32.9 C
Patiāla
Monday, April 29, 2024

ਦੋਸ਼ੀਆਂ ਦੀ ਥਾਂ ਗਰੀਬਾਂ ਦੇ ਘਰਾਂ ’ਤੇ ਚੱਲ ਰਹੇ ਨੇ ਬੁਲਡੋਜ਼ਰ: ਪ੍ਰਿਯੰਕਾ

Must read


ਲਖਨਊ, 24 ਫਰਵਰੀ

ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਦੋਸ਼ ਲਾਇਆ ਕਿ ਇੱਥੇ ਬੁਲਡੋਜ਼ਰਾਂ ਦੀ ਵਰਤੋਂ ਗਰੀਬਾਂ ਦੇ ਘਰ ਢਾਹੁਣ ਲਈ ਕੀਤੀ ਜਾ ਰਹੀ ਹੈ ਜਦਕਿ ਦੋਸ਼ੀ ਬਚ ਕੇ ਨਿਕਲ ਰਹੇ ਹਨ।

ਪ੍ਰਿਯੰਕਾ ਗਾਂਧੀ ਅੱਜ ਰਾਹੁਲ ਗਾਂਧੀ ਦੀ ਅਗਵਾਈ ਹੇਠ ਚੱਲ ਰਹੀ ਭਾਰਤ ਜੋੜੋ ਨਿਆਏ ਯਾਤਰਾ ਵਿਚ ਸ਼ਾਮਲ ਹੋਈ ਜੋ ਦੋ ਦਿਨ ਦੇ ਆਰਾਮ ਮਗਰੋਂ ਅੱਜ ਮੁਰਾਦਾਬਾਦ ਤੋਂ ਮੁੜ ਸ਼ੁਰੂ ਹੋਈ। ਕਾਂਗਰਸ ਨੇ ਦੱਸਿਆ ਕਿ ਪ੍ਰਿਯੰਕਾ ਗਾਂਧੀ ਆਪਣੇ ਭਰਾ ਨਾਲ ਭਲਕੇ 25 ਫਰਵਰੀ ਨੂੰ ਅਮਰੋਹਾ, ਸੰਬਲ, ਬੁਲੰਦਸ਼ਹਿਰ, ਹਾਥਰਸ, ਆਗਰਾ ਤੋਂ ਹੋ ਕੇ ਫਤਹਿਪੁਰ ਸੀਕਰੀ ਤੱਕ ਯਾਤਰਾ ਵਿੱਚ ਸ਼ਾਮਲ ਹੋਵੇਗੀ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਵੀ ਭਲਕੇ ਆਗਰਾ ਵਿੱਚ ਯਾਤਰਾ ਨਾਲ ਜੁੜਨਗੇ। ਪ੍ਰਿਯੰਕਾ ਨੇ ਮੁਰਾਦਾਬਾਦ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਜਦੋਂ ਮੈਂ ਪਹਿਲਾਂ 2022 ਵਿੱਚ ਇੱਥੇ ਆਈ ਸੀ ਤਾਂ ਅਸੀਂ ਮੈਨੀਫੈਸਟੋ ’ਚ ਵਾਰ-ਵਾਰ ਪ੍ਰਸ਼ਨ ਪੱਤਰ ਲੀਕ ਹੋਣ ਤੋਂ ਰੋਕਣ ਲਈ ਇੱਕ ਯੋਜਨਾ ਦੱਸੀ ਸੀ ਜਿਸ ਵਿੱਚ ‘ਜੌਬ ਕੈਲੰਡਰ’ ਤੋਂ ਲੈ ਕੇ ਪ੍ਰੀਖਿਆ ਤੇ ਨਿਯੁਕਤੀ ਦੀ ਤਾਰੀਕ ਬਾਰੇ ਜ਼ਿਕਰ ਕੀਤਾ ਗਿਆ ਸੀ।’ ਕਾਂਗਰਸ ਦੀ ਜਨਰਲ ਸਕੱਤਰ ਨੇ ਇਹ ਵੀ ਕਿਹਾ, ‘ਦੇਸ਼ ਵਿੱਚ ਬੇਰੁਜ਼ਗਾਰੀ ਤੇ ਮਹਿੰਗਾਈ ਵਧ ਰਹੀ ਹੈ। ਕਿਸਾਨ ਕੱਲ ਵੀ ਪ੍ਰਦਰਸ਼ਨ ਕਰ ਰਹੇ ਸਨ। ਕਿਸਾਨ ਅੱਜ ਵੀ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ।’

ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਕਿਸਾਨਾਂ ਨੂੰ ਜੀਪ ਹੇਠਾਂ ਦਰੜਨ, ਮਹਿਲਾਵਾਂ ’ਤੇ ਜ਼ੁਲਮ ਕਰਨ ਅਤੇ ਪੇਪਰ ਲੀਕ ਕਰਨ ਵਾਲਿਆਂ ਦੇ ਘਰ ’ਤੇ ਬੁਲਡੋਜ਼ਰ ਨਹੀਂ ਚੱਲਿਆ। ਇਸ ਸਰਕਾਰ ਵਿੱਚ ਦੋਸ਼ੀਆਂ ’ਤੇ ਨਹੀਂ ਬਲਕਿ ਬੇਕਸੂਰ ਲੋਕਾਂ ਦੇ ਘਰਾਂ ’ਤੇ ਹੀ ਬੁਲਡੋਜ਼ਰ ਚਲਦਾ ਹੈ। ਇਸੇ ਵਿਚਾਲੇ ਮੁਰਾਦਾਬਾਦ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਡਾ. ਐੱਸਟੀ ਹਸਨ ਵੀ ਯਾਤਰਾ ’ਚ ਸ਼ਾਮਲ ਹੋਏ। ਕਾਂਗਰਸ ਨੇ ਦੱਸਿਆ ਕਿ 26 ਫਰਵਰੀ ਨੂੰ ਯਾਤਰਾ ਪਹਿਲੀ ਮਾਰਚ ਤੱਕ ਰੋਕੀ ਜਾਵੇਗੀ ਤਾਂ ਜੋ ਰਾਹੁਲ ਗਾਂਧੀ 27 ਤੇ 28 ਫਰਵਰੀ ਨੂੰ ਬਰਤਾਨੀਆ ਸਥਿਤ ਕੈਂਬਰਿੱਜ ਯੂਨੀਵਰਸਿਟੀ ’ਚ ਦੋ ਵਿਸ਼ੇਸ਼ ਭਾਸ਼ਣ ਦੇ ਸਕਣ ਅਤੇ ਦਿੱਲੀ ’ਚ ਅਹਿਮ ਮੀਟਿੰਗਾਂ ਵਿੱਚ ਹਿੱਸਾ ਲੈ ਸਕਣ। -ਪੀਟੀਆਈ

ਰਾਹੁਲ ਨੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ

ਸੰਬਲ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਬੇਰੁਜ਼ਗਾਰੀ ਨਾ ਹੁੰਦੀ ਤਾਂ ਨੌਜਵਾਨ ਦਿਨ ਵਿੱਚ ਬਾਰਾਂ-ਬਾਰਾਂ ਘੰਟੇ ਮੋਬਾਈਲ ਫੋਨ ਦੀ ਵਰਤੋਂ ਨਾ ਕਰਦੇ। ਉਨ੍ਹਾਂ ਕਿਹਾ ਕਿ ਵੱਡੇ ਕਾਰੋਬਾਰੀਆਂ ਦੇ ਪੁੱਤਰ ਰੀਲਾਂ ਨਹੀਂ ਦੇਖਦੇ ਅਤੇ ਚੌਵੀਂ ਘੰਟੇ ਪੈਸੇ ਗਿਣਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਛੋਟੇ ਕਿਸਾਨਾਂ ਅਤੇ ਵਪਾਰੀਆਂ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।



News Source link

- Advertisement -

More articles

- Advertisement -

Latest article