30.5 C
Patiāla
Thursday, May 2, 2024

ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਹੋਇਆ ਚੰਡੀਗੜ੍ਹ ਨਿਗਮ

Must read


ਮੁਕੇਸ਼ ਕੁਮਾਰ

ਚੰਡੀਗੜ੍ਹ, 12 ਅਪਰੈਲ

ਚੰਡੀਗੜ੍ਹ ਵਿੱਚ ਪੀਣ ਵਾਲੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਦੀ ਖੈਰ ਨਹੀਂ। ਗਰਮੀ ਦੀ ਰੁੱਤ ਸ਼ੁਰੂ ਹੁੰਦਿਆਂ ਹੀ ਸ਼ਹਿਰ ਵਿੱਚ ਪਾਣੀ ਦੀ ਮੰਗ ਵਧਣ ਕਾਰਨ ਚੰਡੀਗੜ੍ਹ ਨਗਰ ਨਿਗਮ ਨੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਨਗਰ ਨਿਗਮ ਵੱਲੋਂ 18 ਚੈਕਿੰਗ ਟੀਮਾਂ ਬਣਾਈਆਂ ਗਈਆਂ ਹਨ, ਜੋ ਸਵੇਰੇ-ਸ਼ਾਮ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਘੁੰਮਣਗੀਆਂ ਅਤੇ ਪਾਣੀ ਦੀ ਬਰਬਾਦੀ ਕਰਨ ਵਾਲੇ ਡਿਫਾਲਟਰ ਦਾ ਮੌਕੇ ’ਤੇ ਹੀ ਪੰਜ ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਦੀਆਂ ਇਨ੍ਹਾਂ 18 ਟੀਮਾਂ ਵਿੱਚ ਨਗਰ ਨਿਗਮ ਦੇ ਜਨ ਸਿਹਤ ਵਿਭਾਗ ਦੇ ਐੱਸਡੀਈ ਸਣੇ ਜੇਈ ਅਤੇ ਹੋਰ ਕਰਮਚਾਰੀ ਵੀ ਸ਼ਾਮਲ ਕੀਤੇ ਗਏ ਹਨ। ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸਵੇਰੇ ਸਾਢੇ ਤਿੰਨ ਵਜੇ ਤੋਂ ਹੀ ਪਾਣੀ ਆ ਜਾਂਦਾ ਹੈ। ਇਸ ਲਈ ਟੀਮਾਂ ਵੀ ਸਵੇਰ ਵੇਲੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਣਗੀਆਂ।

ਨਗਰ ਨਿਗਮ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਪਾਣੀ ਦੀ ਟੂਟੀ ਤੋਂ ਸਿੱਧੀ ਪਾਈਪ ਲਗਾ ਕੇ ਵਾਹਨ ਧੋਂਦਾ ਅਤੇ ਆਪਣੇ ਪਾਰਕਾਂ ਜਾਂ ਬਗੀਚਿਆਂ ਨੂੰ ਪਾਣੀ ਦਿੰਦਾ ਪਾਇਆ ਗਿਆ ਤਾਂ ਉਸ ਨੂੰ ਕੋਈ ਨੋਟਿਸ ਨਹੀਂ ਦਿੱਤਾ ਜਾਵੇਗਾ, ਸਗੋਂ 5000 ਰੁਪਏ ਦਾ ਸਿੱਧਾ ਚਲਾਨ ਕੀਤਾ ਜਾਵੇਗਾ। ਚਲਾਨ ਦੇ ਜੁਰਮਾਨੇ ਦੀ ਰਕਮ ਪਾਣੀ ਦੇ ਬਿੱਲ ਨਾਲ ਭੇਜੀ ਜਾਵੇਗੀ। ਜੁਰਮਾਨਾ ਜਮ੍ਹਾ ਨਾ ਕਰਵਾਉਣ ’ਤੇ ਡਿਫਾਲਟਰ ਦੇ ਘਰ ਦੇ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜੇਕਰ ਕਿਸੇ ਖਪਤਕਾਰ ਦੇ ਵਾਟਰ ਮੀਟਰ ਚੈਂਬਰ ਵਿੱਚ ਲੀਕੇਜ ਹੁੰਦਾ ਹੈ ਜਾਂ ਪਾਣੀ ਦੀ ਟੈਂਕੀ ਓਵਰਫਲੋਅ ਹੋ ਜਾਂਦੀ ਹੈ ਤਾਂ ਅਜਿਹੀ ਸਥਿਤੀ ਵਿੱਚ ਸਬੰਧਿਤ ਵਿਅਕਤੀ ਨੂੰ ਦੋ ਦਿਨਾਂ ਦਾ ਨੋਟਿਸ ਦਿੱਤਾ ਜਾਵੇਗਾ। ਜੇਕਰ ਦੋ ਦਿਨਾਂ ਦੇ ਅੰਦਰ ਲੀਕੇਜ ਨੂੰ ਨਾ ਰੋਕਿਆ ਗਿਆ ਤਾਂ 5000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਨਗਰ ਨਿਗਮ ਪ੍ਰਸ਼ਾਸਨ ਅਨੁਸਾਰ ਜਾਂਚ ਦੌਰਾਨ ਜੇਕਰ ਟੀਮ ਨੂੰ ਕਿਸੇ ਵਿਅਕਤੀ ਦੇ ਘਰ ਦੀ ਪਾਣੀ ਦੀ ਸਪਲਾਈ ਲਾਈਨ ਵਿੱਚ ਬੂਸਟਰ ਪੰਪ ਲੱਗਾ ਪਾਇਆ ਗਿਆ ਤਾਂ ਬੂਸਟਰ ਪੰਪ ਮੌਕੇ ’ਤੇ ਹੀ ਜ਼ਬਤ ਕਰਕੇ ਚਲਾਨ ਕੀਤਾ ਜਾਵੇਗਾ। ਜੁਰਮਾਨਾ ਲਗਾਉਣ ਤੋਂ ਬਾਅਦ ਵੀ ਜੇਕਰ ਕੋਈ ਵਾਰ-ਵਾਰ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਸਬੰਧਤ ਵਿਅਕਤੀ ਦਾ ਪਾਣੀ ਦਾ ਕੁਨੈਕਸ਼ਨ ਬਿਨਾਂ ਕਿਸੇ ਨੋਟਿਸ ਦੇ ਕੱਟ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਗਰਮੀਆਂ ਵਿੱਚ ਸ਼ਹਿਰ ਵਿੱਚ ਪਾਣੀ ਦੀ ਖਪਤ 5460 ਲੱਖ ਲਿਟਰ ਤੱਕ ਪਹੁੰਚ ਜਾਂਦੀ ਹੈ, ਜਦੋਂਕਿ ਭਾਖੜਾ ਨਹਿਰ ਸਮੇਤ ਸ਼ਹਿਰ ਵਿੱਚ ਲੱਗੇ ਟਿਊਬਵੈੱਲਾਂ ਤੋਂ ਮਿਲਣ ਵਾਲੇ ਪਾਣੀ ਨੂੰ ਵੀ ਸ਼ਾਮਲ ਕਰ ਲਿਆ ਜਾਵੇ ਤਾਂ ਨਗਰ ਨਿਗਮ ਦੀ ਪਾਣੀ ਦੇਣ ਦੀ ਸਮਰੱਥਾ ਇਸ ਤੋਂ ਘੱਟ ਹੈ। ਇਸ ਕਾਰਨ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਚੰਡੀਗੜ੍ਹ ਵਾਸੀਆਂ ਨੂੰ ਪਾਣੀ ਦੀ ਬਰਬਾਦੀ ਨਾ ਕਰਨ ਦੀ ਅਪੀਲ ਕੀਤੀ ਹੈ।



News Source link

- Advertisement -

More articles

- Advertisement -

Latest article