30 C
Patiāla
Tuesday, May 7, 2024

ਪੰਜਾਬ ਵਿੱਚ ਧੁੰਦ ਤੇ ਸੀਤ ਲਹਿਰ ਦਾ ਕਹਿਰ ਜਾਰੀ

Must read


ਆਤਿਸ਼ ਗੁਪਤਾ

ਚੰਡੀਗੜ੍ਹ, 4 ਜਨਵਰੀ

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਣੇ ਉੱਤਰੀ ਭਾਰਤ ਵਿੱਚ ਅੱਜ ਵੀ ਧੁੰਦ ਤੇ ਸੀਤ ਲਹਿਰ ਦਾ ਕਹਿਰ ਜਾਰੀ ਰਿਹਾ। ਧੁੰਦ ਨਾਲ ਠੰਢੀਆਂ ਹਵਾਵਾਂ ਚੱਲਣ ਕਰ ਕੇ ਸਾਰਾ ਦਿਨ ਲੋਕਾਂ ਨੂੰ ਕੰਬਣੀ ਛਿੜੀ ਰਹੀ। ਇਸ ਦੇ ਨਾਲ ਹੀ ਦਿਨ ਸਮੇਂ ਠੰਢੀਆਂ ਹਵਾਵਾਂ ਚੱਲਣ ਕਰ ਕੇ ਤਾਪਮਾਨ ਵਿੱਚ 8 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਦਿਨ ਵੇਲੇ ਗੁਰਦਾਸਪੁਰ ਤੇ ਰਾਤ ਵੇਲੇ ਨਵਾਂ ਸ਼ਹਿਰ ਸਭ ਤੋਂ ਠੰਢੇ ਰਹੇ।

ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸਪੁਰ ਵਿੱਚ ਵੱਧ ਤੋਂ ਵੱਧ ਤਾਪਮਾਨ 10 ਡਿਗਰੀ ਅਤੇ ਨਵਾਂ ਸ਼ਹਿਰ ਵਿੱਚ ਘੱਟੋ-ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ 5, 6 ਤੇ 7 ਜਨਵਰੀ ਨੂੰ ਮੌਸਮ ਇਸੇ ਤਰ੍ਹਾਂ ਦਾ ਰਹਿਣ ਜਦਕਿ 8 ਤੇ 9 ਜਨਵਰੀ ਨੂੰ ਕੁਝ ਥਾਵਾਂ ’ਤੇ ਕਿਣਮਿਣ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਸੂਬੇ ਵਿੱਚ ਸਵੇਰ ਤੋਂ ਹੀ ਸੰਘਣੀ ਧੁੰਦ ਤੇ ਠੰਢੀਆਂ ਹਵਾਵਾਂ ਚੱਲਣ ਕਰ ਕੇ ਸ਼ਹਿਰਾਂ ਤੇ ਪਿੰਡਾਂ ਵਿੱਚ ਜ਼ਿੰਦਗੀ ਦੀ ਰਫ਼ਤਾਰ ਮੱਧਮ ਰਹੀ। ਅੱਜ ਧੁੰਦ ਕਰ ਕੇ ਕਈ ਉਡਾਣਾਂ ਦੇਰੀ ਨਾਲ ਉੱਡੀਆਂ ਜਦਕਿ ਰੇਲ ਗੱਡੀਆਂ ਤੇ ਬੱਸਾਂ ਦਾ ਸਫ਼ਰ ਵੀ ਨਿਰਧਾਰਤ ਸਮੇਂ ਤੋਂ ਪੱਛੜ ਕੇ ਚੱਲ ਰਿਹਾ ਸੀ। ਹਾਲਾਂਕਿ, ਇਹ ਧੁੰਦ ਕਣਕ ਦੀ ਫ਼ਸਲ ਲਈ ਲਾਹੇਵੰਦ ਦੱਸੀ ਜਾ ਰਹੀ ਹੈ। ਧੁੰਦ ਪੈਣ ਕਰਕੇ ਕਣਕ ਦੀ ਫਸਲ ਦਾ ਝਾੜ ਵੀ ਵਧ ਸਕਦਾ ਹੈ ਤੇ ਫਸਲ ਛੇਤੀ ਵੀ ਤਿਆਰ ਹੋ ਸਕਦੀ ਹੈ। ਪ ਅੱਜ ਪਟਿਆਲਾ, ਹਲਵਾਰਾ, ਗੁਰਦਾਸਪੁਰ ਤੇ ਚੰਡੀਗੜ੍ਹ ਸ਼ਹਿਰ ਵਿੱਚ ਧੁੰਦ ਦਾ ਕਹਿਰ ਜਾਰੀ ਰਿਹਾ, ਜਿੱਥੇ ਦੂਰ ਤੱਕ ਦਿਸਣ ਹੱਦ 50 ਮੀਟਰ ਤੋਂ ਵੀ ਘੱਟ ਦਰਜ ਕੀਤੀ ਗਈ। ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਆਦਮਪੁਰ ਵਿੱਚ ਧੁੰਦ ਦੇ ਬਾਵਜੂਦ ਦਿਸਣ ਹੱਦ 200 ਮੀਟਰ ਤੋਂ ਘੱਟ ਰਹੀ ਹੈ। ਹਾਲਾਂਕਿ, ਪਟਿਆਲਾ, ਬਠਿੰਡਾ, ਅੰਮ੍ਰਿਤਸਰ, ਲੁਧਿਆਣਾ ਤੇ ਬਠਿੰਡਾ ਵਿੱਚ ਠੰਢੀਆਂ ਹਵਾਵਾਂ ਕਾਰਨ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।

ਖਰਾਬ ਮੌਸਮ ਕਾਰਨ ਪਠਾਨਕੋਟ ਏਅਰਬੇਸ ’ਤੇ ਉਤਰਿਆ ਧਨਖੜ ਦਾ ਜਹਾਜ਼

ਪਠਾਨਕੋਟ (ਐੱਨ.ਪੀ. ਧਵਨ): ਜੰਮੂ ਕਸ਼ਮੀਰ ਦੇ ਦੌਰੇ ’ਤੇ ਜਾ ਰਹੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਜਹਾਜ਼ ਅੱਜ ਖਰਾਬ ਮੌਸਮ ਕਾਰਨ ਪਠਾਨਕੋਟ ਏਅਰਬੇਸ ’ਤੇ ਉਤਾਰਨਾ ਪਿਆ। ਇੱਥੇ ਉਨ੍ਹਾਂ ਦਾ ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ, ਡੀਸੀ ਹਰਬੀਰ ਸਿੰਘ, ਐੱਸਐੱਸਪੀ ਦਲਜਿੰਦਰ ਸਿੰਘ ਢਿੱਲੋਂ ਅਤੇ ਹਵਾਈ ਸੈਨਾ ਦੇ ਅਧਿਕਾਰੀਆਂ ਵੱਲੋਂ ਸਵਾਗਤ ਕੀਤਾ ਗਿਆ। ਇਸ ਮਗਰੋਂ ਉਪ ਰਾਸ਼ਟਰਪਤੀ ਸੜਕੀ ਮਾਰਗ ਰਾਹੀਂ ਜ਼ਿਲ੍ਹਾ ਕਠੂਆ ਅਧੀਨ ਪੈਂਦੇ ਪਿੰਡ ਘਾਟੀ ਲਈ ਰਵਾਨਾ ਹੋ ਗਏ। ਉੱਥੇ ਉਨ੍ਹਾਂ ਨੇ ਬਾਇਓਟੈੱਕ ਸਟਾਰਟਅੱਪ ਮੇਲੇ ਦਾ ਉਦਘਾਟਨ ਕਰਨਾ ਹੈ। ਜ਼ਿਕਰਯੋਗ ਹੈ ਕਿ ਤੈਅ ਪ੍ਰੋਗਰਾਮ ਅਨੁਸਾਰ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਸਵੇਰੇ ਜੰਮੂ ਪਹੁੰਚਣਾ ਸੀ ਪਰ ਧੁੰਦ ਜ਼ਿਆਦਾ ਹੋਣ ਕਾਰਨ ਉਨ੍ਹਾਂ ਦੇ ਜਹਾਜ਼ ਨੂੰ ਪਠਾਨਕੋਟ ਏਅਰਬੇਸ ’ਤੇ ਹੀ ਉਤਾਰਨਾ ਪਿਆ।



News Source link

- Advertisement -

More articles

- Advertisement -

Latest article