26.6 C
Patiāla
Monday, April 29, 2024

ਕਿਸ਼ਤਾਂ ਵਾਲਾ ਸਾਈਕਲ – Punjabi Tribune

Must read


ਰਮੇਸ਼ ਭਾਰਦਵਾਜ

ਸਾਡਾ ਜੱਦੀ ਪਿੰਡ ਗੰਢੂਆਂ ਹੈ ਪਰ ਮੇਰਾ ਜਨਮ ਲਹਿਰੇਗਾਗੇ ਦਾ ਹੈ। ਦਾਦਾ ਜੀ ਇਲਾਕੇ ਦੇ ਮੰਨੇ-ਪ੍ਰਮੰਨੇ ਵੈਦ ਸਨ ਅਤੇ ਉਨ੍ਹਾਂ ਪੈਸੇ ਕਮਾਉਣ ਦੀ ਥਾਂ ਲੋਕਾਂ ਦੀ ਸਿਹਤ ਤੇ ਸੇਵਾ ਨੂੰ ਮੁੱਖ ਰੱਖਿਆ। ਪਿਤਾ ਜੀ ਆਰਐੱਮਪੀ ਸਨ ਅਤੇ ਉਹ ਅੰਗਰੇਜ਼ੀ ਦਵਾਈਆਂ ਦਾ ਕੰਮ ਕਰਦੇ ਸਨ। ਉਨ੍ਹਾਂ ਵੀ ਪੂਰੀ ਜਿ਼ੰਦਗੀ ਪੈਸੇ ਕਮਾਉਣ ਦੀ ਥਾਂ ਮੇਰੇ ਦਾਦਾ ਜੀ ਦੇ ਨਕਸ਼ੇ-ਕਦਮ ਹੀ ਅਪਣਾਏ।

ਮੇਰੇ ਜਨਮ ਤੋਂ ਪਹਿਲਾਂ ਹੀ ਮੇਰੇ ਪਿਤਾ ਜੀ ਲਹਿਰਾਗਾਗਾ ਰਹੇ। ਉਨ੍ਹਾਂ 1952-53 ਵਿਚ ਮੰਦਰ ਵਾਲੀ ਦੁਕਾਨ ਕਿਰਾਏ ’ਤੇ ਲਈ ਅਤੇ ਦਵਾਈਆਂ ਦਾ ਸਾਧਾਰਨ ਕੰਮ ਚਲਾਇਆ। ਉਸ ਸਮੇਂ ਸਾਈਕਲ ਆਮ ਨਹੀਂ ਸੀ ਜਾਂ ਕਹੀਏ, ਆਮ ਲੋਕਾਂ ਦੀ ਪਹੁੰਚ ਵਿਚ ਨਹੀਂ ਸਨ। ਪਿਤਾ ਜੀ ਦੀ ਕਬੀਲਦਾਰੀ ਵੀ ਵੱਡੀ ਸੀ। ਉਨ੍ਹਾਂ ਦੀਆਂ ਆਪਣੀਆਂ ਚਾਰ ਭੈਣਾਂ ਅਤੇ ਅਸੀਂ ਛੇ ਭੈਣ ਭਰਾ ਸਾਂ। ਬੱਸ ਘਰ ਦਾ ਗੁਜ਼ਾਰਾ ਹੀ ਚਲਦਾ ਸੀ। ਪਰਿਵਾਰ ਬੇਜ਼ਮੀਨਾ ਸੀ। ਸਭ ਦੇ ਮਨ ਦੀ ਇੱਛਾ ਪੂਰੀ ਕਰਨਾ ਪਿਤਾ ਜੀ ਦੇ ਵਸ ਵਿਚ ਨਹੀਂ ਸੀ। ਪੜ੍ਹਨ ਸਮੇਂ 20-30 ਪੈਸੇ ਜੇਬ ਖਰਚ ਲਈ ਜ਼ਰੂਰ ਮਿਲਦੇ ਸਨ। ਉਦੋਂ ਮਨ ਅੰਦਰ ਸਾਈਕਲ ਲੈਣ ਦੀ ਬਹੁਤ ਇੱਛਾ ਸੀ, ਬੇਸ਼ੱਕ ਉਨ੍ਹਾਂ ਦਿਨੀਂ ਸਾਈਕਲ ਘੰਟਿਆਂ ਦੇ ਹਿਸਾਬ ਕਿਰਾਏ ’ਤੇ ਮਿਲ ਜਾਂਦੇ ਸੀ ਸਿੱਖਣ ਜਾਂ ਚਲਾਉਣ ਲਈ ਪਰ ਆਪਣੀ ਚੀਜ਼ ਦਾ ਨਜ਼ਾਰਾ ਹੀ ਕੁਝ ਹੋਰ ਹੁੰਦਾ। ਪਿਤਾ ਜੀ ਦੀ ਦੁਕਾਨ ਦੇ ਨਾਲ ਹੀ ਬਚਨਾ ਰਾਮ ਗੁਰਨੇ ਵਾਲਿਆਂ ਦੀ ਸਾਈਕਲਾਂ ਦੀ ਦੁਕਾਨ ਸੀ। ਮੈਂ ਜਦੋਂ ਵੀ ਪਿਤਾ ਜੀ ਦੀ ਦੁਕਾਨ ’ਤੇ ਜਾਂਦਾ, ਬਚਨਾ ਰਾਮ ਦੀ ਦੁਕਾਨ ’ਤੇ ਨਵੇਂ ਸਾਈਕਲ ਦੇਖ ਕੇ ਸਾਈਕਲ ਲੈਣ ਦੀ ਇੱਛਾ ਹੋਰ ਪ੍ਰਬਲ ਹੋ ਜਾਂਦੀ। ਪਿਤਾ ਜੀ ਵੀ ਮੇਰੀ ਇਸ ਤਾਂਘ ਨੂੰ ਤਾੜ ਗਏ।

ਉਨ੍ਹਾਂ ਵੇਲਿਆਂ ਵਿਚ ਕਿਸ਼ਤਾਂ ’ਤੇ ਚੀਜ਼ਾਂ-ਚਸਤਾਂ ਦੇਣ ਦਾ ਰਿਵਾਜ਼ ਨਹੀਂ ਸੀ ਪਰ ਗੁਆਂਢੀ ਹੋਣ ਕਰ ਕੇ ਲਿਹਾਜ਼ਦਾਰੀ ਤੇ ਕੁਝ ਮੇਰੀ ਬੇਨਤੀ ਕਰ ਕੇ ਬਚਨਾ ਰਾਮ ਜੀ ਸਹਿਮਤ ਹੋ ਗਏ ਕਿ ਦਸ ਰੁਪਏ ਹਰ ਰੋਜ਼ ਦੇ ਦਿਆ ਕਰਾਂ। ਸਾਈਕਲ ਦੀ ਕੀਮਤ ਲਗਭਗ 300 ਰੁਪਏ ਸੀ। ਮੈਂ ਪਿਤਾ ਜੀ ਨੂੰ ਹਰ ਰੋਜ਼ ਮੈਨੂੰ ਦਸ ਰੁਪਏ ਦੇਣ ਲਈ ਮਨਾ ਲਿਆ। ਹੁਣ ਮੇਰੇ ਕੋਲ ਨਵਾਂ ਨਕੋਰ ਆਪਣਾ ਸਾਈਕਲ ਸੀ। ਮੇਰੇ ਕੋਲੋਂ ਚਾਅ ਨਹੀਂ ਸੀ ਚੁੱਕਿਆ ਜਾ ਰਿਹਾ। ਸਾਈਕਲ ਆਉਣ ’ਤੇ ਮੇਰੇ ਕੰਮ ਵੀ ਵਧ ਗਏ। ਹਰ ਦਿਨ ਦਾਦਾ ਜੀ ਦਾ ਲੋੜੀਂਦਾ ਸਮਾਨ ਦੇਣ ਲਈ 9-10 ਕਿਲੋਮੀਟਰ ਜੱਦੀ ਪਿੰਡ ਗੰਢੂਆਂ ਜਾਣਾ ਪੈਂਦਾ। ਮੱਝਾਂ ਲਈ ਹਰਾ ਚਾਰਾ, ਫੀਡ, ਖਲ ਲਿਆਉਣ ਲਈ ਸਾਈਕਲ ’ਤੇ ਜਾਣਾ ਪੈਂਦਾ। ਦਾਣਾ ਤੇ ਕੇਰਾ-ਛੋਲੇ, ਵੜੇਵੇਂ ਤੇ ਆਟਾ ਪਿਸਵਾਉਣ ਵਾਸਤੇ ਚੱਕੀ ’ਤੇ ਕਣਕ ਰੱਖ ਕੇ ਆਉਣੀ, ਫਿਰ ਆਟਾ ਦਾਣਾ ਪਿਸਾ ਕੇ ਲੈ ਕੇ ਆਉਣਾ ਪੈਂਦਾ। ਪਿੰਡੋਂ ਕਦੇ ਪਾਥੀਆਂ, ਕਦੇ ਸਾਗ ਸਬਜ਼ੀ, ਕਦੇ ਦੁੱਧ ਲੱਸੀ ਲਿਆਉਣੇ।

ਸੂਏ ਦੀ ਪਟੜੀ ਕੱਚੀ ਹੁੰਦੀ ਸੀ। ਇਕ ਵਾਰ ਲਹਿਰਾਗਾਗਾ ਤੋਂ ਗੰਢੂਆਂ ਬਰਾਸਤਾ ਸੰਗਤਪੁਰਾ ਪੰਜ ਕਿਲੋ ਵਾਲਾ ਡੋਲੂ ਲੱਸੀ ਦਾ ਭਰਿਆ ਪਿੰਡੋਂ ਲੈ ਕੇ ਆ ਰਿਹਾ ਸੀ ਕਿ ਸਾਈਕਲ ਪੈਂਚਰ (ਪੰਕਚਰ) ਹੋ ਗਿਆ। ਪੈਂਚਰ ਸਾਈਕਲ ਰੇੜ੍ਹ ਕੇ ਹੱਥ ਵਿਚ ਲੱਸੀ ਵਾਲਾ ਡੋਲੂ ਫੜ ਕੇ ਲਹਿਰਾਗਾਗੇ ਤੁਰਦਾ ਆਇਆ। ਲਹਿਰਾਗਾਗੇ ਤਾਂ ਪਹੁੰਚ ਗਿਆ ਪਰ ਲੱਸੀ ਸਾਰੀ ਪੀ ਗਏ ਰਸਤੇ ਵਿਚ।

ਸਾਈਕਲ ਦੀਆਂ ਕਿਸ਼ਤਾਂ ਨੇ ਅਜਿਹੀ ਆਦਤ ਪਾਈ ਕਿ ਇੱਕ ਵਾਰ ਊਸ਼ਾ ਦਾ ਟੇਬਲ ਫੈਨ ਵੀ ਕਿਸ਼ਤਾਂ ’ਤੇ ਲੈ ਲਿਆ। ਉਦੋਂ ਬਿਜਲੀ ਬੇਸ਼ੱਕ ਬਹੁਤੇ ਘਰਾਂ ਵਿਚ ਆ ਗਈ ਸੀ ਪਰ ਬਿਜਲੀ ਨਾਲ ਚੱਲਣ ਵਾਲਾ ਪੱਖਾ ਅਜੇ ਹਰ ਘਰ ਵਿਚ ਨਹੀਂ ਸੀ ਪਹੁੰਚਿਆ। ਸਾਡੇ ਘਰ ਵੀ ਇਹ ਪਹਿਲਾ ਪੱਖਾ ਸੀ। ਅਸੀਂ ਸਾਰਾ ਟੱਬਰ ਗਲੀ ’ਚ ਮੰਜੇ ਡਾਹ ਕੇ ਇੱਕ ਸਿਰੇ ’ਤੇ ਪੱਖਾ ਲਗਾ ਕੇ ਸੌਂਦੇ। ਸਾਨੂੰ ਅਕਸਰ ਸੁਣਨ ਨੂੰ ਮਿਲਦਾ ਕਿ ਤੁਸੀਂ ਤਾਂ ਭਾਈ ਮੌਜਾਂ ਕਰਦੇ ਹੋ।

ਕਿਸ਼ਤਾਂ ਦਾ ਅਜਿਹਾ ਭੁਸ ਪਿਆ ਕਿ ਕਈ ਚੀਜ਼ਾਂ ਕਿਸ਼ਤਾਂ ’ਤੇ ਹੀ ਖਰੀਦੀਆਂ। ਇਸ ਪਿੱਛੇ ਕੁਝ ਰੋਲ ਘਰ ਦੀ ਆਰਥਿਕ ਤੰਗੀ ਦਾ ਵੀ ਸੀ। ਨਗਦ ਪੈਸਿਆਂ ਦੀ ਚੀਜ਼ ਖਰੀਦਣ ਦੀ ਪਹੁੰਚ ਨਹੀਂ ਸੀ ਹੁੰਦੀ। ਬਲੈਕ ਐਂਡ ਵ੍ਹਾਈਟ ਟੀਵੀ ਵੀ ਕਿਸ਼ਤਾਂ ’ਤੇ ਹੀ ਖਰੀਦਿਆ। ਫਿਰ ਫਰਿਜ ਵੀ ਕਿਸ਼ਤਾਂ ’ਤੇ ਆ ਗਿਆ। ਹੌਲੀ ਹੌਲੀ ਜਿਵੇਂ ਜਿਵੇਂ ਘਰ ਦੀ ਹਾਲਤ ਸੁਖਾਵੀਂ ਹੋਣ ਲੱਗੀ, ਸੁੱਖ ਸਹੂਲਤਾਂ ਦੇ ਸਾਧਨ ਵੀ ਵਧਣ ਲੱਗੇ। ਫਿਰ ਸਕੂਟਰ, ਮੋਟਰਸਾਈਕਲ, ਕਾਰ, ਐੱਲਈਡੀ, ਕੂਲਰ ਆਦਿ ਸੁੱਖ ਸਹੂਲਤਾਂ ਦੇ ਸਾਧਨ ਆਉਣ ਲੱਗੇ। ਸਮਾਂ ਬਦਲਣ ਨਾਲ ਘਰ ਦੀ ਬਣਤਰ ਵੀ ਬਦਲ ਗਈ। ਇੱਟਾਂ ਵਾਲੇ ਫਰਸ਼ ਦੀ ਜਗ੍ਹਾ ਚਿਪਸ ਵਾਲੇ ਫਰਸ਼ ਨੇ ਲੈ ਲਈ। ਪੱਛਮੀ ਸਟਾਈਲ ਦੀਆਂ ਫਲੱਸ਼ਾਂ ਲੱਗ ਗਈਆਂ। ਦੁੱਖ ਦੀ ਗੱਲ ਇਹ ਸੀ ਕਿ ਘਰ ਪਸ਼ੂ ਰੱਖਣ ਤੋਂ ਹਟ ਗਏ। ਘਰ ਵਿਚ ਪਸ਼ੂਆਂ ਦਾ ਕੰਮ ਮੁੱਕ ਗਿਆ ਸੀ। ਦੁੱਧ ਵੀ ਮੁੱਲ ਲੈਣਾ ਪਿਆ। ਫਿਰ ਅਗਾਂਹ ਦੁਕਾਨਦਾਰੀਆਂ ਵਿਚ ਪੈ ਗਏ। ਹੌਲੀ ਹੌਲੀ ਘਰ ਸੁੱਖ ਸਹੂਲਤਾਂ ਨਾਲ ਭਰ ਗਿਆ।

ਮੈਨੂੰ ਭਾਵੇਂ ਕੋਈ ਖਾਨਦਾਨੀ ਜਾਇਦਾਦ ਤਾਂ ਨਹੀਂ ਸੀ ਮਿਲੀ ਪਰ ਗੱਡੀ ਚੰਗੀ ਰੁੜ੍ਹ ਪਈ ਸੀ। ਸਮਾਂ ਬੀਤਿਆ ਤਾਂ ਨਾਲ ਹੀ ਆ ਗਈਆਂ ਸਿਹਤ ਸਮੱਸਿਆਵਾਂ। ਪਹਿਲਾਂ ਦਿਲ ਦੇ ਰੋਗ ਦਾ ਹੱਲਾ ਹੋਇਆ, ਬਾਈਪਾਸ ਸਰਜਰੀ ਹੋਈ। ਸ਼ੂਗਰ ਕਾਰਨ ਅੱਖਾਂ ਦੀ ਰੈਟਿਨੋਪੈਥੀ ਹੋ ਗਈ। ਪੱਥਰ ਦੇ ਫਰਸ਼ ਤੋਂ ਤਿਲਕ ਕੇ ਰੀੜ੍ਹ ਦੀ ਹੱਡੀ ਦਾ ਮਣਕਾ ਹਿੱਲ ਗਿਆ। ਸਹਾਰਾ ਲੈ ਕੇ ਚੱਲਣਾ ਪੈਂਦਾ। ਹੁਣ ਸਾਈਕਲ ਵਾਲਾ ਉਹ ਜ਼ਮਾਨਾ ਯਾਦ ਆਉਂਦਾ ਹੈ- ਕਾਸ਼! ਹੁਣ ਵੀ ਸਿਹਤ ਸਾਈਕਲ ਚਲਾਉਣ ਦੀ ਇਜਾਜ਼ਤ ਦਿੰਦੀ!! ਕਈ ਵਾਰ ਮਨ ਕਹਿੰਦਾ ਹੈ ਕਿ ਉਹ ਵੇਲਾ ਚੰਗਾ ਸੀ, ਕਿਸ਼ਤਾਂ ਦੇ ਭੁਸ ਨੇ ਸੁੱਖ ਸਹੂਲਤਾਂ ਦੇ ਸਾਧਨ ਤਾਂ ਬਥੇਰੇ ਮੁਹੱਈਆ ਕਰਵਾ ਦਿੱਤੇ ਪਰ ਇਨ੍ਹਾਂ ਸੁੱਖ ਸਹੂਲਤਾਂ ਨੇ ਸਿਹਤ ਸਮੱਸਿਆਵਾਂ ਵੀ ਪੈਦਾ ਕਰ ਦਿੱਤੀਆਂ। ਪਿੱਛੇ ਜਿਹੇ ਕਿਸ਼ਤਾਂ ਦੇ ਇਸ ਭੂਤ ਨੇ ਅਜਿਹਾ ਸਬਕ ਸਿਖਾਇਆ ਕਿ ਕਾਫੀ ਆਰਥਿਕ ਮਾਰ ਝੱਲਣੀ ਪਈ। ਇਸ ਤੋਂ ਬਾਅਦ ਤਾਂ ਫਿਰ ਕਿਸ਼ਤਾਂ ਵਾਲੇ ਕੰਮ ਤੋਂ ਤੌਬਾ ਕਰ ਲਈ। ਇਸ ਆਦਤ ਨੇ ਘਰ ਵਿਚ ਬੇਲੋੜਾ ਸਮਾਨ ਵੀ ਜਮਾਂ ਕਰ ਦਿੱਤਾ ਸੀ। ਆਖਿ਼ਰ, ਕੰਨਾਂ ਨੂੰ ਹੱਥ ਲਾਏ ਕਿ ਕਰਜ਼ਾ ਲੈ ਕੇ ਚੀਜ਼ ਨਹੀਂ ਖਰੀਦਣੀ। ਬਿਹਤਰ ਹੈ, ਕੁਝ ਚੀਜ਼ਾਂ ਤੋਂ ਬਗੈਰ ਹੀ ਸਾਰ ਲਿਆ ਜਾਵੇ ਅਤੇ ਸਹੀ ਸਮੇਂ ਤੇ ਸਥਿਤੀ ਦੀ ਉਡੀਕ ਕਰ ਲਈ ਜਾਵੇ।

ਸੰਪਰਕ: 94170-90220



News Source link

- Advertisement -

More articles

- Advertisement -

Latest article