34.9 C
Patiāla
Saturday, April 27, 2024

ਬੈਂਕ ਨੂੰ ਸੰਨ੍ਹ ਲਾ ਕੇ ਸਟਰਾਂਗ ਰੂਮ ਤਕ ਪਹੁੰਚਿਆ ਮੁਲਜ਼ਮ ਗ੍ਰਿਫ਼ਤਾਰ

Must read


ਨਿੱਜੀ ਪੱਤਰ ਪ੍ਰੇਰਕ

ਗੁਰਦਾਸਪੁਰ , 19 ਫਰਵਰੀ

ਛੁੱਟੀ ’ਤੇ ਆਇਆ ਇੱਕ ਫ਼ੌਜੀ ਬੈਂਕ ਲੁੱਟਣ ਦੀ ਨੀਅਤ ਨਾਲ ਤੇ ਯੋਜਨਾਬੱਧ ਢੰਗ ਨਾਲ ਬੈਂਕ ਦੀ ਕੰਧ ਨੂੰ ਪਾੜ ਲਗਾ ਕੇ ਸਟਰਾਂਗ ਰੂਮ ਤੱਕ ਪਹੁੰਚ ਗਿਆ ਪਰ ਬੈਂਕ ਦੇ ਮੈਨੇਜਰ ਨੂੰ ਸਮੇਂ ’ਤੇ ਈ-ਸਰਵੀਲੈਂਸ ਤੋਂ ਮਿਲੇ ਸੰਦੇਸ਼ ਨਾਲ ਲੁੱਟ ਦੀ ਵਾਰਦਾਤ ਟਲ਼ ਗਈ ਅਤੇ ਮੁਲਜ਼ਮ ਨੂੰ ਪੁਲੀਸ ਨੇ ਕਾਬੂ ਕਰ ਲਿਆ। ਘਟਨਾ ਦੀਨਾਨਗਰ ਦੀ ਹੈ ਜਿੱਥੋਂ ਦੇ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਦਵਿੰਦਰ ਵਸ਼ਿਸ਼ਟ ਬੈਂਕ ਨੂੰ 18 ਫਰਵਰੀ ਦੀ ਸਵੇਰ 2.36 ਵਜੇ ਮੋਬਾਈਲ ’ਤੇ ਆਈਵੀਆਈਐੱਸ, ਹੈਦਰਾਬਾਦ ਤੋਂ ਸਰਵੀਲੈਂਸ ਕਾਲ ਆਈ ਕਿ ਬੈਂਕ ਅੰਦਰ ਮਾਸਕ ਨਾਲ ਮੂੰਹ ਢੱਕ ਕੇ ਇੱਕ ਵਿਅਕਤੀ ਸਟਰਾਂਗ ਰੂਮ ਤੱਕ ਪਹੁੰਚ ਚੁੱਕਿਆ ਹੈ।

ਬੈਂਕ ਦੇ ਮੈਨੇਜਰ ਦਵਿੰਦਰ ਵਸ਼ਿਸ਼ਟ ਨੇ ਦੱਸਿਆ ਕਿ ਜਿਉਂ ਹੀ ਉਨ੍ਹਾਂ ਨੂੰ ਸਵੇਰੇ ਫ਼ੋਨ ’ਤੇ ਇਹ ਸੂਚਨਾ ਮਿਲੀ ਤਾਂ ਉਨ੍ਹਾਂ ਬੈਂਕ ਦੇ ਡਿਪਟੀ ਮੈਨੇਜਰ ਰਾਹੁਲ ਕੁੰਡਲ ਅਤੇ ਸਟਾਫ ਮੈਂਬਰ ਜੋਗਿੰਦਰ ਪਾਲ ਨੂੰ ਬਰਾਂਚ ਵਿੱਚ ਭੇਜਿਆ। ਇਸ ਦੌਰਾਨ ਪੁਲੀਸ ਨੂੰ ਵੀ ਸੂਚਿਤ ਕੀਤਾ ਗਿਆ ਅਤੇ ਪੁਲੀਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਜਿਸ ਨੇ ਮੂੰਹ ਮਾਸਕ ਨਾਲ ਢਕਿਆ ਸੀ। ਇਸ ਦੀ ਪਛਾਣ ਰੋਹਿਤ ਕੁਮਾਰ ਪੁੱਤਰ ਬਚਨ ਲਾਲ ਵਾਸੀ ਮਦਾਰਪੁਰ ਥਾਣਾ ਤਾਰਾਗੜ੍ਹ ਜ਼ਿਲ੍ਹਾ ਪਠਾਨਕੋਟ ਵਜੋਂ ਹੋਈ ਹੈ। ਤਫ਼ਤੀਸ਼ੀ ਅਫ਼ਸਰ ਅਨੁਸਾਰ ਰੋਹਿਤ ਫ਼ੌਜ ਵਿੱਚ ਨੌਕਰੀ ਕਰਦਾ ਹੈ ਅਤੇ ਉਸ ਦੀ ਤਾਇਨਾਤੀ ਪੂਨਾ ਵਿੱਚ ਹੈ। ਇਸ ਸਮੇਂ ਇੱਕ ਮਹੀਨੇ ਦੀ ਛੁੱਟੀ ’ਤੇ ਆਇਆ ਸੀ। ਉਸ ਕੋਲੋਂ ਬਰਾਮਦ ਪਿੱਠੂ ਬੈਗ ਵਿੱਚੋਂ ਇੱਕ ਗੋਲ ਹਥੌੜਾ, ਇੱਕ ਹਥੌੜੀ ,ਤਿੰਨ ਲੋਹੇ ਦੇ ਬਲੇਡ, ਇੱਕ ਸੂਆ, ਇੱਕ ਕਟਰ, ਇੱਕ ਛੈਣੀ ਅਤੇ ਤਿੰਨ ਪੇਚਕਸ ਸ਼ਾਮਲ ਸਨ । ਸੂਤਰਾਂ ਅਨੁਸਾਰ ਰੋਹਿਤ ਜਦੋਂ ਤੋਂ ਛੁੱਟੀ ਆਇਆ ਸੀ ਤਾਂ ਆਪਣੇ ਘਰ ਨਹੀਂ ਗਿਆ ਸੀ। ਪੁਲੀਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਰੋਹਿਤ ਨਾਲ ਇਸ ਵਾਰਦਾਤ ਵਿੱਚ ਉਸ ਦੇ ਕੋਈ ਹੋਰ ਸਾਥੀ ਸ਼ਾਮਲ ਤਾਂ ਨਹੀਂ।



News Source link

- Advertisement -

More articles

- Advertisement -

Latest article