38.5 C
Patiāla
Saturday, April 27, 2024

ਚੰਡੀਗੜ੍ਹ ਵਿੱਚ ਹੋਲੀ ਮੌਕੇ ਚੱਪੇ-ਚੱਪੇ ’ਤੇ ਤਾਇਨਾਤ ਰਹੀ ਪੁਲੀਸ

Must read


ਆਤਿਸ਼ ਗੁਪਤਾ

ਚੰਡੀਗੜ੍ਹ, 26 ਮਾਰਚ

ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਹਰੇਕ ਆਮ ਤੋਂ ਲੈ ਕੇ ਖਾਸ ਵਿਅਕਤੀ ਨੇ ਰੰਗਾਂ ਦੇ ਤਿਉਹਾਰ ਨੂੰ ਖੁਸ਼ੀ-ਖੁਸ਼ੀ ਮਨਾਇਆ। ਹੋਲੀ ਵਾਲੇ ਦਿਨ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਨੌਜਵਾਨਾਂ ਨੇ ਆਨੰਦ ਮਾਣਿਆ। ਇਸੇ ਦੌਰਾਨ ਸ਼ਹਿਰ ਵਿੱਚ ਹੁੱਲੜਬਾਜ਼ੀ ਕਰਨ ਵਾਲਿਆਂ ’ਤੇ ਨੱਥ ਪਾਉਣ ਲਈ ਚੰਡੀਗੜ੍ਹ ਪੁਲੀਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਪੁਲੀਸ ਨੇ ਹੁੱਲੜਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ 13 ਜਣਿਆਂ ਨੂੰ ਹਿਰਾਸਤ ਵਿੱਚ ਲਿਆ, ਜਦੋਂ ਕਿ ਜਨਤਕ ਥਾਵਾਂ ’ਤੇ ਸ਼ਰਾਬ ਪੀਣ ਸਬੰਧੀ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਟਰੈਫਿਕ ਪੁਲੀਸ ਨੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੇ 109 ਕੱਟ ਜਦਕਿ 156 ਵਾਹਨਾਂ ਨੂੰ ਜ਼ਬਤ ਕੀਤਾ। ਇਸ ਦੌਰਾਨ ਪੁਲੀਸ ਨੇ ਕੁੱਲ 509 ਵਾਹਨ ਚਾਲਕਾਂ ਦੇ ਚਲਾਨ ਕੱਟੇੇ।

ਪ੍ਰਾਪਤ ਜਾਣਕਾਰੀ ਅਨੁਸਾਰ ਹੋਲੀ ਵਾਲੇ ਦਿਨ ਚੰਡੀਗੜ੍ਹ ਪੁਲੀਸ ਦੇ ਸਮੂਹ ਪੁਲੀਸ ਕਪਤਾਨ, ਉਪ ਪੁਲੀਸ ਕਪਤਾਨ ਅਤੇ ਥਾਣਾ ਮੁਖੀਆਂ ਸਣੇ ਇਕ ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮਾਂ ਨੇ ਸ਼ਹਿਰ ਵਿੱਚ ਗਸ਼ਤ ਕੀਤੀ।

ਪੁਲੀਸ ਵੱਲੋਂ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ 15 ਨਾਕੇ ਵਿਸ਼ੇਸ਼ ਤੌਰ ’ਤੇ ਲਗਾਏ ਗਏ। ਇਸ ਤੋਂ ਇਲਾਵਾ ਟਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ 20 ਥਾਵਾਂ ’ਤੇ ਨਾਕੇ ਲਗਾਏ ਹੋਏ ਸਨ। ਚੰਡੀਗੜ੍ਹ ਪੁਲੀਸ ਨੇ ਹੋਲੀ ਵਾਲੇ ਦਿਨ ਮਾਹੌਲ ਖਰਾਬ ਕਰਨ ਸਬੰਧੀ 13 ਜਣਿਆਂ ’ਤੇ ਸੀਆਰਪੀਸੀ ਦੀ ਧਾਰਾ 107/151 ਦੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਇਲਾਵਾ ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਵੀ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਗਏ। ਚੰਡੀਗੜ੍ਹ ਪੁਲੀਸ ਨੇ ਹੋਲੀ ਵਾਲੇ ਦਿਨ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਸ਼ਹਿਰ ਦੀਆਂ ਅੰਦਰੂਨੀ ਅਤੇ ਬਾਹਰੀ ਸੜਕਾਂ ’ਤੇ 102 ਥਾਵਾਂ ’ਤੇ ਨਾਕੇ ਲਾਏ। ਇਸ ਦੌਰਾਨ ਸੈਕਟਰ-23/24 ਲਾਈਟ ਪੁਆਇੰਟ, ਅਰੋਮਾ ਲਾਈਟ ਪੁਆਇੰਟ, ਪ੍ਰੈੱਸ ਲਾਈਟ ਪੁਆਇੰਟ, ਸੁਖਨਾ ਝੀਲ ਦੇ ਮੋੜ, ਸ਼ਾਸਤਰੀ ਨਗਰ ਲਾਈਟ ਪੁਆਇੰਟ, ਹਾਊਸਿੰਗ ਬੋਰਡ ਲਾਈਟ ਪੁਆਇੰਟ ਅਤੇ ਸ਼ਹਿਰ ਦੇ ਸੈਕਟਰ-26, 7, 8, 9 ਅਤੇ 10 ਵਿੱਚ ਵਿਸ਼ੇਸ਼ ਤੌਰ ’ਤੇ ਨਾਕੇ ਲਗਾਏ ਗਏ। ਪੁਲੀਸ ਨੇ ਹੁੱਲੜਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ।



News Source link

- Advertisement -

More articles

- Advertisement -

Latest article