27.2 C
Patiāla
Monday, April 29, 2024

ਪਿੰਡ ਵਾਸੀਆਂ ਨੇ ਹਾਈਵੇਅ ਅਥਾਰਟੀ ਦੇ ਪੁਲ ਨਿਰਮਾਣ ਦਾ ਕੰਮ ਰੁਕਵਾਇਆ

Must read


ਸੰਜੀਵ ਬੱਬੀ

ਚਮਕੌਰ ਸਾਹਿਬ, 28 ਜਨਵਰੀ

ਪਿੰਡ ਕੋਟਲੀ ਤੇ ਦੁੱਗਰੀ ਕੋਲ ਭਾਰਤ ਮਾਲਾ ਪ੍ਰਾਜੈਕਟ ਤਹਿਤ ਬਣਾਏ ਜਾ ਰਹੇ ਨੈਸ਼ਨਲ ਹਾਈਵੇਅ ਪੁਲ ਨੂੰ ਲੋਕਾਂ ਨੇ ਵਿਰੋਧ ਕਰਦਿਆਂ ਬੰਦ ਕਰਵਾ ਦਿੱਤਾ ਹੈ ਜਿਸ ਕਾਰਨ ਇਸ ਸੜਕ ’ਤੇ ਆਵਾਜਾਈ ਵੀ ਕਾਫੀ ਸਮਾਂ ਬੰਦ ਰਹੀ। ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਕਤ ਥਾਂ ’ਤੇ 15 ਫੁੱਟ ਉੱਚਾ ਬਣਾਇਆ ਜਾ ਰਿਹਾ ਪੁਲ ਇਲਾਕੇ ਦੇ ਕਿਸਾਨਾਂ ਲਈ ਬਹੁਤ ਹੀ ਨੀਵਾਂ ਹੈ ਅਤੇ ਇਸ ਪੁਲ ਨੂੰ ਘੱਟੋ ਘੱਟ 18 ਫੁੱਟ ਉੱਚਾ ਬਣਾਇਆ ਜਾਵੇ। ਕਿਸਾਨ ਆਗੂ ਜੁਝਾਰ ਸਿੰਘ, ਜਸਪ੍ਰੀਤ ਸਿੰਘ, ਦੀਦਾਰ ਸਿੰਘ, ਸੁਖਵਿੰਦਰ ਸਿੰਘ ਅਤੇ ਨੰਬਰਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਇਲਾਕਾ ਕਿਸਾਨੀ ਨਾਲ ਸਬੰਧਤ ਹੋਣ ਕਰਕੇ ਕਿਸਾਨਾਂ ਦੀਆਂ ਕੰਬਾਈਨਾਂ ਜੋ ਕਿ 15 ਫੁੱਟ ਦੇ ਕਰੀਬ ਉੱਚੀਆਂ ਹੁੰਦੀਆਂ ਹਨ ਅਤੇ ਗੰਨੇ ਆਦਿ ਨਾਲ ਭਰੀਆਂ ਟਰੈਕਟਰ ਟਰਾਲੀਆਂ ਇਸ 15 ਫੁੱਟ ਉੱਚੇ ਪੁਲ ਹੇਠੋਂ ਕਿਵੇਂ ਲੰਘ ਜਾਣਗੀਆਂ। ਉਨ੍ਹਾਂ ਕਿਹਾ ਕਿ ਹਰ ਵਾਰ ਮੁਰੰਮਤ ਕਰਨ ਨਾਲ ਉਕਤ ਗੁਰੂ ਗੋਬਿੰਦ ਸਿੰਘ ਮਾਰਗ ਉੱਚਾ ਹੁੰਦਾ ਹੈ, ਜਿਸ ਕਾਰਨ ਨੀਵਾਂ ਪੁਲ ਕਿਵੇਂ ਬਚ ਸਕੇਗਾ। ਮੌਕੇ ’ਤੇ ਪੁੱਜੇ ਥਾਣਾ ਮੁਖੀ ਹਰਸ਼ ਮੋਹਣ ਗੌਤਮ ਨੇ ਕਿਸਾਨਾਂ ਨਾਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨਾਲ ਗੱਲ ਕਰਵਾਈ ਤੇ ਪੁਲ ਦੇ ਨਿਰਮਾਣ ਨੂੰ ਕੁੱਝ ਦਿਨਾਂ ਲਈ ਰੋਕ ਦਿੱਤਾ ਗਿਆ ਹੈ। ਦੂਜੇ ਪਾਸੇ ਅਥਾਰਟੀ ਦੇ ਅਧਿਕਾਰੀਆਂ ਨੇ ਵੀ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਧਿਆਨ ਰੱਖ ਕੇ ਹੀ ਨਿਰਮਾਣ ਕਰਵਾਉਣਗੇ। ਇਸ ਮੌਕੇ ਸਾਧੂ ਸਿੰਘ, ਕੁਲਦੀਪ ਸਿੰਘ, ਬਹਾਦਰ ਸਿੰਘ ਅਤੇ ਪਰਮਜੀਤ ਸਿੰਘ ਹਾਜ਼ਰ ਸਨ।



News Source link

- Advertisement -

More articles

- Advertisement -

Latest article