20.4 C
Patiāla
Thursday, May 2, 2024

ਅਦਾਕਾਰੀ ਦੀ ਵਿਲੱਖਣ ‘ਉੜਾਨ’ ਵਾਲੀ ਕਵਿਤਾ ਚੌਧਰੀ

Must read


ਪ੍ਰੋ. ਡਾ. ਕ੍ਰਿਸ਼ਨ ਕੁਮਾਰ ਰੱਤੂ

ਭਾਰਤੀ ਟੈਲੀਵਿਜ਼ਨ ਅਤੇ ਦੂਰਦਰਸ਼ਨ ਦੇ ਬੇਹੱਦ ਪ੍ਰਸਿੱਧ ਟੈਲੀਵਿਜ਼ਨ ਸ਼ੋਅ ‘ਉੜਾਨ’ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੀ ਸਦਾਬਹਾਰ ਅਦਾਕਾਰਾ ਕਵਿਤਾ ਚੌਧਰੀ 15 ਫਰਵਰੀ ਨੂੰ ਸਦੀਵੀ ਵਿਛੋੜਾ ਦੇ ਗਈ। ਟੈਲੀਵਿਜ਼ਨ ਅਤੇ ਫਿਲਮ ਅਦਾਕਾਰਾ ਕਵਿਤਾ ਚੌਧਰੀ ਦਾ ਇਸ ਜਹਾਨ-ਏ-ਫਾਨੀ ਤੋਂ ਵਿਦਾ ਹੋਣਾ ਇੱਕ ਅਜਿਹਾ ਘਾਟਾ ਹੈ ਜੋ ਕਦੇ ਵੀ ਪੂਰਾ ਨਹੀਂ ਹੋ ਸਕਣਾ। ਉਹ ਅਜਿਹੀ ਮਕਬੂਲ ਅਦਾਕਾਰਾ ਸੀ ਜੋ ਕਰੋੜਾਂ ਲੋਕਾਂ ਲਈ ਪ੍ਰੇਰਨਾ ਸਰੋਤ ਬਣੀ ਰਹੀ। ਅਜਿਹੀ ਸਫਲਤਾ ਕੁਝ ਲੋਕਾਂ ਨੂੰ ਹੀ ਨਸੀਬ ਹੁੰਦੀ ਹੈ।

ਭਾਰਤੀ ਟੈਲੀਵਿਜ਼ਨ ਖ਼ਾਸ ਤੌਰ ’ਤੇ ਦੂਰਦਰਸ਼ਨ ਦੇ ਇਤਿਹਾਸ ਵਿੱਚ 1989 ਤੋਂ 1991 ਤੱਕ ਪ੍ਰਸਾਰਿਤ ਹੋਏ ਲੜੀਵਾਰ ‘ਉੜਾਨ’ ਨੇ ਲੱਖਾਂ ਨੌਜਵਾਨਾਂ ਨੂੰ ਕਰੀਅਰ ਅਤੇ ਸਫਲਤਾ ਦੀ ਪਰਵਾਜ਼ ਦੀ ਇੱਕ ਐਸੀ ਇਬਾਰਤ ਸਿਖਾਈ ਕਿ ਉਨ੍ਹਾਂ ਵਿੱਚੋਂ ਕੁਝ ਬੇਹੱਦ ਸਫਲ ਹੋ ਕੇ ਅੱਜ ਵੀ ਕਵਿਤਾ ਚੌਧਰੀ ਨੂੰ ਅਦਾਕਾਰ ਨਹੀਂ ਸਗੋਂ ਪ੍ਰੇਰਨਾ ਸਰੋਤ ਮੰਨਦੇ ਹਨ।

ਕਵਿਤਾ ਚੌਧਰੀ ਨੇ 15 ਫਰਵਰੀ ਨੂੰ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਕਿਹਾ। ਉਸ ਦੀ ਮੌਤ ਦਿਲ ਦੇ ਦੌਰੇ ਕਾਰਨ ਅੰਮ੍ਰਿਤਸਰ ਵਿਚਲੇ ਮਾਨਾਂਵਾਲਾ ਸਥਿਤ ਉਸ ਦੇ ਘਰ ਵਿੱਚ ਹੋਈ। ਉਹ ਪਿਛਲੇ ਕੁਝ ਸਮੇਂ ਤੋਂ ਕੈਂਸਰ ਨਾਲ ਪੀੜਤ ਸੀ ਪਰ ਉਸ ਨੇ ਕਦੇ ਵੀ ਆਪਣੀ ਬਿਮਾਰੀ ਜ਼ਾਹਿਰ ਨਹੀਂ ਹੋਣ ਦਿੱਤੀ।

1980ਵਿਆਂ ਦੌਰਾਨ ਦੂਰਦਰਸ਼ਨ ਹੀ ਮਨੋਰੰਜਨ ਦਾ ਇਕਮਾਤਰ ਸਾਧਨ ਸੀ। ਉਹ ਪਹਿਲੀ ਵਾਰੀ ਸਰਫ਼ ਦੇ ਇਸ਼ਤਿਹਾਰ ਵਿੱਚ ਇੱਕ ਭਾਰਤੀ ਗ੍ਰਹਿਣੀ ਦੇ ਰੂਪ ਵਿੱਚ ਨਜ਼ਰ ਆਈ। ਉਸ ਦੇ ਬੋਲਣ ਦੇ ਅੰਦਾਜ਼ ਸਦਕਾ ਡਿਟਰਜੈਂਟ ਵਿਗਿਆਪਨ ਵਿਚਲੀ ਲਲਿਤਾ ਜੀ ਦੀ ਭੂਮਿਕਾ ਕਰੋੜਾਂ ਲੋਕਾਂ ਦੇ ਦਿਲਾਂ ਵਿੱਚ ਵਸ ਗਈ। ਬਾਅਦ ਵਿੱਚ ਉਸ ਨੇ ਆਪਣੀ ਆਈਪੀਐੱਸ ਅਧਿਕਾਰੀ ਭੈਣ ਕੰਚਨ ਚੌਧਰੀ ਭੱਟਾਚਾਰੀਆ ਦੇ ਸੰਘਰਸ਼ ਦੀ ਦਾਸਤਾਨ ’ਤੇ ਆਧਾਰਿਤ ਟੈਲੀਵਿਜ਼ਨ ਲੜੀਵਾਰ ‘ਉੜਾਨ’ ਬਣਾਇਆ ਜੋ ਬੇਹੱਦ ਚਰਚਿਤ ਲੜੀਵਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਕਵਿਤਾ ਚੌਧਰੀ ਦਾ ਜਨਮ 1956 ਵਿੱਚ ਅੰਮ੍ਰਿਤਸਰ (ਪੰਜਾਬ) ’ਚ ਹੋਇਆ। ਅੰਮ੍ਰਿਤਸਰ ਉਸ ਦਾ ਜੱਦੀ ਘਰ ਸੀ। ਉਸ ਦੇ ਪਰਿਵਾਰ ਵਿੱਚ ਉਸ ਦੀ ਭੈਣ, ਭਰਾ ਅਤੇ ਭਤੀਜੇ ਸਨ। ਕੁਝ ਦਿਨ ਪਹਿਲਾਂ ਹੀ ਬਿਮਾਰੀ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ।

ਲੜੀਵਾਰ ‘ਉੜਾਨ’ ਅਤੇ ਕਵਿਤਾ ਚੌਧਰੀ ਦੀ ਕਹਾਣੀ ਆਪਣੇ ਆਪ ਵਿੱਚ ਸੰਘਰਸ਼ ਤੇ ਸਫਲਤਾ ਦੀ ਕਹਾਣੀ ਹੈ। ਇਸ ਕਿਰਦਾਰ ਰਾਹੀਂ ਉਸ ਨੇ ਆਈਪੀਐੱਸ ਮਹਿਲਾ ਅਧਿਕਾਰੀ ਕਲਿਆਣੀ ਸਿੰਘ ਦੇ ਕਿਰਦਾਰ ਨੂੰ ਜੀਵੰਤ ਕਰ ਦਿੱਤਾ ਸੀ। ਮਜ਼ੇਦਾਰ ਗੱਲ ਇਹ ਹੈ ਕਿ ਕਵਿਤਾ ਚੌਧਰੀ ਇਸ ਲੜੀਵਾਰ ਦੀ ਲੇਖਕ ਅਤੇ ਨਿਰਦੇਸ਼ਕ ਸੀ। ਇਸ ਦੇ ਨਾਲ ਹੀ ਉਸ ਨੇ ਇਸ ਵਿੱਚ ਮੁੱਖ ਭੂਮਿਕਾ ਨਿਭਾਈ।

ਉਹ ਬਹੁਤ ਸਾਰੇ ਲੋਕਾਂ ਦੀ ਪ੍ਰੇਰਨਾ ਸਰੋਤ ਸੀ। ਮੇਰੇ ਚੇਤੇ ਵਿੱਚ ਉਹ ਇੱਕ ਸਿੱਧੀ ਸਾਦੀ, ਮਿਹਨਤੀ ਤੇ ਮਹਾਨ ਕਲਾਕਾਰ ਸੀ। ਮੈਨੂੰ ਯਾਦ ਹੈ ਕਿ ਉੜਾਨ ਤੋਂ ਬਾਅਦ ਦੇ ਪ੍ਰੀਵਿਊ ਵੇਲੇ ਉਸ ਨਾਲ ਗੱਲਾਂ ਕਰਨ ਦਾ ਮਜ਼ਾ ਆ ਜਾਂਦਾ ਸੀ। ਉਸ ਨੇ ਆਪਣੇ ਪਿਤਾ ਦੇ ਸੰਘਰਸ਼ ਤੇ ਉਨ੍ਹਾਂ ਦੀ ਤੌਹੀਨ ਅਤੇ ਕਿਰਨ ਬੇਦੀ ਤੋਂ ਬਾਅਦ ਦੂਸਰੀ ਮਹਿਲਾ ਅਧਿਕਾਰੀ ਬਣੀ ਆਪਣੀ ਭੈਣ ਆਈਪੀਐੱਸ ਕੰਚਨ ਚੌਧਰੀ ਦੇ ਸੰਘਰਸ਼ ਅਤੇ ਸਫ਼ਲਤਾ ਤੋਂ ਪ੍ਰੇਰਨਾ ਲਈ। ਉਸ ਨੇ ਆਪਣੀ ਭੈਣ ਕੰਚਨ ਦੇ ਸੰਘਰਸ਼ ਨੂੰ ਲੜੀਵਾਰ ‘ਉੜਾਨ’ ਦੀ ਕਹਾਣੀ ਦਾ ਆਧਾਰ ਬਣਾਇਆ ਅਤੇ ਲੜੀਵਾਰ ਦੀ ਮੁੱਖ ਪਾਤਰ ‘ਕਲਿਆਣੀ ਸਿੰਘ’ ਵਜੋਂ ਆਪ ਸ਼ਾਨਦਾਰ ਭੂਮਿਕਾ ਨਿਭਾਈ। ਕਵਿਤਾ ਚੌਧਰੀ ਦੇ ਭਤੀਜੇ ਅਜੈ ਸਿਆਲ ਅਨੁਸਾਰ ਉਸ ਨੇ ਅੰਮ੍ਰਿਤਸਰ ਦੇ ਪਾਰਵਤੀ ਦੇਵੀ ਹਸਪਤਾਲ ਵਿੱਚ ਆਖ਼ਰੀ ਸਾਹ ਲਏ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਸੀ। ਉਹ ਨੈਸ਼ਨਲ ਸਕੂਲ ਆਫ ਡਰਾਮਾ (ਐੱਨਐੱਸਡੀ) ਤੋਂ ਪੜ੍ਹੀ ਬਿਹਤਰੀਨ ਅਦਾਕਾਰਾ ਸੀ। ਉਸ ਦੇ ਬੈਚਮੈਟ ਅਤੇ ਭਾਰਤੀ ਸਿਨਮਾ ਦੇ ਲੋਕ ਉਸ ਨੂੰ ਯਾਦ ਕਰਦੇ ਹਨ। ਫਿਲਮ ਅਤੇ ਟੈਲੀਵਿਜ਼ਨ ਅਦਾਕਾਰ ਅਨੰਗ ਦੇਸਾਈ ਨੇ ਲਿਖਿਆ, “ਅਸੀਂ ਨੈਸ਼ਨਲ ਸਕੂਲ ਆਫ ਡਰਾਮਾ ਵਿੱਚ ਬੈਚਮੇਟ ਸਾਂ। ਕਵਿਤਾ, ਅਨੁਪਮ (ਖੇਰ), ਮੈਂ, ਸਤੀਸ਼ (ਕੌਸ਼ਿਕ) ਅਤੇ ਹੋਰ ਸਾਥੀ ਇੱਕੋ ਜਮਾਤ ਵਿੱਚ ਪੜ੍ਹਦੇ ਸਾਂ। ਮੇਰੀਆਂ ਕਈ ਚੰਗੀਆਂ ਯਾਦਾਂ ਉਸ ਨਾਲ ਜੁੜੀਆਂ ਹਨ। ਸਮਾਜਿਕ ਜ਼ਿੰਦਗੀ ਵਿੱਚ ਸਾਡਾ ਇੱਕ-ਦੂਜੇ ਨਾਲ ਰਾਬਤਾ ਸੀ ਅਤੇ ਮੁੰਬਈ ਵਿੱਚ ਬਹੁਤ ਵਾਰ ਮਿਲੇ ਸਾਂ। ਉਸ ਨੂੰ ਆਪਣੇ ਕੀਤੇ ਕੰਮ ਲਈ ਯਾਦ ਕੀਤਾ ਜਾਂਦਾ ਹੈ। ਇਹ (ਉਸ ਦੀ ਮੌਤ) ਬਹੁਤ ਦੁਖਦਾਈ ਖ਼ਬਰ ਹੈ।’’ ਉਹ ਕੁਝ ਸਾਲਾਂ ਤੋਂ ਕੈਂਸਰ ਨਾਲ ਜੂਝ ਰਹੀ ਸੀ ਪਰ ਉਹ ਇਸ ਗੱਲ ਨੂੰ ਨਸ਼ਰ ਨਹੀਂ ਕਰਨਾ ਚਾਹੁੰਦੀ ਸੀ।

1980ਵਿਆਂ ਦੇ ਅੰਤ ਵਿੱਚ ਕਵਿਤਾ ਨੂੰ ਔਰਤ ਸਸ਼ਕਤੀਕਰਨ ਦੇ ਪ੍ਰਤੀਕ ਵਜੋਂ ਸਲਾਹਿਆ ਗਿਆ ਸੀ। ਬਾਅਦ ਵਿੱਚ ਉਸ ਨੇ ‘ਯੋਅਰ ਆਨਰ’ ਅਤੇ ‘ਆਈਪੀਐੱਸ ਡਾਇਰੀਜ਼’ ਵਰਗੇ ਲੜੀਵਾਰ ਬਣਾਏ। ਮੈਨੂੰ ਯਾਦ ਹੈ ਕਿ ਕੋਵਿਡ ਮਹਾਮਾਰੀ ਦੌਰਾਨ ਦੂਰਦਰਸ਼ਨ ’ਤੇ ‘ਉੜਾਨ’ ਦਾ ਦੁਬਾਰਾ ਪ੍ਰਸਾਰਣ ਕੀਤਾ ਗਿਆ। ਕੁਝ ਲੋਕਾਂ ਲਈ ਇਹ ਸਿਰਫ਼ ਇੱਕ ਲੜੀਵਾਰ ਸੀ ਪਰ ਇਹ ਆਪਣੇ ਆਪ ਨੂੰ ਉਨ੍ਹਾਂ ਸਥਿਤੀਆਂ ਤੋਂ ਮੁਕਤ ਕਰਨ ਲਈ ਇੱਕ ਹੰਭਲਾ ਸੀ। ਉਸ ਦੀਆਂ ਪ੍ਰਸਿੱਧ ਫਿਲਮਾਂ ਵਿੱਚ ‘ਤੁਮ ਲੌਟ ਆਓ’ ਤੇ ‘ਸੁਹਾਗਣ’ ਬੇਹੱਦ ਪ੍ਰਸੰਗਿਕ ਵਿਸ਼ਿਆਂ ਬਾਰੇ ਸਨ। ਟੈਲੀਵਿਜ਼ਨ ਸੀਰੀਅਲ ‘ਆਈਪੀਐੱਸ ਡਾਇਰੀਜ਼’ ਵੀ ਬੇਹੱਦ ਸਲਾਹਿਆ ਗਿਆ।

ਅਦਾਕਾਰਾ ਕਵਿਤਾ ਚੌਧਰੀ ਦਾ ਚਲਾਣਾ ਇੱਕ ਅਜਿਹੇ ਕਲਾਕਾਰ ਦਾ ਵਿਛੋੜਾ ਹੈ ਜੋ ਆਮ ਸਾਧਾਰਨ ਭਾਰਤੀ ਲੋਕਾਂ ਦੀਆਂ ਯਾਦਾਂ ਵਿੱਚ ਹਮੇਸ਼ਾ ਵਸਦਾ ਰਹੇਗਾ।

* ਲੇਖਕ ਉੱਘਾ ਬ੍ਰਾਡਕਾਸਟਰ ਅਤੇ ਦੂਰਦਰਸ਼ਨ ਦਾ ਉਪ-ਮਹਾਨਿਰਦੇਸ਼ਕ ਰਿਹਾ ਹੈ।

ਸੰਪਰਕ: 94787-30156



News Source link
#ਅਦਕਰ #ਦ #ਵਲਖਣ #ਉੜਨ #ਵਲ #ਕਵਤ #ਚਧਰ

- Advertisement -

More articles

- Advertisement -

Latest article