27.2 C
Patiāla
Monday, April 29, 2024

ਪਾਲਤੂ ਕੁੱਤਾ ਬਰਫ਼ ’ਚ 48 ਘੰਟੇ ਕਰਦਾ ਰਿਹਾ ਮਾਲਕ ਦੀ ਦੇਹ ਦੀ ਰੱਖਿਆ

Must read


ਰਵਿੰਦਰ ਸੂਦ

ਪਾਲਮਪੁਰ, 7 ਫਰਵਰੀ

ਧਰਤੀ ਉਪਰ ਕੁੱਤਾ ਹੀ ਅਜਿਹਾ ਜਾਨਵਰ ਹੈ ਜੋ ਆਪਣੇ ਨਾਲੋਂ ਵੀ ਵੱਧ ਤੁਹਾਨੂੰ ਪਿਆਰ ਕਰਦਾ ਹੈ। ਇਹ ਗੱਲ ਉਸ ਵੇਲੇ ਸੱਚ ਹੋਈ ਜਦੋਂ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਬੀੜ-ਬਿਲਿੰਗ ’ਚ ਅਲਫ਼ਾ ਨਾਮ ਦਾ ਜਰਮਨ ਸ਼ੈਫਰਡ ਬਰਫ਼ ’ਚ ਨੌਂ ਹਜ਼ਾਰ ਫੁੱਟ ਉਚਾਈ ’ਤੇ 48 ਘੰਟੇ ਤੱਕ ਆਪਣੇ ਮਾਲਕ ਅਭਿਨੰਦਨ ਗੁਪਤਾ ਦੀ ਲਾਸ਼ ਕੋਲ ਪਹਿਰਾ ਦਿੰਦਾ ਰਿਹਾ। ਅਲਫ਼ਾ ਨੇ ਜੰਗਲੀ ਜਾਨਵਰਾਂ ਜਿਵੇਂ ਕਾਲਾ ਰਿੱਛ ਤੇ ਤੇਂਦੂਏ ਤੋਂ ਸਿਰਫ ਆਪਣੀ ਜਾਨ ਹੀ ਨਹੀਂ ਬਚਾਈ ਬਲਕਿ ਉਸ ਨੇ ਆਪਣੇ ਮਾਲਕ ਅਤੇ ਉਸ ਦੀ ਦੋਸਤ ਦੀ ਲਾਸ਼ ਦੀ ਵੀ ਰੱਖਿਆ ਕੀਤੀ। ਲਾਸ਼ਾਂ ’ਤੇ ਜੰਗਲੀ ਜਾਨਵਰਾਂ ਦੇ ਹਮਲੇ ਦੇ ਨਿਸ਼ਾਨ ਸਨ। ਅਭਿਨੰਦਨ ਦੇ ਪਰਿਵਾਰਕ ਮੈਂਬਰ ਮ੍ਰਿਤਕ ਦੇਹ ਅਤੇ ਆਪਣੇ ਪਾਲਤੂ ਕੁੱਤੇ ਨੂੰ ਪਠਾਨਕੋਟ ਲੈ ਜਾਣ ਲਈ ਬੈਜਨਾਥ ਪਹੁੰਚ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਹੁਣ ਅਲਫ਼ਾ ਹੀ ਅਭਿਨੰਦਨ ਦੀ ਨਿਸ਼ਾਨੀ ਰਹਿ ਗਿਆ ਹੈ। ਜਾਣਕਾਰੀ ਅਨੁਸਾਰ ਅਭਿਨੰਦਨ ਪੁਣੇ ਤੋਂ ਆਏ ਆਪਣੇ ਦੋਸਤ ਪਰਨੀਤਾ ਬਲ ਸਾਹਿਬ ਨਾਲ ਆਪਣੀ ਕਾਰ ਵਿੱਚ ਐਤਵਾਰ ਨੂੰ ਬਿਲਿੰਗ ਗਏ ਸਨ, ਜੋ ਪਾਲਮਪੁਰ ਦੇ ਨਜ਼ਦੀਕ ਇੱਕ ਮਸ਼ਹੂਰ ਸੈਰ-ਸਪਾਟਾ ਸਥਾਨ ਹੈ। ਭਾਰੀ ਬਰਫ਼ਬਾਰੀ ਦੇ ਕਾਰਨ ਉਹ ਆਪਣੀ ਕਾਰ ਨੂੰ ਅੱਧੇ ਰਾਹ ’ਚ ਹੀ ਖੜ੍ਹਾ ਕੇ ਪੈਦਲ ਹੀ ਆਪਣੇ ਕੁੱਤੇ ਅਲਫ਼ਾ ਨਾਲ ਬਿਲਿੰਗ ਵੱਲ ਤੁਰ ਪਏ। ਬੀੜ ਨੇੜੇ ਚੋਗਾਨ ’ਚ ਆਪਣੇ ਬੇਸ ਕੈਂਪ ਵੱਲ ਪਰਤਦੇ ਸਮੇਂ ਦੋਵੇਂ ਭਾਰੀ ਬਰਫ਼ ’ਚ ਤਿਲਕਣ ਕਾਰਨ ਇੱਕ ਡੂੰਘੀ ਖੱਡ ਵਿੱਚ ਜਾ ਡਿੱਗੇ। ਮੁੱਢਲੀ ਜਾਂਚ ’ਚ ਪਤਾ ਲੱਗਾ ਕਿ ਦੋਵਾਂ ਨੇ ਖੱਡ ਤੋਂ ਬਾਹਰ ਆਉਣ ਲਈ ਕਾਫੀ ਕੋਸ਼ਿਸ਼ ਵੀ ਕੀਤੀ ਪਰ ਅਸਫ਼ਲ ਰਹੇ। ਦੇਖਣ ਵਿੱਚ ਲੱਗ ਰਿਹਾ ਸੀ ਕਿ ਕੜਾਕੇ ਦੀ ਠੰਢ ਤੇ ਸੱਟਾਂ ਕਾਰਨ ਦੋਵਾਂ ਦੀ ਮੌਤ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਪੁਲੀਸ ਤੇ ਪੈਰਾਗਲਾਈਡਰਾਂ ਦੀ ਬਚਾਅ ਟੀਮ ਲਾਸ਼ਾਂ ਕੋਲ ਪਹੁੰਚੀ ਤਾਂ ਉਥੇ ਉਨ੍ਹਾਂ ਨੇ ਕੁੱਤਾ ਰੋਂਦਾ ਹੋਇਆ ਮਿਲਿਆ। ਅਲਫ਼ਾ ਨੂੰ ਵੀ ਸੱਟਾਂ ਲੱਗੀਆਂ ਸਨ ਪਰ ਉਹ ਬਚ ਗਿਆ ਤੇ ਮੰਗਲਵਾਰ ਤੱਕ ਲਾਸ਼ਾਂ ਦੀ ਰਾਖੀ ਕਰਦਾ ਰਿਹਾ।

 



News Source link

- Advertisement -

More articles

- Advertisement -

Latest article