28.7 C
Patiāla
Monday, May 6, 2024

ਕੇਂਦਰ ਨੇ ਜੀਐੱਸਟੀ ਤੋਂ ਕਮਾਏ 1.64 ਲੱਖ ਕਰੋੜ ਰੁਪਏ

Must read


ਨਵੀਂ ਦਿੱਲੀ, 1 ਜਨਵਰੀ

ਵਿੱਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਜੀਐੱਸਟੀ) ਕੁਲੈਕ਼ਸ਼ਨ ’ਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 10 ਫੀਸਦੀ ਦਾ ਇਜ਼ਾਫ਼ਾ ਹੋਇਆ ਹੈੈ। ਸਰਕਾਰ ਨੇ ਜੀਐੱਸਟੀ ਜ਼ਰੀਏ ਇਸ ਸਾਲ ਦਸੰਬਰ ਤਕ 1.64 ਕਰੋੜ ਰੁਪਏ ਕਮਾਏ ਹਨ ਜਦੋਂ ਕਿ ਪਿਛਲੇ ਵਰ੍ਹੇ ਇਸੇ ਮਹੀਨੇ ਇਹ ਕਮਾਈ 1.49 ਕਰੋੜ ਰੁਪਏ ਹੋਈ ਸੀ। ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਇਸ ਦੇ ਨਾਲ ਹੀ ਅਪਰੈਲ-ਦਸੰਬਰ, 2023 ਦੇ ਸਮੇਂ ’ਚ ਜੀਐੱਸਟੀ ਕੁਲੈਕਸ਼ਨ 12 ਫੀਸਦੀ ਮਜ਼ਬੂਤ ਵਾਧੇ ਨਾਲ 14.47 ਲੱਖ ਕਰੋੜ ਰੁਪਏ ਪਹੁੰਚ ਗਿਆ ਹੈ। ਪਿਛਲੇ ਸਾਲ ਇਸੇ ਤਰੀਕ ਤਕ ਇਨ੍ਹਾਂ ਨੌਂ ਮਹੀਨਿਆਂ ’ਚ ਇਹ ਕੁਲੈਕਸ਼ਨ 13.40 ਲੱਖ ਕਰੋੜ ਰੁਪਏ ਰਿਹਾ ਸੀ। ਇਸ ਤਰ੍ਹਾਂ ਵਿੱਤੀ ਵਰ੍ਹੇ 2023-24 ਦੇ ਪਹਿਲੇ ਨੌਂ ਮਹੀਨੇ ਔਸਤ ਮਾਸਿਕ ਟੈਕਸ 1.66 ਲੱਖ ਕਰੋੜ ਰੁਪਏ ਰਿਹਾ ਹੈ। ਇਹ ਪਿਛਲੇ ਸਾਲ ਵਿੱਤੀ ਵਰ੍ਹੇ 2022-23 ਇਸੇ ਤਰੀਕ ’ਚ ਦਰਜ 1.49 ਲੱਖ ਕਰੋੜ ਰੁਪਏ ਦੀ ਔਸਤ ਟੈਕਸ ਕੁਲੈਕਸ਼ਨ ਨਾਲੋਂ 12 ਫੀਸਦੀ ਵੱਧ ਹੈ। ਮੰਤਰਾਲੇ ਨੇ ਬਿਆਨ ’ਚ ਕਿਹਾ, ‘‘ਦਸੰਬਰ ’ਚ ਜੀਐੱਸਟੀ ਕੁਲੈਕਸ਼ਨ 1,64,882 ਕਰੋੜ ਰੁਪਏ ਹੈ ਜਿਸ ’ਚ ਸੀਜੀਐੱਸਟੀ 30,443 ਕਰੋੜ ਰੁਪਏ, ਐੱਸਜੀਐੱਸਟੀ 37,935 ਕਰੋੜ ਰੁਪਏ, ਆਈਜੀਐੱਸਟੀ 84,255 ਕਰੋੜ ਰੁਪਏ (ਮਾਲ ਦੀ ਬਰਾਮਦ ਤੋਂ ਇਕੱਤਰ 41,534 ਕਰੋੜ ਰੁਪਏ ਸਮੇਤ) ਹੈ। ਇਸ ਤੋਂ ਇਲਾਵਾ ਸੈੱਸ ਦੇ ਰੂਪ ’ਚ 12,249 ਕਰੋੜ ਰੁਪਏ (ਮਾਲ ਦੀ ਬਰਾਮਦ ਤੋਂ ਇਕੱਤਰ 1079 ਕਰੋੜ ਰੁਪਏ ਸਮੇਤ) ਇਕੱਠੇ ਹੋਏ ਹਨ। ਖਾਸ ਗੱਲ ਇਹ ਹੈ ਕਿ ਦਸੰਬਰ ਇਸ ਸਾਲ ਦਾ ਸੱਤਵਾਂ ਮਹੀਨਾ ਹੈ ਜਿਸ ’ਚ 1.60 ਲੱਖ ਕਰੋੜ ਰੁਪਏ ਤੋਂ ਵੱਧ ਜੀਐੱਸਟੀ ਇਕੱਤਰ ਹੋਇਆ ਹੈ।

ਐੱਲਆਈਸੀ ਅਤੇ ਏਸ਼ੀਅਨ ਪੇਂਟਸ ਨੂੰ ਨੋਟਿਸ

ਨਵੀਂ ਦਿੱਲੀ: ਐੱਲਆਈਸੀ ਆਫ਼ ਇੰਡੀਆ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਟੈਕਸ ਅਥਾਰਟੀ ਨੇ ਕੰਪਨੀ ਨੂੰ ਵਿੱਤੀ ਵਰ੍ਹੇ 2017-18 ’ਚ ਜੀਐਸਟੀ ਦਾ ਘੱਟ ਭੁਗਤਾਨ ਕਰਨ ’ਤੇ 806 ਕਰੋੜ ਰੁਪਏ ਦਾ ਨੋਟਿਸ ਭੇਜਿਆ ਹੈ। ਇਸੇ ਤਰ੍ਹਾਂ ਏਸ਼ੀਅਨ ਪੇਂਟਸ ਨੂੰ 13.83 ਕਰੋੜ ਰੁਪਏ ਦੇ ਜੀਐੱਸਟੀ ਦੇ ਭੁਗਤਾਨ ਅਤੇ 1.38 ਕਰੋੜ ਰੁਪਏ ਦੇ ਜੁਰਮਾਨੇ ਨੂੰ ਲੈ ਕੇ ਨੋਟਿਸ ਮਿਲਿਆ ਹੈ। ਪੇਂਟ ਬਣਾਉਣ ਵਾਲੀ ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਚੇਨੱਈ ਸਥਿਤ ਟੈਕਸ ਵਿਭਾਗ ਦੇ ਡਿਪਟੀ ਕਮਿਸ਼ਨਰ ਵੱਲੋਂ ਇਹ ਨੋਟਿਸ 2017-18 ਦੇ ਇਨਪੁਟ ਟੈਕਸ ਕਰੈਡਿਟ ’ਚ ਊਣਤਾਈਆਂ ਨੂੰ ਲੈ ਕੇ ਮਿਲਿਆ ਹੈ। ਕੰਪਨੀ ਅਨੁਸਾਰ ਜੁਰਮਾਨੇ ਨਾਲ ਏਸ਼ੀਅਨ ਪੇਂਟਸ ਦੀ ਵਿੱਤੀ ਸਥਿਤੀ ਜਾਂ ਹੋਰ ਗਤੀਵਿਧੀਆਂ ’ਤੇ ਕੋਈ ਅਸਰ ਨਹੀਂ ਪਵੇਗਾ।-ਪੀਟੀਆਈ



News Source link

- Advertisement -

More articles

- Advertisement -

Latest article