇ ਅਸੀਂ ਇੱਕ ਸਾਲ ਤੋਂ ਇਸਦੇ ਖ਼ਿਲਾਫ਼ ਰੈਲੀ ਕਰ ਰਹੇ ਹਾਂ। ਮੈਂ ਇਸ ਪ੍ਰਣਾਲੀ ਅਧੀਨ ਪਹਿਲੇ ਬੈਚ ਵਿੱਚ ਸੀ। ਵੈਲਯੂ ਐਡਿਡ ਕੋਰਸ ਜਾਅਲੀ ਕੋਰਸ ਹਨ। ਮੁੱਖ ਵਿਸ਼ਿਆਂ ਲਈ ਕ੍ਰੈਡਿਟ ਘੱਟ ਗਿਆ ਹੈ, ਵਿਦਿਆਰਥੀਆਂ ’ਤੇ ਬੋਝ ਵਧ ਰਿਹਾ ਹੈ।

ਵਾਈਸ ਚਾਂਸਲਰ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ

ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੂਸੂ) ਦੀਆਂ ਚੋਣਾਂ ਦੇ ਸਬੰਧ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਵਾਈਸ-ਰੀਗਲ ਲਾਜ ਦੇ ਕੌਂਸਲ ਹਾਲ ਵਿੱਚ ਹੋਈ ਮੀਟਿੰਗ ਦੌਰਾਨ ਆਮ ਪ੍ਰਬੰਧਾਂ ਅਤੇ ਸੁਰੱਖਿਆ ਉਪਾਵਾਂ ਆਦਿ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਪ ਕੁਲਪਤੀ ਨੇ ਚੋਣਾਂ ਤੋਂ ਪਹਿਲਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਯੂਨੀਵਰਸਿਟੀ ਅਧਿਕਾਰੀਆਂ, ਕਾਲਜਾਂ ਦੇ ਪ੍ਰਿੰਸੀਪਲਾਂ, ਹਾਲਾਂ ਤੇ ਪੁਲੀਸ ਅਧਿਕਾਰੀਆਂ ਨਾਲ ਚੋਣਾਂ ਦੇ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ ਸਾਂਝੇ ਤੌਰ ’ਤੇ ਗੱਲਬਾਤ ਕੀਤੀ। ਮੁੱਖ ਚੋਣ ਅਫ਼ਸਰ ਪ੍ਰੋ. ਚੰਦਰ ਸ਼ੇਖਰ ਨੇ ਦੱਸਿਆ ਕਿ ਈਵੀਐੱਮਐੱਸ 21 ਸਤੰਬਰ ਨੂੰ ਕਾਲਜਾਂ ਵਿੱਚ ਪਹੁੰਚਾ ਦਿੱਤੇ ਜਾਣਗੇ। ਈਵੀਐੱਮ ਦੀ ਸੁਰੱਖਿਆ ਲਈ ਕਾਲਜ ਜ਼ਿੰਮੇਵਾਰ ਹਨ। ਪੋਲਿੰਗ ਦਾ ਸਮਾਂ ਦਿਨ ਦੀਆਂ ਕਲਾਸਾਂ ਲਈ ਸਵੇਰੇ 8:30 ਵਜੇ ਤੋਂ ਦੁਪਹਿਰ 1:00 ਵਜੇ ਤੱਕ ਤੇ ਸ਼ਾਮ ਦੀਆਂ ਕਲਾਸਾਂ ਲਈ ਦੁਪਹਿਰ 03:00 ਵਜੇ ਤੋਂ ਸ਼ਾਮ 07:30 ਵਜੇ ਤੱਕ ਹੈ। ਵੋਟਿੰਗ ਤੋਂ ਬਾਅਦ ਈਵੀਐਮਐਸ ਨੂੰ ਵਿਦਿਆਰਥੀ ਨੁਮਾਇੰਦਿਆਂ ਤੇ ਚੋਣ ਅਧਿਕਾਰੀ ਦੀ ਮੌਜੂਦਗੀ ਵਿੱਚ ਬਕਸਿਆਂ ਵਿੱਚ ਸੀਲ ਕਰ ਕੇ ਯੂਨੀਵਰਸਿਟੀ ਸਟੇਡੀਅਮ ਦੇ ਮਲਟੀਪਰਪਜ਼ ਹਾਲ ਵਿੱਚ ਭੇਜਿਆ ਜਾਵੇਗਾ। ਵੋਟਾਂ ਦੀ ਗਿਣਤੀ ਕਾਨਫਰੰਸ ਸੈਂਟਰ ਵਿੱਚ ਹੀ ਹੋਵੇਗੀ। ਕਾਲਜ ਚੋਣਾਂ ਨਾਲ ਸਬੰਧਤ ਕਿਸੇ ਵੀ ਮਾਮਲੇ ਦਾ ਨਿਪਟਾਰਾ ਕਾਲਜ ਵਿੱਚ ਹੀ ਗਠਿਤ ਸ਼ਿਕਾਇਤ ਕਮੇਟੀ ਵੱਲੋਂ ਕੀਤਾ ਜਾਵੇਗਾ ਨਾ ਕਿ ਡੀਯੂਐੱਸਯੂ ਚੋਣ ਦਫ਼ਤਰ ਵੱਲੋਂ।



News Source link

- Advertisement -

More articles

- Advertisement -

Latest article