26.9 C
Patiāla
Monday, May 13, 2024

ਆਗਮਨ ਪੁਰਬ ਦੇ ਸਬੰਧ ਵਿੱਚ ਸਜਾਇਆ ਨਗਰ ਕੀਰਤਨ

Must read


ਨਿੱਜੀ ਪੱਤਰ ਪ੍ਰੇਰਕ

ਲੁਧਿਆਣਾ, 14 ਜਨਵਰੀ

ਗੁਰੂ ਗੋਬਿੰਦ ਸਿੰਘ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਕਾਲ ਸਾਹਿਬ, ਪ੍ਰਤਾਪ ਨਗਰ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ। ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਇਆ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਪੁੱਜ ਕੇ ਸਮਾਪਤ ਹੋਇਆ। ਨਗਰ ਕੀਰਤਨ ’ਚ ਫ਼ੌਜੀ ਬੈਂਡ, ਗਤਕਾ ਪਾਰਟੀ ਤੇ ਸ਼ਬਦੀ ਜਥਿਆਂ ਨੇ ਹਿੱਸਾ ਲਿਆ। ਰਾਮਗੜ੍ਹੀਆ ਕੋ-ਐਜੂਕੇਸ਼ਨ ਸੀਨੀਅਰ ਸਕੈਂਡਰੀ ਸਕੂਲ ਦੇ ਬੱਚਿਆਂ ਅਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਦੇ ਜਥੇ ਵੱਲੋਂ ਰੱਬੀ ਬਾਣੀ ਦੇ ਕੀਰਤਨ ਦੀ ਸੇਵਾ ਨਿਭਾਈ ਗਈ। ਨਗਰ ਕੀਰਤਨ ਦੇ ਰਸਤੇ ਵਿਚ ਸਵਾਗਤੀ ਸਟੇਜ ਤੇ ਲੰਗਰ ਲਗਾਉਣ ਵਾਲੀ ਸੰਗਤ ਤੇ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁੰਦਨ ਸਿੰਘ ਨਾਗੀ, ਚੇਅਰਮੈਨ ਹਰਜਿੰਦਰ ਸਿੰਘ ਸੰਧੂ ਅਤੇ ਸੋਹਣ ਸਿੰਘ ਗੋਗਾ ਵੱਲੋਂ ਸਿਰੋਪੇ ਭੇਟ ਕੀਤੇ ਗਏ। ਇਸ ਮੌਕੇ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਦੇ ਆਗਮਨ ਪੁਰਬ ਦੀਆਂ ਵਧਾਈਆਂ ਦਿੱਤੀਆਂ।

ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਸੀਨੀਅਰ ਸੈਕੰਡਰੀ ਸਕੂਲ ਜੀਐੱਚਜੀ ਅਕੈਡਮੀ ਕੋਠੇ ਬੱਗੂ ਵੱਲੋਂ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ’ਚ ਅੱਜ ਇੱਥੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਜੀਐੱਚਜੀ ਅਕੈਡਮੀ ਤੋਂ ਨਗਰ ਕੀਰਤਨ ਅਰਦਾਸ ਕਰਨ ਉਪਰੰਤ ਆਰੰਭ ਹੋਇਆ ਜੋ ਸ਼ੇਰਪੁਰਾ ਰੋਡ, ਕਾਲਜ ਰੋਡ, ਲਾਜਪਤ ਰਾਏ ਰੋਡ, ਕਮਲ ਚੌਕ, ਕੋਠੇ ਪੋਨਾ, ਪਿੰਡ ਬਾਰਦੇਕੇ, ਚਚਰਾੜੀ, ਛੱਜਾਵਾਲ, ਢੋਲਣ, ਹਾਂਸ ਕਲਾਂ, ਮੀਰਪੁਰ ਹਾਂਸ, ਗਗਤਾ ਤੋਂ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਤੋਂ ਹੁੰਦਾ ਹੋਇਆ ਤਹਿਸੀਲ ਚੌਕ ਤੋਂ ਹੋ ਕੇ ਵਾਪਸ ਅਕੈਡਮੀ ਆ ਕੇ ਸਮਾਪਤ ਹੋਇਆ। ਨਗਰ ਕੀਰਤਨ ’ਚ ਸਕੂਲੀ ਬੱਚਿਆਂ ਤੇ ਸਟਾਫ਼ ਤੋਂ ਇਲਾਵਾ ਗੱਤਕਾ ਤੇ ਬੈਂਡ ਪਾਰਟੀਆਂ ਸ਼ਾਮਲ ਸਨ। ਇਸ ਮੌਕੇ ਸੁੰਦਰ ਢੰਗ ਨਾਲ ਸਜਾਈ ਪਾਲਕੀ ’ਚ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਸਨ। ਪਾਲਕੀ ਦੇ ਅੱਗੇ ਪੰਜ ਪਿਆਰੇ ਚੱਲ ਰਹੇ ਸਨ। ਥਾਂ-ਥਾਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਦਰਜਨਾਂ ਥਾਵਾਂ ’ਤੇ ਲੰਗਰ ਲਾਏ ਗਏ। ਅਕੈਡਮੀ ਦੇ ਵਿਦਿਆਰਥੀਆਂ ਨੇ ਵੀ ਗੱਤਕੇ ਦੇ ਜੌਹਰ ਦਿਖਾਏ। ਸਕੂਲੀ ਬੱਚਿਆਂ ਨੇ ਕੀਰਤਨ, ਕਵੀਸ਼ਰੀ ਅਤੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸਿੱਖ ਇਤਿਹਾਸ ਨਾਲ ਸਬੰਧਤ ਵੱਖ-ਵੱਖ ਸ਼ਹੀਦਾਂ ਦੀਆਂ ਝਾਕੀਆਂ ਵੀ ਟਰਾਲੀਆਂ ਉੱਪਰ ਪੇਸ਼ ਕੀਤੀਆਂ ਗਈਆਂ। ਪਿੰਡਾਂ ਵਿੱਚੋਂ ਸ਼ਰਧਾਲੂਆਂ ਨੇ ਸੰਗਤਾਂ ਲਈ ਵਿਸ਼ੇਸ਼ ਲੰਗਰਾਂ ਦਾ ਪ੍ਰਬੰਧ ਕੀਤਾ। ਇਸ ਮੌਕੇ ਅਕੈਡਮੀ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਅਤੇ ਡਾਇਰੈਕਟਰ ਬਲਜੀਤ ਸਿੰਘ ਮੱਲ੍ਹੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆਂ ਵਿਦਿਆਰਥੀਆਂ ਨੂੰ ਗੁਰੂ ਗੋਬਿੰਦ ਸਿੰਘ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਲਈ ਕਿਹਾ। ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਸੰਗਤਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।



News Source link

- Advertisement -

More articles

- Advertisement -

Latest article