25.2 C
Patiāla
Sunday, April 28, 2024

ਕਤਲ ਕਾਂਡ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ

Must read


ਹਰਜੀਤ ਸਿੰਘ
ਖਨੌਰੀ, 7 ਫਰਵਰੀ
ਪਿੰਡ ਬਨਾਰਸੀ ਵਿੱਚ ਬੀਤੇ ਦਿਨੀਂ ਗੁਆਂਢੀਆਂ ਵੱਲੋਂ ਕੁੱਟ-ਮਾਰ ਕੀਤੇ ਜਾਣ ਮਗਰੋਂ ਮਾਰੇ ਗਏ ਨਰੇਸ਼ ਕੁਮਾਰ (38) ਦੇ ਪਰਿਵਾਰ ਨੇ ਪੁਲੀਸ ’ਤੇ ਢਿੱਲੀ ਕਾਰਗੁਜ਼ਾਰੀ ਕਰਨ ਦਾ ਦੋਸ਼ ਲਾਉਂਦਿਆਂ ਅੱਜ ਖਨੌਰੀ ਦੇ ਬੱਸ ਸਟੈਂਡ ਸਾਹਮਣੇ ਸੰਗਰੂਰ-ਦਿੱਲੀ ਮਾਰਗ ’ਤੇ ਨੌਜਵਾਨ ਦੀ ਲਾਸ਼ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ‌ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਰਾਜੇਸ਼ ਕੁਮਾਰ, ਧੰਨਰਾਜ, ਸਤ ਨਰਾਇਣ ਤੇ ਹੋਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਨਰੇਸ਼ ਕੁਮਾਰ ਬੀਤੀ 5 ਫਰਵਰੀ ਨੂੰ ਪਿੰਡ ਵਿੱਚ ਹੀ ਇੱਕ ਮਿਸਤਰੀ ਦੀ ਦੁਕਾਨ ’ਤੇ ਤਾਸ਼ ਖੇਡ ਰਿਹਾ ਸੀ ਜਦੋਂ ਗੁਆਂਢੀਆਂ ਨੇ ਫੋਨ ਕਰਕੇ ਉਸ ਨੂੰ ਘਰੇ ਸੱਦਿਆ। ਨਰੇਸ਼ ਜਦੋਂ ਆਪਣੇ ਘਰ ਸਾਹਮਣੇ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਮੁਲਜ਼ਮਾਂ ਨੇ ਉਸ ’ਤੇ ਡਾਂਗਾਂ ਸੋਟਿਆਂ ਨਾਲ ਹਮਲਾ ਕਰ ਦਿੱਤਾ। ਇਸ ਕੁੱਟਮਾਰ ਕਾਰਨ ਨਰੇਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੇ ਭਰਾ ਧੰਨਰਾਜ ਪੁੱਤਰ ਸ੍ਰੀ ਚੰਦ ਦੇ ਬਿਆਨਾਂ ਦੇ ਆਧਾਰ ’ਤੇ 10 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਪਰ ਦੋ ਦਿਨਾਂ ਬਾਅਦ ਵੀ ਹਾਲੇ ਸਿਰਫ਼ ਦੋ ਮੁਲਜ਼ਮਾਂ ਨੂੰ ਹੀ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਤਹਿਤ ਅੱਜ ਪੀਡ਼ਤ ਪਰਿਵਾਰ ਨੇ ਆਵਾਜਾਈ ਜਾਮ ਕਰਕੇ ਧਰਨਾ ਦਿੱਤਾ। ਧਰਨੇ ਦੀ ਸੂਚਨਾ ਮਿਲਣ ਮਗਰੋਂ ਡੀਐੱਸਪੀ (ਮੂਨਕ) ਪਰਮਿੰਦਰ ਸਿੰਘ ਗਰੇਵਾਲ, ਐੱਸਐੱਚਓ (ਖਨੌਰੀ) ਹਰਸਵੀਰ ਸਿੰਘ ਸੰਧੂ, ਐੱਸਐੱਚਓ (ਮੂਨਕ) ਇੰਦਰਪਾਲ ਸਿੰਘ ਤੇ ਪੁਲੀਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਪੀਡ਼ਤ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਛੇਤੀ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਮਗਰੋਂ ਕਰੀਬ ਡੇਢ ਘੰਟੇ ਬਾਅਦ ਧਰਨਾ ਸਮਾਪਤ ਕੀਤਾ ਗਿਆ। ਡੀਐੱਸਪੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਕੇਸ ਵਿੱਚ ਰਾਮਪਾਲ ਤੇ ਰਾਮਕਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਬਾਕੀ ਮੁਲਜ਼ਮ ਫਰਾਰ ਹਨ।

The post ਕਤਲ ਕਾਂਡ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ appeared first on Punjabi Tribune.



News Source link

- Advertisement -

More articles

- Advertisement -

Latest article