24.2 C
Patiāla
Monday, April 29, 2024

ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਲੇਲੇਵਾਲਾ ਦੇ ਕਿਸਾਨ ਵੱਲੋਂ ਖੁਦਕੁਸ਼ੀ – Punjabi Tribune

Must read


ਜਗਜੀਤ ਸਿੰਘ ਸਿੱਧੂ

ਤਲਵੰਡੀ ਸਾਬੋ, 4 ਮਾਰਚ

ਪਿੰਡ ਲੇਲੇਵਾਲਾ ਦੇ ਇੱਕ ਨੌਜਵਾਨ ਕਿਸਾਨ ਬਲਜੀਤ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਘਰ ਵਿੱਚ ਹੀ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਜਦ ਕਿ ਮ੍ਰਿਤਕ ਕਿਸਾਨ ਦੇ ਪੋਸਟਮਾਰਟਮ ’ਚ ਦੇਰੀ ਹੋਣ ਤੋਂ ਭੜਕੇ ਕਿਸਾਨਾਂ ਨੇ ਬੀਕੇਯੂ (ਉਗਰਾਹਾਂ) ਦੀ ਅਗਵਾਈ ਹੇਠ ਸਥਾਨਕ ਸਿਵਲ ਹਸਪਤਾਲ ’ਚ ਨਾਅਰੇਬਾਜ਼ੀ ਕੀਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਲੇਲੇਵਾਲਾ ਦਾ ਕਿਸਾਨ ਬਲਜੀਤ ਸਿੰਘ (40) ਪੁੱਤਰ ਮੇਜਰ ਸਿੰਘ ਪੰਜ ਏਕੜ ਜ਼ਮੀਨ ਦਾ ਮਾਲਕ ਸੀ। ਪਰਿਵਾਰਕ ਸੂਤਰਾਂ ਮੁਤਾਬਿਕ ਬਲਜੀਤ ਸਿੰਘ ਸਿਰ ਆੜ੍ਹਤੀਆਂ ਦਾ ਅੱਠ ਲੱਖ ਰੁਪਏ ਦੇ ਕਰੀਬ ਕਰਜ਼ਾ ਸੀ ਜਿਸ ਕਰਕੇ ਉਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਬੀਤੀ ਦੇਰ ਰਾਤ ਉਸ ਨੇ ਘਰ ਦੇ ਕਮਰੇ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ। ਇੱਕ ਮਹੀਨਾ ਪਹਿਲਾਂ ਹੀ ਬਲਜੀਤ ਸਿੰਘ ਨੇ ਆਪਣੀ ਧੀ ਦਾ ਵਿਆਹ ਕੀਤਾ ਸੀ। ਮ੍ਰਿਤਕ ਕਿਸਾਨ ਆਪਣੇ ਪਿੱਛੇ ਮਾਪਿਆਂ ਅਤੇ ਪਤਨੀ ਤੋਂ ਇਲਾਵਾ ਇੱਕ ਬੇਟਾ ਅਤੇ ਇੱਕ ਨਵ ਵਿਆਹੀ ਬੇਟੀ ਛੱਡ ਗਿਆ ਹੈ। ਉੱਧਰ ਅੱਜ ਸਥਾਨਕ ਸਿਵਲ ਹਸਪਤਾਲ ਵਿੱਚ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ ਜਦ ਮ੍ਰਿਤਕ ਕਿਸਾਨ ਦੇ ਪੋਸਟਮਾਰਟਮ ਲਈ ਪੁੱਜੇ ਬੀਕੇਯੂ (ਉਗਰਾਹਾਂ) ਆਗੂਆਂ ਨੂੰ ਪਤਾ ਲੱਗਾ ਕਿ ਹਸਪਤਾਲ ’ਚ ਪੋਸਟਮਾਰਟਮ ਕਰਨ ਲਈ ਡਾਕਟਰ ਨਹੀਂ। ਉਨ੍ਹਾਂ ਹਸਪਤਾਲ ਦੇ ਗੇਟ ’ਤੇ ਧਰਨਾ ਦੇ ਕੇ ਹਸਪਤਾਲ ਦੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਥੇਬੰਦੀ ਦੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਅਤੇ ਹਰਜਿੰਦਰ ਸਿੰਘ ਬੱਗੀ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਦਲਾਅ ਦੇ ਨਾਅਰੇ ਨਾਲ ਸੱਤਾ ’ਚ ਆਈ ‘ਆਪ’ ਸਰਕਾਰ ਹਸਪਤਾਲਾਂ ਵਿੱਚ ਮੁਫ਼ਤ ਦਵਾਈਆਂ ਦੇਣ ਦੇ ਦਾਅਵੇ ਕਰਦੀ ਹੈ ਅਤੇ ਮਹੱਲਾ ਕਲੀਨਿਕ ਖੋਲ੍ਹ ਰਹੀ ਹੈ, ਪਰ ਪਹਿਲਾਂ ਵਾਲੇ ਹਸਪਤਾਲਾਂ ਵਿੱਚ ਲੋੜੀਂਦੇ ਡਾਕਟਰ ਉਪਲੱਬਧ ਨਹੀਂ ਕਰਵਾ ਸਕੀ। ਕਿਸਾਨ ਆਗੂਆਂ ਨੇ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਦਾ ਸਮੁੱਚਾ ਕਰਜ਼ਾ ਮੁਆਫ ਕਰਨ ਅਤੇ ਪੀੜ੍ਹਤ ਪਰਿਵਾਰ ਨੂੰ ਆਰਥਿਕ ਮਦਦ ਦੇਣ ਦੀ ਮੰਗ ਕੀਤੀ। ਦੂਜੇ ਪਾਸੇ ਕਿਸਾਨਾਂ ਦੇ ਧਰਨਾ ਦੇਣ ਬਾਅਦ ਹਸਪਤਾਲ ਪ੍ਰਸ਼ਾਸਨ ਵੱਲੋਂ ਡਾਕਟਰ ਬੁਲਾ ਕੇ ਮ੍ਰਿਤਕ ਕਿਸਾਨ ਦਾ ਪੋਸਟਮਾਰਟਮ ਕਰਵਾਇਆ। ਤਲਵੰਡੀ ਸਾਬੋ ਪੁਲੀਸ ਨੇ ਕਾਰਵਾਈ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਤੇ ਸ਼ਾਮ ਸਮੇਂ ਮ੍ਰਿਤਕ ਕਿਸਾਨ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।



News Source link

- Advertisement -

More articles

- Advertisement -

Latest article