25.1 C
Patiāla
Friday, May 3, 2024

ਪ੍ਰਾਣ ਪ੍ਰਤਿਸ਼ਠਾ ਸਮਾਰੋਹ ’ਚ ਸ਼ਾਮਲ ਨਹੀਂ ਹੋਣਗੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ

Must read


ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 21 ਜਨਵਰੀ

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਯੁੱਧਿਆ ਵਿੱਚ ਭਲਕੇ 22 ਜਨਵਰੀ ਨੂੰ ਹੋ ਰਹੇ ਰਾਮ ਜਨਮ ਭੂਮੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿੱਚ ਸ਼ਾਮਲ ਨਹੀਂ ਹੋਣਗੇ। ਇਸ ਸਮਾਗਮ ਵਿੱਚ ਸ਼ਾਮਲ ਹੋਣ ਵਾਸਤੇ ਸ੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਪੰਜਾਂ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਸੱਦਾ ਪੱਤਰ ਭੇਜੇ ਗਏ ਸਨ। ਜਥੇਦਾਰ ਸਾਹਿਬਾਨ ਤੋਂ ਇਲਾਵਾ ਵੱਖ-ਵੱਖ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਮੁਖੀਆਂ ਨੂੰ ਵੀ ਇਸ ਸਬੰਧੀ ਸੱਦਾ ਪੱਤਰ ਦਿੱਤੇ ਗਏ ਸਨ। ਇਸ ਸਬੰਧ ਵਿੱਚ ਪਹਿਲਾਂ ਪੱਤਰ ਭੇਜੇ ਗਏ ਸਨ ਅਤੇ ਬਾਅਦ ਵਿੱਚ ਰਾਸ਼ਟਰੀ ਸਿੱਖ ਸੰਗਤ ਤੇ ਨੁਮਾਇੰਦਿਆਂ ਵੱਲੋਂ ਵੱਖ-ਵੱਖ ਧਾਰਮਿਕ ਆਗੂਆਂ ਦੇ ਦਫਤਰਾਂ ਵਿੱਚ ਜਾ ਕੇ ਨਿੱਜੀ ਤੌਰ ’ਤੇ ਸੱਦਾ ਪੱਤਰ ਦਿੱਤੇ ਗਏ ।

ਹਰਜਿੰਦਰ ਸਿੰਘ ਧਾਮੀ

ਇਸ ਸਬੰਧ ਵਿੱਚ ਅੱਜ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਂਝੇ ਤੌਰ ਤੇ ਅਯੁਧਿਆ ਵਿੱਚ ਭਲਕੇ 22 ਜਨਵਰੀ ਨੂੰ ਹੋਣ ਵਾਲੇ ਸਮਾਗਮ ਲਈ ਮਿਲੇ ਸੱਦਾ ਪੱਤਰ ਵਾਸਤੇ ਸਬੰਧਤ ਟਰੱਸਟ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਟਰੱਸਟ ਦਾ ਧੰਨਵਾਦ ਕਰਦਿਆ ਇਹ ਸਮਾਗਮ ਵਿੱਚ ਸ਼ਾਮਲ ਹੋਣ ਸਬੰਧੀ ਕੋਈ ਹੁੰਗਾਰਾ ਨਹੀਂ ਦਿੱਤਾ ਹੈ ਜਿਸ ਤੋਂ ਸਪਸ਼ਟ ਹੋ ਗਿਆ ਹੈ ਕਿ ਉਹ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਰਹੇ। ਇਸ ਤੋਂ ਪਹਿਲਾਂ ਚਰਚਾ ਚੱਲ ਰਹੀ ਸੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਪਣਾ ਕੋਈ ਨੁਮਾਇੰਦਾ ਭੇਜਿਆ ਜਾ ਸਕਦਾ ਹੈ ਪਰ ਅੱਜ ਇਸ ਸਬੰਧੀ ਸਥਿਤੀ ਸਪਸ਼ਟ ਹੋ ਗਈ ਹੈ ਕਿ ਇਸ ਸਮਾਗਮ ਵਿੱਚ ਨਾ ਤਾਂ ਸਿੱਖ ਧਾਰਮਿਕ ਆਗੂ ਸ਼ਾਮਲ ਹੋਣ ਲਈ ਜਾ ਰਹੇ ਹਨ ਅਤੇ ਨਾ ਹੀ ਕੋਈ ਨੁਮਾਇੰਦਾ ਭੇਜਿਆ ਜਾ ਰਿਹਾ ਹੈ। ਦੋਵਾਂ ਧਾਰਮਿਕ ਆਗੂਆਂ ਨੇ ਆਖਿਆ ਕਿ ਗੁਰਬਾਣੀ ਦੇ ਫਲਸਫੇ ਦੇ ਮੁਤਾਬਕ ਉਹ ਹਮੇਸ਼ਾ ਹੀ ਸਰਬ ਸਾਂਝੀ ਵਾਲਤਾ ਅਤੇ ਅੰਤਰ ਧਰਮ ਸਦਭਾਵਨਾ ਦੇ ਮੁਦਈ ਹਨ। ਉਹ ਹਰੇਕ ਧਰਮ ਦੀਆਂ ਮਾਨਤਾਵਾਂ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਹਰੇਕ ਧਰਮ ਦੇ ਲੋਕਾਂ ਦੇ ਦਿਲਾਂ ਵਿੱਚ ਆਪਣੇ ਪੈਗੰਬਰ ਜਾ ਅਵਤਾਰਾਂ ਦੀ ਚਰਨ ਛੋਹ ਪ੍ਰਾਪਤ ਅਸਥਾਨਾਂ ਦੀ ਵਿਸ਼ੇਸ਼ ਮਹਾਨਤਾ ਅਤੇ ਮਾਨਤਾ ਹੁੰਦੀ ਹੈ। ਇਸ ਵਾਸਤੇ ਹਰ ਇੱਕ ਨੂੰ ਆਪਣੇ ਧਰਮ ਪ੍ਰਤੀ ਆਸਥਾ ਅਤੇ ਵਿਸ਼ਵਾਸ ਮੁਬਾਰਕ ਹਨ। ਉਨ੍ਹਾਂ ਕਾਮਨਾ ਕੀਤੀ ਕਿ ਵਿਸ਼ਵ ਵਿੱਚ ਧਾਰਮਿਕ ਸੁਤੰਤਰਤਾ, ਭਾਈਚਾਰਕ ਸਦਭਾਵਨਾ, ਅਮਨ ਸ਼ਾਂਤੀ ਅਤੇ ਸਰਬ ਸਾਂਝੀ ਵਾਲਤਾ ਕਾਇਮ ਰਹੇ। ਜ਼ਿਕਰਯੋਗ ਹੈ ਕਿ ਕਈ ਸਿੱਖ ਜਥੇਬੰਦੀਆ ਵਲੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਇਸ ਸਮਾਗਮ ਵਿਚ ਸ਼ਾਮਲ ਹੋਣ ਵਾਸਤੇ ਨਾ ਜਾਣ ਅਤੇ ਹੋਰਨਾਂ ਸਿੱਖ ਜਥੇਬੰਦੀਆ ਨੂੰ ਵੀ ਇਸ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰਨ। ਸਿੱਖ ਜਥੇਬੰਦੀਆ ਵੱਲੋਂ ਇਸ ਸਮਾਗਮ ਨੂੰ ਅਗਾਮੀ ਲੋਕ ਸਭਾ ਚੋਣਾ ਨਾਲ ਜੋੜਿਆ ਗਿਆ ਸੀ।

ਸੁਲਤਾਨਪੁਰ ਲੋਧੀ ਗੁਰਦੁਆਰੇ ਵਾਲੀ ਘਟਨਾ ਲਈ ਮੁੱਖ ਮੰਤਰੀ ਜ਼ਿੰਮੇਵਾਰ ਕਰਾਰ

ਅੰਮ੍ਰਿਤਸਰ (ਟਨਸ): ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਰਘਬੀਰ ਸਿੰਘ ਨੇ ਪਿਛਲੇ ਸਾਲ 23 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿੱਚ ਗੁਰਦੁਆਰਾ ਅਕਾਲ ਬੁੰਗਾ ਛਾਉਣੀ ਨਿਹੰਗ ਸਿੰਘਾਂ ਵਿੱਚ ਗੋਲੀਬਾਰੀ ਅਤੇ ਮਰਿਆਦਾ ਭੰਗ ਕਰਨ ਦੀ ਵਾਪਰੀ ਘਟਨਾ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੋਸ਼ੀ ਠਹਿਰਾਇਆ ਹੈ। ਇਹ ਫ਼ੈਸਲਾ ਅੱਜ ਉਨ੍ਹਾਂ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਦੀ ਸਬ-ਕਮੇਟੀ ਵੱਲੋਂ ਭੇਜੀ ਗਈ ਪੜਤਾਲ ਰਿਪੋਰਟ ’ਤੇ ਵਿਚਾਰ ਕਰਨ ਮਗਰੋਂ ਦਿੱਤਾ। ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਤੋਂ ਜਾਰੀ ਕੀਤੇ ਬਿਆਨ ਵਿੱਚ ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਸਬ-ਕਮੇਟੀ ਦੀ ਰਿਪੋਰਟ ਵਿਚਲੇ ਤੱਥ ਤੇ ਬਿਆਨ ਸਾਬਤ ਕਰਦੇ ਹਨ ਕਿ ਬਿਨਾਂ ਕਿਸੇ ਭੜਕਾਹਟ ਤੋਂ ਪੁਲੀਸ ਨੇ ਗੁਰਦੁਆਰਾ ਅਕਾਲ ਬੁੰਗਾ ਛਾਉਣੀ ਨਿਹੰਗ ਸਿੰਘਾਂ ਵਿੱਚ ਵੱਡੀ ਪੱਧਰ ’ਤੇ ਗੋਲੀਬਾਰੀ ਕੀਤੀ, ਜੁੱਤੀਆਂ ਸਮੇਤ ਗੁਰਦੁਆਰਾ ਸਮੂਹ ਵਿੱਚ ਦਾਖ਼ਲ ਹੋ ਕੇ ਮਰਿਆਦਾ ਭੰਗ ਕੀਤੀ ਅਤੇ ਅੱਥਰੂ ਗੈਸ ਦੇ ਗੋਲੇ ਛੱਡ ਕੇ ਗੁਰਦੁਆਰੇ ਅੰਦਰ ਚੱਲ ਰਹੇ ਸ੍ਰੀ ਅਖੰਡ ਪਾਠ ਨੂੰ ਖੰਡਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਸਿੱਧੇ ਰੂਪ ਵਿੱਚ ਗੁਰਦੁਆਰਾ ਸਾਹਿਬ ਦੀ ਮਰਿਆਦਾ ਅਤੇ ਪਵਿੱਤਰਤਾ ਨੂੰ ਭੰਗ ਕਰਨ ਵਾਲੀ ਕਾਰਵਾਈ ਸੀ। ਸਬ-ਕਮੇਟੀ ਦੀ ਰਿਪੋਰਟ ਮੁਤਾਬਕ ਗ੍ਰਹਿ ਮੰਤਰਾਲੇ ਦਾ ਮੁਖੀ ਹੋਣ ਦੇ ਨਾਤੇ ਗੁਰਦੁਆਰੇ ਵਿੱਚ ਹੋਈ ਧਾਰਮਿਕ ਅਵੱਗਿਆ ਦਾ ਸਿੱਧਾ ਦੋਸ਼ੀ ਮੁੱਖ ਮੰਤਰੀ ਹੈ। ਨਿਹੰਗ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਹ ਜਾਂਚ ਰਿਪੋਰਟ ਇਕਤਰਫੀ ਤੇ ਉਲਾਰਵਾਦੀ ਹੈ।



News Source link

- Advertisement -

More articles

- Advertisement -

Latest article