30.2 C
Patiāla
Tuesday, April 30, 2024

ਮਿਡ-ਡੇਅ ਮੀਲ ਕੁੱਕ ਬੀਬੀਆਂ ਨਿਰਾਸ਼ ਘਰਾਂ ਨੂੰ ਪਰਤੀਆਂ, ਕੋਈ ਮੰਤਰੀ ਨਹੀਂ ਬਹੁੜਿਆ ਤੇ ਹੁਣ 10 ਨੂੰ ਸੂਬਾ ਪੱਧਰੀ ਪ੍ਰਦਰਸ਼ਨ ਦਾ ਐਲਾਨ – Punjabi Tribune

Must read


ਦਰਸ਼ਨ ਸਿੰਘ ਸੋਢੀ

ਮੁਹਾਲੀ, 7 ਮਾਰਚ

ਡੈਮੋਕ੍ਰੇਟਿਕ ਮਿਡ-ਡੇਅ ਮੀਲ ਕੁੱਕ ਫਰੰਟ ਪੰਜਾਬ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਦੀ ਅਗਵਾਈ ਹੇਠ 10 ਮਾਰਚ ਨੂੰ ਮੁਹਾਲੀ ਵਿੱਚ ਕੀਤੇ ਜਾਣ ਵਾਲੇ ਸੂਬਾ ਪੱਧਰੀ ਪ੍ਰਦਰਸ਼ਨ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਕੁੱਕ ਬੀਬੀਆਂ ਨੂੰ ਪੰਜਾਬ ਭਵਨ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਾਲੀ ਕੈਬਨਿਟ ਸਬ ਕਮੇਟੀ ਨਾਲ ਪੈਨਲ ਮੀਟਿੰਗ ਲਈ ਸੱਦਿਆ ਗਿਆ ਪਰ ਵਿੱਤ ਮੰਤਰੀ ਸਮੇਤ ਕੋਈ ਕਮੇਟੀ ਮੈਂਬਰ ਮੀਟਿੰਗ ਕਰਨ ਨਹੀਂ ਆਇਆ। ਇਸ ਕਾਰਨ ਉਹ ਸਾਰਾ ਦਿਨ ਖੱਜਲ ਖੁਆਰ ਹੋਈਆਂ ਅਤੇ ਨਿਰਾਸ਼ ਹੋ ਕੇ ਘਰਾਂ ਨੂੰ ਪਰਤ ਗਈਆਂ। ਸਰਕਾਰੀ ਅਣਦੇਖੀ ਕਾਰਨ ਕੁੱਕ ਬੀਬੀਆਂ ਵਿੱਚ ਭਾਰੀ ਰੋਸ ਹੈ।

ਅੱਜ ਇੱਥੇ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਨੇ ਦੱਸਿਆ ਕਿ ਕੁੱਕ ਫਰੰਟ ਵੱਲੋਂ 10 ਮਾਰਚ ਨੂੰ ਮੁਹਾਲੀ ਵਿਖੇ ਰੋਸ ਪ੍ਰਦਰਸ਼ਨ ਦਾ ਪ੍ਰੋਗਰਾਮ ਰੱਖਿਆ ਹੋਇਆ ਹੈ ਪਰ ਸਰਕਾਰ ਨੇ ਉਸ ਨੂੰ ਤਾਰਪੀਡੋ ਕਰਨ ਲਈ ਪੰਜਾਬ ਭਵਨ ਵਿਖੇ ਮੀਟਿੰਗ ਲਈ ਬੁਲਾਇਆ ਸੀ,ਉਨ੍ਹਾਂ ਨੂੰ ਸਾਰਾ ਦਿਨ ਬਿਠਾ ਕੇ ਰੱਖਿਆ ਗਿਆ ਪਰ ਕੋਈ ਵੀ ਮੰਤਰੀ ਨਹੀਂ ਬਹੁੜਿਆ। ਹਾਲਾਂਕਿ ਡੀਜੀਐੱਸਈ ਵਿਨੈ ਬਬਲਾਨੀ ਨੇ ਆਗੂਆਂ ਨੂੰ ਗੱਲੀਬਾਤੀ ਸ਼ਾਂਤ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਗੱਲ ਕਿਸੇ ਕੰਢੇ ਨਹੀਂ ਲੱਗੀ। ਉਨ੍ਹਾਂ ਕਿਹਾ ਕਿ ਅੱਠ ਮਾਰਚ ਨੂੰ ਪੰਜਾਬ ਭਰ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ ਪਰ ਮਹਿਲਾਵਾਂ ਨੂੰ ਆਪਣੇ ਹੱਕਾਂ ਲਈ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸੂਬਾ ਪ੍ਰਧਾਨ ਲੋਪੇ, ਸੁਖਜੀਤ ਕੌਰ ਲਚਕਾਣੀ, ਸਿਮਰਨਜੀਤ ਕੌਰ ਅਜਨੋਦਾ ਨੇ ਮੰਗ ਕੀਤੀ ਕਿ ਹਰਿਆਣਾ ਸਰਕਾਰ ਵੱਲੋਂ ਮਿਡ-ਡੇਅ ਮੀਲ ਕੁੱਕ ਨੂੰ 7500 ਰੁਪਏ ਮਹੀਨਾ ਤਨਖ਼ਾਹ ਦਿੱਤੀ ਜਾਂਦੀ ਹੈ, ਜਦੋਂਕਿ ਪੰਜਾਬ ਵਿੱਚ ਸਿਰਫ਼ 3000 ਰੁਪਏ ਦਿੱਤੇ ਜਾਂਦੇ ਹਨ। ਕੁੱਕ ਬੀਬੀਆਂ ਨੂੰ ਨੌਂ ਹਜ਼ਾਰ ਰੁਪਏ ਤਨਖਾਹ ਦਿੱਤੀ ਜਾਵੇ, ਉਨ੍ਹਾਂ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤਾਂ ਅਧੀਨ ਲਿਆਂਦਾ ਜਾਵੇ ਅਤੇ ਹਰ ਸਾਲ ਵੱਧਦੀ ਮਹਿੰਗਾਈ ਅਨੁਸਾਰ 5 ਫ਼ੀਸਦ ਤਨਖਾਹਾਂ ਵਿੱਚ ਵਾਧਾ ਕਰਨ ਦੇ ਨਿਯਮ ਨੂੰ ਕੁੱਕ ਦੀ ਤਨਖਾਹ ’ਤੇ ਵੀ ਲਾਗੂ ਕੀਤਾ ਜਾਵੇ। ਬੀਏ ਪਾਸ ਮਿਡ-ਡੇਅ ਮੀਲ ਕੁੱਕ ਬੀਬੀਆਂ ਨੂੰ ਬਲਾਕ ਦਫ਼ਤਰਾਂ ਵਿੱਚ ਸਹਾਇਕ ਮੈਨੇਜਰ ਵਜੋਂ ਤਰੱਕੀ ਦਿੱਤੀ ਜਾਵੇ, ਜਿਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧ ਚੁੱਕੀ ਹੈ, ਉਥੇ ਤਰੰਤ ਨਵੇਂ ਕੁੱਕ ਭਰਤੀ ਕੀਤੇ ਜਾਣ ਅਤੇ ਬੱਚੇ ਘੱਟਣ ਤੇ ਕੁੱਕ ਨੂੰ ਕੱਢਣ ਵਾਲਾ ਪੱਤਰ ਵਾਪਸ ਲਿਆ ਜਾਵੇ। ਉਨ੍ਹਾਂ ਮਿਡ-ਡੇਅ ਮੀਲ ਕੁਕ ਬੀਬੀਆਂ ਨੂੰ ਅਪੀਲ ਕੀਤੀ ਕਿ 10 ਮਾਰਚ ਨੂੰ ਵੱਡੀ ਗਿਣਤੀ ਵਿੱਚ ਮੁਹਾਲੀ ਵਿਖੇ ਪਹੁੰਚ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇ।



News Source link

- Advertisement -

More articles

- Advertisement -

Latest article