32.8 C
Patiāla
Tuesday, April 30, 2024

ਆਮ ਚੋਣਾਂ ਤੋਂ ਪਹਿਲਾਂ ਕੇਂਦਰੀ ਸੁਰੱਖਿਆ ਬਲ ਪੰਜਾਬ ਪੁੱਜਣੇ ਸ਼ੁਰੂ

Must read


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 8 ਮਾਰਚ

ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਸੁਰੱਖਿਆ ਦਸਤੇ ਪੰਜਾਬ ਪੁੱਜਣੇ ਸ਼ੁਰੂ ਹੋ ਗਏ ਹਨ। ਹਾਲਾਂਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਐਲਾਨ ਕੀਤਾ ਜਾਣਾ ਬਾਕੀ ਹੈ ਪਰ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਹੀ ਚੋਣਾਂ ਦੀ ਤਿਆਰੀ ਵਿੱਢ ਦਿੱਤੀ ਗਈ ਹੈ। ਮੁੱਢਲੇ ਪੜਾਅ ’ਤੇ ਕੇਂਦਰੀ ਪੁਲੀਸ ਬਲਾਂ ਦੀਆਂ 25 ਕੰਪਨੀਆਂ ਪੰਜਾਬ ਪੁੱਜੀਆਂ ਹਨ। ਭਾਰਤੀ ਚੋਣ ਕਮਿਸ਼ਨ ਨੇ ਵੱਖ-ਵੱਖ ਸੂਬਿਆਂ ਲਈ ਕੇਂਦਰੀ ਸੁਰੱਖਿਆ ਬਲਾਂ ਦੀ ਨਫ਼ਰੀ ਮਨਜ਼ੂਰ ਕੀਤੀ ਹੈ ਜਿਸ ਤਹਿਤ ਪੰਜਾਬ ਲਈ ਕੇਂਦਰੀ ਬਲਾਂ ਦੀਆਂ 252 ਕੰਪਨੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਜਦਕਿ ਗੁਆਂਢੀ ਸੂਬੇ ਰਾਜਸਥਾਨ ’ਚ 200 ਕੰਪਨੀਆਂ ਦੀ ਤਾਇਨਾਤੀ ਹੋਣੀ ਹੈ। ਦੇਸ਼ ਵਿੱਚ ਪੱਛਮੀ ਬੰਗਾਲ ਲਈ ਸਭ ਤੋਂ ਵੱਧ 920 ਕੰਪਨੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਕੇਂਦਰੀ ਬਲਾਂ ਦੀ ਤਾਇਨਾਤੀ ਨੂੰ ਅਹਿਮੀਅਤ ਦਿੱਤੀ ਗਈ ਹੈ। ਪੰਜਾਬ ਵਿੱਚ ਪੁੱਜੇ ਕੇਂਦਰੀ ਸੁਰੱਖਿਆ ਦਸਤਿਆਂ ਵਿੱਚ ਬੀਐੱਸਐੱਫ ਦੀਆਂ 15 ਕੰਪਨੀਆਂ, ਸੀਆਰਪੀਐੱਫ ਦੀਆਂ ਪੰਜ ਕੰਪਨੀਆਂ ਅਤੇ ਆਈਟੀਬੀਪੀ ਦੀਆਂ ਪੰਜ ਕੰਪਨੀਆਂ ਸ਼ਾਮਲ ਹਨ। ਇੱਕ ਕੰਪਨੀ ਵਿੱਚ 100 ਸੁਰੱਖਿਆ ਮੁਲਾਜ਼ਮ ਹੁੰਦੇ ਹਨ। ਇਸ ਲਿਹਾਜ਼ ਨਾਲ ਸੂਬੇ ਵਿੱਚ ਕੇਂਦਰੀ ਬਲਾਂ ਦੇ 2500 ਮੁਲਾਜ਼ਮ ਪੁੱਜ ਗਏ ਹਨ ਜਿਨ੍ਹਾਂ ਨੂੰ ਜ਼ਿਲ੍ਹਿਆਂ ਵਿੱਚ ਭੇਜਿਆ ਜਾਣਾ ਬਾਕੀ ਹੈ। ਦੂਜੇ ਪਾਸੇ ਪੁਲੀਸ ਵੱਲੋਂ ਵੀ ਚੋਣਾਂ ਦੇ ਮੱਦੇਨਜ਼ਰ ਸਰਗਰਮੀ ਵਿੱਢਣ ਦੀ ਤਿਆਰੀ ਹੈ। ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲੀਸ (ਸਪੈਸ਼ਲ ਡੀਜੀਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੰਜਾਬ ਵਿੱਚ 25 ਕੰਪਨੀਆਂ ਕੇਂਦਰੀ ਸੁਰੱਖਿਆ ਬਲਾਂ ਦੀਆਂ ਪੁੱਜੀਆਂ ਹਨ ਜਿਨ੍ਹਾਂ ਨੂੰ ਸੂਬੇ ਦੇ ਅਤਿ ਸੰਵੇਦਨਸ਼ੀਲ ਅਤੇ ਸੰਵੇਦਨਸ਼ੀਲ ਜ਼ਿਲ੍ਹਿਆਂ ਵਿਚ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਵੇਦਨਸ਼ੀਲ ਖੇਤਰਾਂ ਦੀ ਮੈਪਿੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਆਮ ਚੋਣਾਂ ਤੋਂ ਪਹਿਲਾਂ ਕਿਸੇ ਵੀ ਅਣਸੁਖਾਵੀਂ ਸਥਿਤੀ ਤੋਂ ਬਚਾਅ ਲਈ ਹੋਰ ਬਲਾਂ ਨੂੰ ਤਾਇਨਾਤ ਕੀਤਾ ਜਾ ਸਕੇ। ਅਰਪਿਤ ਸ਼ੁਕਲਾ ਨੇ ਸਾਰੇ ਸੀਪੀਜ਼/ਐੱਸਐੱਸਪੀਜ਼ ਨੂੰ ਆਪੋ-ਆਪਣੇ ਅਧਿਕਾਰ ਖੇਤਰਾਂ ਵਿੱਚ ਸਮਾਜ ਵਿਰੋਧੀ ਅਨਸਰਾਂ ’ਤੇ ਨਜ਼ਰ ਰੱਖਣ ਤੇ ਆਮ ਲੋਕਾਂ ਵਿੱਚ ਭਰੋਸਾ ਪੈਦਾ ਕਰਨ ਲਈ ਫਲੈਗ ਮਾਰਚ ਕੱਢਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਹੇਠ ਪੰਜਾਬ ਪੁਲੀਸ ਵਿੱਚ ਸੁਤੰਤਰ, ਨਿਰਪੱਖ ਤੇ ਸ਼ਾਂਤੀਪੂਰਵਕ ਚੋਣਾਂ ਕਰਵਾਉਣ ਲਈ ਵਚਨਬੱਧ ਹੈ।



News Source link

- Advertisement -

More articles

- Advertisement -

Latest article