25.2 C
Patiāla
Sunday, April 28, 2024

ਫ਼ਤਿਹਗੜ੍ਹ ਚੂੜੀਆਂ ਰੇਲਵੇ ਸਟੇਸ਼ਨ ’ਤੇ ਖੰਨਾ ਪੇਪਰ ਮਿਲ ਅਤੇ ਰੇਲਵੇ ਬੋਰਡ ਵਿਰੁੱਧ ਰੋਸ ਮੁਜ਼ਾਹਰਾ

Must read


ਹਰਪਾਲ ਸਿੰਘ ਨਾਗਰਾ

ਫ਼ਤਿਹਗੜ੍ਹ ਚੂੜੀਆਂ, 25 ਜਨਵਰੀ

ਰੇਲਵੇ ਸਟੇਸ਼ਨ ਫਤਿਹਗੜ੍ਹ ਚੂੜੀਆਂ ‘ਤੇ ਖੰਨਾ ਪੇਪਰ ਮਿੱਲ ਅੰਮ੍ਰਿਤਸਰ ਵੱਲੋਂ ਮਾਲ ਗੱਡੀ ਰਾਹੀਂ ਉਤਾਰੇ ਜਾਂਦੇ ਕੋਲੇ ਵਿਰੁੱਧ ਕਿਰਤੀ ਕਿਸਾਨ ਯੂਨੀਅਨ ਅਤੇ ਇਲਾਕੇ ਦੇ ਲੋਕਾਂ ਵੱਲੋਂ ਖੰਨਾ ਪੇਪਰ ਮਿਲ ਅਤੇ ਰੇਲਵੇ ਬੋਰਡ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਤਲਵੰਡੀ ਨਾਹਰ ਨੇ ਦੱਸਿਆ ਕਿ ਇਨ੍ਹਾਂ ਕੋਲੇ ਦੇ ਰੈਕਾਂ ਦੇ ਵਿਰੋਧ ਵਿੱਚ ਪਿੰਡ ਤਲਵੰਡੀ ਨਾਹਰ, ਬੋਹੜਵਾਲਾ, ਰੇਲਵੇ ਸਟੇਸ਼ਨ ਕਲੋਨੀ, ਖ਼ਾਲਸਾ ਕਲੋਨੀ, ਮੱਦੂਛਾਂਗਾ, ਤਲਵੰਡੀ ਭੰਗਵਾਂ, ਕੋਟ ਮੁਗਲ ਅਤੇ ਨਾਲ ਲੱਗਦੇ ਡੇਰਿਆਂ ਦੇ ਵਸਨੀਕਾਂ ਨੇ ਕਿਸਾਨ ਜਥੇਬੰਦੀਆਂ ਨਾਲ ਮਿਲਕੇ ਪਿਛਲੇ ਸਮੇਂ ਦੌਰਾਨ ਲੰਬਾਂ ਸੰਘਰਸ਼ ਕਰਦਿਆਂ ਰੋਸ ਪ੍ਰਦਰਸ਼ਨ ਕੀਤੇ ਸਨ। ਉਨ੍ਹਾਂ ਦੱਸਿਆ ਕਿ ਪਿੱਛਲੇ ਸਾਲ 7 ਜੁਲਾਈ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਐੱਸ.ਡੀ.ਐੱਮ ਅਜਨਾਲਾ, ਨਾਇਬ ਤਹਿਸੀਲਦਾਰ ਅਜਨਾਲਾ, ਖੰਨਾ ਪੇਪਰ ਮਿਲ ਅਤੇ ਰੇਲਵੇ ਬੋਰਡ ਦੇ ਅਧਿਕਾਰੀਆਂ ਦਾ ਇਲਾਕਾ ਨਿਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਨਾਲ ਲਿਖਤੀ ਫ਼ੈਸਲਾ ਹੋਇਆ ਸੀ ਕਿ 31 ਅਕਤੂਬਰ 23 ਤੱਕ ਹੀ ਇਥੇ ਕੋਲੇ ਦੇ ਰੈਕ ਉਤਾਰੇ ਜਾਣਗੇ। ਉਨ੍ਹਾਂ ਕਿਹਾ ਕਿ ਹੁਣ ਦੁਬਾਰਾ ਕੋਲੇ ਦੇ ਰੈਕਾਂ ਨੂੰ ਰੇਲਵੇ ਸਟੇਸ਼ਨ ’ਤੇ ਉਤਾਰਨ ਬਾਰੇ ਪਤਾ ਲੱਗਣ ’ਤੇ ਕਿਸਾਨ ਜਥੇਬੰਦੀਆਂ ਅਤੇ ਇਲਾਕੇ ਦੇ ਲੋਕਾਂ ਨੇ ਖੰਨਾ ਪੇਪਰ ਮਿਲ ਅਤੇ ਰੇਲਵੇ ਬੋਰਡ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਕੋਲੇ ਕਾਰਨ ਸਥਾਨਕ ਲੋਕਾਂ ਨੂੰ ਭਿਆਨਕ ਬਿਮਾਰੀਆਂ ਲੱਗ ਰਹੀਆਂ ਹਨ, ਉਥੇ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਨੇੜਲੇ ਸਕੂਲਾਂ ਵਿਚ ਪੜ੍ਹਦੇ ਬੱਚੇ ਵੱਖ-ਵੱਖ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਪਰ ਪ੍ਰਸ਼ਾਸਨ ਖੰਨਾ ਪੇਪਰ ਮਿਲ ਦਾ ਸਾਥ ਦਿੰਦਾ ਨਜ਼ਰ ਆ ਰਿਹਾ ਹੈ, ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ।

ਕਿਸਾਨ ਆਗੂ ਸੁਖਦੇਵ ਸਿੰਘ ਨੇ ਦੋਸ਼ ਲਾਇਆ ਕਿ ਕਿ ਖੰਨਾ ਪੇਪਰ ਮਿਲ ਦੇ ਠੇਕੇਦਾਰ ਵੱਲੋਂ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕਿਸਾਨ ਜਥੇਬੰਦੀਆਂ ਅਤੇ ਇਲਾਕੇ ਦੇ ਲੋਕਾਂ ਨਾਲ ਵਾਅਦਾ ਕਰਕੇ ਪਿੱਛੇ ਨੂੰ ਪੈਰ ਖਿੱਚ ਰਿਹਾ ਹੈ ਅਤੇ ਜੇਕਰ ਪ੍ਰਸ਼ਾਸਨ ਵੱਲੋਂ ਰੇਲਵੇ ਸਟੇਸ਼ਨ ’ਤੇ ਕੋਲੇ ਦੇ ਰੈਕਾਂ ਨੂੰ ਉਤਾਰਨ ਤੋਂ ਨਾ ਰੋਕਿਆ ਗਿਆ ਤਾਂ ਕਿਸਾਨ ਜਥੇਬੰਦੀਆਂ ਲੋਕਾਂ ਦੇ ਸਹਿਯੋਗ ਨਾਲ ਵੱਡਾ ਸੰਘਰਸ਼ ਵਿੱਢ ਕੇ ਰੇਲ ਤੇ ਮਾਲ ਗੱਡੀ ਨੂੰ ਰੋਕਣ ਲਈ ਮਜਬੂਰ ਹੋਣਗੇ। ਇਸ ਮੌਕੇ ਸੁਰਜੀਤ ਸਿੰਘ ਮਠਾਰੂ, ਬਲਜਿੰਦਰ ਸਿੰਘ, ਪ੍ਰਤਾਪ ਸਿੰਘ, ਹਰਦੇਵ ਸਿੰਘ ਸਰਕਾਰੀਆ, ਹਰਜਿੰਦਰ ਸਿੰਘ ਨਵਾਂ ਪਿੰਡ, ਬਲਬੀਰ ਸਿੰਘ ਫੌਜੀ, ਪਾਲ ਸਿੰਘ ਸਾਬਕਾ ਸਰਪੰਚ, ਬਲਜੀਤ ਸਿੰਘ ਚੌਹਾਨ, ਦਲੀਪ ਸਿੰਘ ਨੰਬਰਦਾਰ, ਗੁਰਦੀਪ ਸਿੰਘ ਫੌਜੀ, ਦਵਿੰਦਰ ਸਿੰਘ, ਬਲਦੇਵ ਸਿੰਘ, ਕਸ਼ਮੀਰ ਸਿੰਘ, ਕੁਲਦੀਪ ਸਿੰਘ, ਅਮਰੀਕ ਸਿੰਘ, ਓਮ ਪ੍ਰਕਾਸ਼, ਬੁੱਧ ਸਿੰਘ ਤਲਵੰਡੀ ਨਾਹਰ , ਪ੍ਰਧਾਨ ਬਖਸ਼ੀਸ਼ ਸਿੰਘ ਅਤੇ ਬਲਵਿੰਦਰ ਸਿੰਘ ਫੌਜੀ ਹਾਜ਼ਰ ਸਨ।



News Source link

- Advertisement -

More articles

- Advertisement -

Latest article