24.2 C
Patiāla
Monday, April 29, 2024

ਕਿਸੇ ਭ੍ਰਿਸ਼ਟ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਮੋਦੀ

Must read


ਹੈਦਰਾਬਾਦ, 16 ਮਾਰਚ

ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿੱਚ ਬੀਆਰਐੱਸ ਆਗੂ ਕੇ. ਕਵਿਤਾ ਦੀ ਹੋਈ ਗ੍ਰਿਫ਼ਤਾਰੀ ਤੋਂ ਇਕ ਦਿਨ ਬਾਅਦ ਅੱਜ ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਬੀਆਰਐੱਸ ਨੇ ਹੋਰ ਕੱਟੜ ਭ੍ਰਿਸ਼ਟ ਪਾਰਟੀਆਂ ਨਾਲ ਭਾਈਵਾਲੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਭ੍ਰਿਸ਼ਟਾਚਾਰੀ ਬਚ ਨਹੀਂ ਸਕੇਗਾ।

ਇੱਥੋਂ 135 ਕਿਲੋਮੀਟਰ ਦੂਰ ਨਗਰਕੁਰਨੂਲ ਵਿੱਚ ਭਾਜਪਾ ਦੀ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਵਿੱਚ ਤਿਲੰਗਾਨਾ ਦੇ ਲੋਕਾਂ ਤੋਂ ਆਸ਼ੀਰਵਾਦ ਮੰਗਿਆ। ਉਨ੍ਹਾਂ ਕਿਹਾ, ‘‘ਬੀਆਰਐੱਸ ਨੇ ਸੂਬੇ ਤੋਂ ਬਾਹਰ ਜਾ ਕੇ ਹੋਰ ਕੱਟੜ ਭ੍ਰਿਸ਼ਟ ਪਾਰਟੀਆਂ ਨਾਲ ਭਾਈਵਾਲੀ ਕਰ ਲਈ ਹੈ ਅਤੇ ਇਹ ਸੱਚ ਹਰ ਰੋਜ਼ ਸਾਹਮਣੇ ਆ ਰਿਹਾ ਹੈ।’’ ਉਨ੍ਹਾਂ ਕਥਿਤ ਭ੍ਰਿਸ਼ਟਾਚਾਰ ਲਈ ਕਾਂਗਰਸ ਤੇ ਬੀਆਰਐੱਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਵੰਸ਼ਵਾਦੀ ਪਾਰਟੀਆਂ ਵਿੱਚ ਭ੍ਰਿਸ਼ਟਾਚਾਰ ਦੀ ਭਾਈਵਾਲੀ ਬਹੁਤ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਬੀਆਰਐੱਸ ਦੋਵੇਂ ਭ੍ਰਿਸ਼ਟਾਚਾਰ ਦੀਆਂ ਭਾਈਵਾਲ ਹਨ। ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਕਾਂਗਰਸ ਨੇ 2ਜੀ ਘੁਟਾਲਾ ਕੀਤਾ ਜਦਕਿ ਬੀਆਰਐੱਸ ਨੇ ਸਿੰਜਾਈ ਵਿੱਚ ਭ੍ਰਿਸ਼ਟਾਚਾਰ ਦਾ ਸਹਾਰਾ ਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਬੀਆਰਐੱਸ ਦੋਵੇਂ ਭੂ-ਮਾਫੀਆ ਨੂੰ ਸਹਿਯੋਗ ਕਰਦੀਆਂ ਹਨ।

ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕੱਲ੍ਹ ਦਿੱਲੀ ਆਬਕਾਰੀ ਨੀਤੀ ਘੁਟਾਲਾ ਮਾਮਲੇ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਇਕ ਕੇਸ ਵਿੱਚ ਬੀਆਰਐੱਸ ਦੀ ਐੱਮਐੱਲਸੀ ਅਤੇ ਸਾਬਕਾ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੀ ਧੀ ਕੇ. ਕਵਿਤਾ ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ ਸੀ।

ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦਾ ਐਲਾਨ ਕੀਤੇ ਜਾਣ ਤੋਂ ਪਹਿਲਾਂ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਚੋਣਾਂ ਦੇ ਰਸਮੀ ਐਲਾਨ ਤੋਂ ਪਹਿਲਾਂ ਹੀ ਦੇਸ਼ ਦੇ ਲੋਕ ਨਤੀਜਾ ਐਲਾਨ ਚੁੱਕੇ ਹਨ ਕਿ ਇਸ ਵਾਰ ਐੱਨਡੀਏ 400 ਸੀਟਾਂ ਤੋਂ ਪਾਰ ਜਾਵੇਗੀ। ਮੋਦੀ ਨੇ ਕਿਹਾ ਕਿ ਪਿਛਲੇ ਸੱਤ ਦਹਾਕਿਆਂ ਵਿੱਚ ਕਾਂਗਰਸ ਨੇ ਦੇਸ਼ ਨੂੰ ਝੂਠ ਤੇ ਲੁੱਟ ਤੋਂ ਇਲਾਵਾ ਕੁਝ ਨਹੀਂ ਦਿੱਤਾ ਅਤੇ ਇਹ ਪਾਰਟੀ ਕਦੇ ਵੀ ਤਿਲੰਗਾਨਾ ਦਾ ਵਿਕਾਸ ਯਕੀਨੀ ਨਹੀਂ ਬਣਾ ਸਕਦੀ। ਉਨ੍ਹਾਂ ਸਵਾਲ ਕੀਤਾ ਕਿ ਕਾਂਗਰਸ ਨੇ ਦੇਸ਼ ਵਿੱਚ ‘ਗ਼ਰੀਬੀ ਹਟਾਓ’ ਦਾ ਨਾਅਰਾ ਦਿੱਤਾ ਸੀ ਪਰ ਕੀ ਗ਼ਰੀਬਾਂ ਦੀਆਂ ਜ਼ਿੰਦਗੀਆਂ ਵਿੱਚ ਕੋਈ ਬਦਲਾਅ ਆਇਆ।’’

ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਨੂੰ ਵੋਟ ਬੈਂਕ ਵਜੋਂ ਵਰਤਿਆ ਹੈ ਪਰ ਕੀ ਦੇਸ਼ ਵਿੱਚ ਇਸ ਸਮਾਜ ਦੀ ਸਥਿਤੀ ’ਚ ਕੋਈ ਬਦਲਾਅ ਆਇਆ। ਅਸਲ ਬਦਲਾਅ ਉਦੋਂ ਆਇਆ ਜਦੋਂ ਦੇਸ਼ ਨੇ ਮੋਦੀ ਨੂੰ ਪੂਰਨ ਬਹੁਮੱਤ ਦਿੱਤਾ। ਉਨ੍ਹਾਂ ਕਿਹਾ, ‘‘ਕਿਉਂਕਿ ਬਦਲਾਅ ਲਈ ਸਿਰਫ ਇਕ ਹੀ ਗਾਰੰਟੀ ਹੈ ਤੇ ਉਹ ਗਾਰੰਟੀ ਹੈ ਮੋਦੀ ਦੀ।’’ ਉਨ੍ਹਾਂ ਪਖਾਨਿਆਂ, ਪੱਕੇ ਘਰਾਂ, ਮੁਫ਼ਤ ਟੀਕਾਕਰਨ ਅਤੇ ਗ਼ਰੀਬਾਂ ਲਈ ਬੈਂਕ ਖਾਤਿਆਂ ਸਣੇ ਸਰਕਾਰ ਵੱਲੋਂ ਗ਼ਰੀਬਾਂ ਪੱਖੀ ਉਠਾਏ ਗਏ ਕਈ ਕਦਮਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ 25 ਕਰੋੜ ਲੋਕਾਂ ਨੂੰ ਗ਼ਰੀਬ ’ਚੋਂ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਕਿਹਾ, ‘‘ਅਸੀਂ ਸਾਰਿਆਂ ਨੂੰ ਮਿਲ ਕੇ ਤਿਲੰਗਾਨਾ ਵਿੱਚ ਵੀ ਇਹੀ ਕਰਨਾ ਹੋਵੇਗਾ।’’ -ਪੀਟੀਆਈ



News Source link

- Advertisement -

More articles

- Advertisement -

Latest article