27.2 C
Patiāla
Monday, April 29, 2024

ਪੇਂਡੂ ਖੇਤਰਾਂ ਵਿੱਚ ਬਿਜਲੀ ਸਪਲਾਈ ਪੂਰੀ ਨਾ ਮਿਲਣ ’ਤੇ ਰੋਸ ਵਧਿਆ

Must read


ਪੱਤਰ ਪ੍ਰੇਰਕ

ਪਾਇਲ, 25 ਜਨਵਰੀ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਲਈ ਮੋਟਰਾਂ ਦੀ ਦਿਨ ਵਿਚ ਸਪਲਾਈ ਨਾ ਆਉਣ ਅਤੇ ਘਰੇਲੂ ਬਿਜਲੀ ਸਪਲਾਈ ’ਤੇ ਵਾਰ ਵਾਰ ਕੱਟ ਲੱਗਣ ਦੇ ਵਿਰੋਧ ਵਿੱਚ ਸਬ ਡਿਵੀਜ਼ਨ ਘੁਡਾਣੀ ਕਲਾਂ ਦੇ ਐੱਸਡੀਓ ਰਾਹੀਂ ਪਾਵਰਕੌਮ ਦੇ ਚੇਅਰਮੈਨ ਨੂੰ ਮੰਗ ਪੱਤਰ ਭੇਜਿਆ ਗਿਆ ਜੋ ਐਸਡੀਓ ਛੁੱਟੀ ’ਤੇ ਹੋਣ ਕਾਰਨ ਜੁਗਰਾਜ ਸਿੰਘ ਨੂੰ ਦਿੱਤਾ ਗਿਆ। ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਠੰਢ ਜ਼ਿਆਦਾ ਪੈਣ ਕਾਰਨ ਫਸਲਾਂ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੈ ਪਰ ਮੋਟਰਾਂ ’ਤੇ ਦਿਨੇ ਸਪਲਾਈ ਨਾ ਆਉਣ ਕਾਰਨ ਜਾਂ ਬਹੁਤ ਘੱਟ ਆਉਣ ਕਾਰਨ ਕਿਸਾਨਾਂ ਨੂੰ ਠੰਢ ਵਿੱਚ ਰਾਤ ਨੂੰ ਪਾਣੀ ਲਾਉਣਾ ਪੈ ਰਿਹਾ ਹੈ ਜਿਸ ਕਾਰਨ ਕਿਸਾਨਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ 24 ਘੰਟੇ ਘਰੇਲੂ ਸਪਲਾਈ ਤੇ ਸਵੇਰੇ ਸ਼ਾਮੀ ਕੰਮ ਦੇ ਟਾਈਮ ਕੱਟ ਲਾਏ ਜਾ ਰਹੇ ਹਨ ਜਿਸ ਕਾਰਨ ਆਮ ਜਨਤਾ ਨੂੰ ਬਹੁਤ ਦਿੱਕਤ ਆਉਂਦੀ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਖੇਤੀ ਖੇਤਰ ਲਈ ਮੋਟਰਾਂ ਦੀ ਸਪਲਾਈ ਰੋਜ਼ਾਨਾ ਦਿਨ ਵੇਲੇ ਦਿੱਤੀ ਜਾਵੇ, ਘਰੇਲੂ ਸਪਲਾਈ ’ਤੇ ਕੱਟ ਲਾਉਣੇ ਬੰਦ ਕੀਤੇ ਜਾਣ, ਮੋਟਰਾਂ ਦੇ ਜਨਰਲ ਕੈਟਾਗਰੀ ਦੇ ਕੁਨੈਕਸ਼ਨ ਜਾਰੀ ਕੀਤੀ ਜਾਣ, ਪੱਕੇ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇ ਤੇ ਲੋੜੀਂਦੇ ਸਾਮਾਨ ਦਾ ਪਹਿਲਾ ਹੀ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਸੁਦਾਗਰ ਸਿੰਘ ਘੁਡਾਣੀ, ਜਸਵੀਰ ਸਿੰਘ ਅਸ਼ਗਰੀਪੁਰ, ਸਰਬਜੀਤ ਸਿੰਘ, ਚਰਨ ਸਿੰਘ, ਸ਼ਿੰਦਰ ਸਿੰਘ, ਪਰਗਟ ਸਿੰਘ, ਨਿਰਮਲ ਸਿੰਘ ਹਾਜ਼ਰ ਸਨ।

ਲੋਕ ਇਨਸਾਫ ਪਾਰਟੀ ਵੱਲੋਂ ਬਿਜਲੀ ਸਪਲਾਈ ਨਾ ਮਿਲਣ ’ਤੇ ਸੰਘਰਸ਼ ਕਰਨ ਦਾ ਐਲਾਨ

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਵਿੱਚ ਰਿਕਾਰਡ ਤੋੜ ਸੀਤ ਲਹਿਰ ਵਿੱਚ ਵੀ ਪੇਂਡੂ ਖੇਤਰਾਂ ਵਿੱਚ ਲਗਾਏ ਜਾ ਰਹੇ 12 ਤੋਂ 15 ਘੰਟੇ ਦੇ ਅਣਐਲਾਨੇ ਬਿਜਲੀ ਕੱਟਾਂ ਦੀ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਿਰੰਤਰ ਬਿਜਲੀ ਸਪਲਾਈ ਨਾ ਮਿਲੀ ਤਾਂ ਪਾਰਟੀ ਸੜਕਾਂ ’ਤੇ ਉਤਰ ਕੇ ਵਿਰੋਧ ਕਰੇਗੀ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇੱਕ ਬਿਜਲੀ ਦੇ ਕੱਟ ਅਤੇ ਉੱਤੋਂ ਕੜਾਕੇ ਦੀ ਠੰਢ ਕਰਕੇ ਪੰਜਾਬ ਅੰਦਰ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ। ਪੰਜਾਬ ਵਿੱਚ ਅੱਜ ਬਿਜਲੀ ਦਾ ਸੰਕਟ ਇਸ ਕਦਰ ਵੱਧ ਗਿਆ ਹੈ ਕਿ ਸਰਕਾਰ ਨੂੰ ਸ਼ਹਿਰੀ ਖੇਤਰ ਵਿੱਚ ਵੀ ਕੱਟ ਲਗਾਉਣੇ ਪੈ ਰਹੇ ਹਨ। ਬੈਂਸ ਨੇ ਕਿਹਾ ਕਿ ਅਜਿਹੀ ਮੁਫ਼ਤ ਬਿਜਲੀ ਦਾ ਕੀ ਫ਼ਾਇਦਾ ਜਿਹੜੀ ਲੋਕਾਂ ਨੂੰ ਮਿਲਦੀ ਹੀ ਨਹੀਂ। ਉਨ੍ਹਾਂ ਕਿਹਾ ਕਿ 24 ਘੰਟੇ ਬਿਜਲੀ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਅੱਜ ਆਪਣੇ ਕੀਤੇ ਵਾਅਦੇ ਤੋਂ ਕਿਉਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਮੱਚੀ ਹਾਹਾਕਾਰ ਕਾਰਨ ਅੱਜ ਪਾਵਰਕੌਮ ਅਧਿਕਾਰੀਆਂ ਵੱਲੋਂ ਆਪਣਾ ਪੱਲਾ ਝਾੜਨ ਲਈ ਆਪ ਹੀ ਬਿਜਲੀ ਸੰਕਟ ਦੇ ਖ਼ੁਲਾਸੇ ਕਰਨੇ ਸ਼ੁਰੂ ਕੀਤੇ ਗਏ ਹਨ ਕਿ ਇਸ ਵੇਲੇ ਪੰਜਾਬ ਨੂੰ 10000 ਮੈਗਾਵਾਟ ਬਿਜਲੀ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਕੋਲ 8500 ਮੈਗਾਵਾਟ ਹੀ ਮੌਜੂਦ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸੰਕਟ ਕਾਰਨ ਪੰਜਾਬ ਦੇ ਹਾਲਾਤ ਅਜੇ ਸੁਧਰਨ ਦੀ ਕੋਈ ਆਸ ਵੀ ਨਹੀਂ ਜਾਪਦੀ ਤੇ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਬੈਂਸ ਨੇ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਬਿਜਲੀ ਸੰਕਟ ਨੂੰ ਗੰਭੀਰਤਾ ਨਾਲ ਨਾ ਲਿਆ ਅਤੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਸਪਲਾਈ ਤਰਤੀਬ ਨਾਲ ਨਾ ਦਿੱਤੀ ਤਾਂ ਲੋਕ ਇਨਸਾਫ਼ ਪਾਰਟੀ ਇਸ ਦਾ ਵਿਰੋਧ ਕਰਦੀ ਹੋਈ ਸੜਕਾਂ ਉਤੇ ਉਤਰੇਗੀ।



News Source link

- Advertisement -

More articles

- Advertisement -

Latest article