30 C
Patiāla
Monday, April 29, 2024

ਖੰਨਾ ਨਗਰ ਕੌਂਸਲ ਦੀ ਮੀਟਿੰਗ ’ਚ ਹੋਇਆ ਭਾਰੀ ਹੰਗਾਮਾ

Must read


ਜੋਗਿੰਦਰ ਸਿੰਘ ਓਬਰਾਏ

ਖੰਨਾ, 30 ਦਸੰਬਰ

ਨਗਰ ਕੌਂਸਲ ਦੀ ਮੀਟਿੰਗ ਵਿੱਚ ਮਤਿਆਂ ’ਤੇ ਘੱਟ, ਪਰ ਸ਼ਹਿਰ ਵਿੱਚ ਹੋਏ ਕਥਿਤ ਘਪਲਿਆਂ ਅਤੇ ਠੱਗੀਆਂ ਨੂੰ ਲੈ ਕੇ ਕਾਫ਼ੀ ਸ਼ੋਰ-ਸ਼ਰਾਬਾ ਹੋਇਆ। ਮੀਟਿੰਗ ਦੇ ਆਰੰਭ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸ਼ਹਿਰ ਦੇ 33 ’ਚੋਂ ਕਰੀਬ 8 ਕੌਂਸਲਰਾਂ ਵੱਲੋਂ 8 ਮਤਿਆਂ ਦੀ ਸਬੰਧੀ ਆਵਾਜ਼ ਚੁੱਕੀ ਗਈ ਜਦੋਂਕਿ 2 ਕੌਂਸਲਰਾਂ ਨੇ ਲਿਖਤੀ ਰੂਪ ਵਿੱਚ ਮੰਗਾਂ ਸਬੰਧੀ ਸ਼ਿਕਾਇਤ ਦਿੱਤੀ। ਇਸ ਮੌਕੇ ਵਾਰਡ ਨੰਬਰ-25 ਦੀ ਗਲੀ ਬਣਾਉਣ ’ਚ ਕਥਿਤ ਗਬਨ ਕਰਨ ਦਾ ਮਾਮਲਾ ਗਰਮਾਇਆ ਰਿਹਾ।

ਮੀਟਿੰਗ ਵਿੱਚ ਕੌਂਸਲਰ ਸੁਰਿੰਦਰ ਬਾਵਾ ਦੀ ਮੰਗ ’ਤੇ ਟਰਾਂਸਫਾਰਮਰ ਬਦਲਣ ਲਈ 1 ਲੱਖ 87 ਹਜ਼ਾਰ ਰੁਪਏ ਪਾਵਰਕੌਮ ਕੋਲ ਜਮ੍ਹਾਂ ਕਰਵਾਉਣ ਦਾ ਲਿਆਂਦਾ ਇੱਕ ਮਤਾ ਰੱਦ ਕਰ ਦਿੱਤਾ ਗਿਆ। ਨਗਰ ਕੌਂਸਲ ਦੀ ਸਰਕਾਰੀ ਰਿਹਾਇਸ਼ ਵਿੱਚ ਪੁਲੀਸ ਵੱਲੋਂ ਖੋਲ੍ਹੇ ਥਾਣੇ ਨੂੰ ਚੁਕਵਾਉਣ ਦਾ ਮਤਾ ਵੀ ਪਾਸ ਕੀਤਾ ਗਿਆ। ਕੌਂਸਲਰ ਸ਼ਿਲਪਾ ਤਿਵਾੜੀ ਨੇ ਸ਼ਿਕਾਇਤ ਦਿੱਤੀ ਕਿ ਵਾਰਡ ਨੰਬਰ 11 ਵਿੱਚ ਰੋਟਰੀ ਕਲੱਬ ਅੱਗੇ ਰੇਹੜੀਆਂ ਖੜ੍ਹਦੀਆਂ ਹਨ ਜਿਸ ਨਾਲ ਰਸਤਾ ਬੰਦ ਹੋਣ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕੋਲ ਹੀ ਲੜਕੀਆਂ ਦਾ ਸਕੂਲ ਅਤੇ ਮਸਜਿਦ ਹੈ। ਰੇਹੜੀਆਂ ਵਾਲੇ ਖੁੱਲ੍ਹੇਆਮ ਗੈਸ ਸਿਲੰਡਰ ਦੀ ਵਰਤੋਂ ਕਰਦੇ ਹਨ, ਜਿਸ ਨਾਲ ਕਿਸੇ ਸਮੇਂ ਵੀ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ।

ਕੌਂਸਲਰ ਹਰਦੀਪ ਸਿੰਘ ਨੀਨੂੰ ਨੇ ਅਵਾਰਾ ਕੁੱਤਿਆਂ ਦੀ ਰੋਕਥਾਮ ਦੀ ਮੰਗ ਕੀਤੀ, ਉੱਥੇ ਹੀ ਵਾਰਡ ਵਿੱਚ ਨਾਜਾਇਜ਼ ਤੌਰ ’ਤੇ ਗੈਸ ਦੀਆਂ ਪਾਈਪਾਂ ਪਾਉਣ ਅਤੇ ਸ਼ਹਿਰ ਵਿੱਚ ਹੁੰਦੀਆਂ ਨਾਜਾਇਜ਼ ਉਸਾਰੀਆਂ ਰੋਕਣ ਦੀ ਮੰਗ ਕੀਤੀ। ਕੌਂਸਲਰ ਰੂਬੀ ਭਾਟੀਆ ਨੇ ਮੰਗ ਕੀਤੀ ਕਿ ਸ਼ਹਿਰ ਵਿੱਚੋਂ ਕੂੜਾ ਕਰਕਟ ਇਕੱਠਾ ਕਰਨ ਲਈ ਜਿਹੜੇ ਟੈਂਪੂ ਲਿਆਂਦੇ ਗਏ ਹਨ, ਉਨ੍ਹਾਂ ਤੋਂ ਹਾਲੇ ਤੱਕ ਕੰਮ ਨਹੀਂ ਲਿਆ ਗਿਆ। ਕੌਂਸਲਰ ਸਰਬਦੀਪ ਸਿੰਘ ਨੇ ਵਾਰਡ ਨੰਬਰ 25 ਵਿੱਚ ਗਲੀ ਦੇ ਮਾਮਲੇ ਵਿੱਚ ਕੀਤੇ ਕਥਿਤ ਘੁਟਾਲੇ ਦੀ ਜਾਂਚ ਅਤੇ ਵਾਰਡ ਵਿੱਚ ਟਿਊਬਵੈੱਲ ਲਾਉਣ ਦੀ ਮੰਗ ਕੀਤੀ। ਕੌਂਸਲਰ ਤਲਵਿੰਦਰ ਕੌਰ ਨੇ 4 ਲੱਖ 20 ਹਜ਼ਾਰ ਰੁਪਏ ਨਾਲ ਗਲੀ ਦੇ ਨਿਰਮਾਣ ਵਿੱਚ ਕਥਿਤ ਠੱਗੀ ਕਰਨ ਵਾਲਿਆਂ ’ਤੇ ਕਾਰਵਾਈ ਦੀ ਮੰਗ ਕੀਤੀ। ਕੌਂਸਲਰ ਅਮਨਪ੍ਰੀਤ ਕੌਰ ਨੇ ਕਿਹਾ ਕਿ ਉੁਨ੍ਹਾਂ ਵੱਲੋਂ ਕੌਂਸਲ ਅਧਿਕਾਰੀਆਂ ਨੂੰ ਗਲੀ ਬਣਾਉਣ ਦੇ ਘਪਲੇ ਸਬੰਧੀ ਲਿਖਤੀ ਸ਼ਿਕਾਇਤ ਕੀਤੀ ਗਈ ਹੈ ਅਤੇ ਹੁਣ ਉਨ੍ਹਾਂ ਦੀ ਸ਼ਿਕਾਇਤ ਨੂੰ ਹੀ ਆਧਾਰ ਬਣਾ ਕੇ ਦੋਸ਼ ਲਾਏ ਜਾ ਰਹੇ ਹਨ।

ਇਸ ਦੌਰਾਨ ਕੌਂਸਲਰ ਸੁਖਮਨਜੀਤ ਸਿੰਘ ਨੇ ਸ਼ਹਿਰ ਵਿੱਚ ਅਫ਼ਸਰਾਂ ਦੀ ਕਥਿਤ ਮਿਲੀਭੁਗਤ ਨਾਲ ਕੀਤੀ ਜਾ ਰਹੀ ਨਾਜਾਇਜ਼ ਇਮਾਰਤਾਂ ਦੀ ਉਸਾਰੀ ਬੰਦ ਕਰਵਾਉਣ ਦੀ ਮੰਗ ਕੀਤੀ। ਇਨ੍ਹਾਂ ਮਸਲਿਆਂ ਨੂੰ ਧਿਆਨ ਨਾਲ ਸੁਣਦਿਆਂ ਪ੍ਰਧਾਨ ਕਮਲਜੀਤ ਸਿੰਘ ਲੱਧੜ ਅਤੇ ਈਓ ਚਰਨਜੀਤ ਸਿੰਘ ਨੇ ਵੱਖ-ਵੱਖ ਮਾਮਲਿਆਂ ਦੀ ਜਾਂਚ ਕਰਨ ਦਾ ਭਰੋਸਾ ਦਿਵਾਇਆ।



News Source link

- Advertisement -

More articles

- Advertisement -

Latest article