25 C
Patiāla
Monday, April 29, 2024

ਸੰਘਣੀ ਧੁੰਦ ’ਚ ਘਿਰੀ ਕੌਮੀ ਰਾਜਧਾਨੀ

Must read


ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 28 ਦਸੰਬਰ

ਦਿੱਲੀ ਵਿੱਚ ਅੱਜ ਸਵੇਰੇ ਘੱਟੋ-ਘੱਟ ਤਾਪਮਾਨ 8.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਦੋ ਡਿਗਰੀ ਵੱਧ ਹੈ। ਇੱਕ ਦਿਨ ਪਹਿਲਾਂ ਇਹ 7.8 ਡਿਗਰੀ ਸੈਲਸੀਅਸ ਸੀ। ਧੁੰਦ ਕਾਰਨ ਅੱਜ ਸਵੇਰੇ ਸੜਕੀ ਆਵਾਜਾਈ ਪ੍ਰਭਾਵਿਤ ਰਹੀ। ਦੇਖਣ ਦੀ ਸਮਰੱਥਾ (ਵਿਜ਼ੀਬਿਲਟੀ) ਇੰਨੀ ਘੱਟ ਸੀ ਕਿ ਸੜਕਾਂ ’ਤੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਗਈਆਂ। ਅੱਜ ਸਵੇਰੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਉਡਾਣ ਰੱਦ ਹੋਣ ਦੀ ਸੂਚਨਾ ਨਹੀਂ ਮਿਲੀ, ਹਾਲਾਂਕਿ ਬੁੱਧਵਾਰ ਸ਼ਾਮ ਦੀਆਂ 100 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਸਨ। ਸੰਘਣੀ ਧੁੰਦ ਦੇ ਚੱਲਦਿਆਂ ਕੌਮੀ ਰਾਜਧਾਨੀ ਵਿੱਚ ਲਗਾਤਾਰ 5 ਦਿਨ ਉਡਾਣ ਅਤੇ ਰੇਲ ਆਵਾਜਾਈ ਪ੍ਰਭਾਵਿਤ ਰਹੀ ਅਤੇ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਵਿਜ਼ੀਬਿਲਟੀ ਸਿਰਫ 50 ਮੀਟਰ ਤੱਕ ਸੀ। ਉੱਤਰੀ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਵੀਰਵਾਰ ਸਵੇਰੇ ਘੱਟੋ-ਘੱਟ 22 ਟਰੇਨਾਂ ਇਕ ਘੰਟੇ ਤੋਂ ਜ਼ਿਆਦਾ ਦੇਰੀ ਨਾਲ ਚੱਲੀਆਂ। ਇਸ ਵਿੱਚ ਪੁਰੀ-ਨਵੀਂ ਦਿੱਲੀ ਪੁਰਸ਼ੋਤਮ ਐਕਸਪ੍ਰੈਸ ਵੀ ਸ਼ਾਮਲ ਹੈ, ਜੋ ਛੇ ਘੰਟੇ ਤੋਂ ਵੱਧ ਦੇਰੀ ਨਾਲ ਚੱਲ ਰਹੀ ਸੀ। ਬੁਲਾਰੇ ਨੇ ਦੱਸਿਆ ਕਿ ਸਰਦੀਆਂ ਵਿੱਚ ਸੰਘਣੀ ਧੁੰਦ ਦੌਰਾਨ ਕਿਸੇ ਦੁਰਘਟਨਾ ਤੋਂ ਬਚਣ ਲਈ ਰੇਲ ਗੱਡੀਆਂ ਨੂੰ ਘੱਟ ਰਫ਼ਤਾਰ ਨਾਲ ਚਲਾਇਆ ਜਾਂਦਾ ਹੈ। ਇਸ ਦੌਰਾਨ ਅੱਜ ਦਿੱਲੀ ’ਚ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਬਣੀ ਰਹੀ। ਪਿਛਲੇ 24 ਘੰਟਿਆਂ ਵਿੱਚ ਮਾਮੂਲੀ ਸੁਧਾਰ ਹੋਇਆ ਹੈ। ਸਵੇਰੇ 9 ਵਜੇ ਔਸਤ ਹਵਾ ਗੁਣਵੱਤਾ ਸੂਚਕਾਂਕ 377 (ਬਹੁਤ ਮਾੜਾ) ਸੀ। ਬੁੱਧਵਾਰ ਸ਼ਾਮ 4 ਵਜੇ ਇਹ 380 (ਬਹੁਤ ਮਾੜਾ) ਦਰਜ ਕੀਤਾ ਗਿਆ ਸੀ। ਦਿੱਲੀ ’ਚ ਹਵਾ ਦੀ ਗੁਣਵੱਤਾ 30 ਦਸੰਬਰ ਤੱਕ ‘ਬਹੁਤ ਖਰਾਬ’ ਰਹਿਣ ਦੀ ਸੰਭਾਵਨਾ ਹੈ। ਆਈਐੱਮਡੀ ਨੇ ਵੀਰਵਾਰ ਲਈ ‘ਸੰਤਰੀ’ ਅਲਰਟ ਜਾਰੀ ਕੀਤਾ ਸੀ, ‘ਸੰਘਣੀ’ ਤੋਂ ‘ਬਹੁਤ ਸੰਘਣੀ’ ਧੁੰਦ ਦੀ ਭਵਿੱਖਬਾਣੀ ਕੀਤੀ ਸੀ।

ਠੰਢ ਕਾਰਨ ਆਮ ਜਨ-ਜੀਵਨ ਪ੍ਰਭਾਵਿਤ

ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਪਿਛਲੇ ਤਿੰਨ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਖਣ ਦੀ ਸਮਰੱਥਾ ਕਾਫੀ ਘੱਟ ਹੋਣ ਕਾਰਨ ਸੜਕਾਂ ’ਤੇ ਵਾਹਨ ਕੀੜੀ ਦੀ ਚਾਲ ਚੱਲਦੇ ਨਜ਼ਰ ਆ ਰਹੇ ਹਨ। ਠੰਢ ਵਧਣ ਨਾਲ ਖੇਤਾਂ ਵਿਚ ਕੰਮ ਕਰਨ ਵਾਲੇ ਮਜ਼ਦੂਰ ਵੀ ਠੁਰ-ਠੁਰ ਕਰ ਰਹੇ ਹਨ, ਜਿਸ ਕਾਰਨ ਗੰਨੇ ਦੀ ਛਿਲਾਈ ’ਤੇ ਵੀ ਅਸਰ ਪੈ ਰਿਹਾ ਹੈ। ਠੰਢ ਕਰ ਕੇ ਸਵੇਰੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਜ਼ਾਰਾਂ ’ਚੋਂ ਰੌਣਕ ਘੱਟ ਗਈ ਹੈ। ਕਈ ਥਾਵਾਂ ’ਤੇ ਲੋਕ ਅੱਗ ਸੇਕ ਕੇ ਠੰਢ ਤੋਂ ਬਚਣ ਦਾ ਯਤਨ ਕਰ ਰਹੇ ਹਨ। ਕਿਸਾਨ ਤਰਸੇਮ ਸਿੰਘ, ਰਾਜੇਸ਼ ਸ਼ਰਮਾ, ਪ੍ਰੀਤਮ ਸਿੰਘ ਆਦਿ ਦਾ ਕਹਿਣਾ ਹੈ ਕਿ ਇਸ ਵਾਰ ਮੌਸਮ ਜ਼ਿਆਦਾ ਦੇਰ ਗਰਮ ਰਹਿਣ ਕਾਰਨ ਕਣਕ ਦੀ ਫਸਲ ’ਤੇ ਮਾੜਾ ਅਸਰ ਪੈ ਰਿਹਾ ਸੀ ਪਰ ਹੁਣ ਠੰਢ ਵਧਣ ਕਰ ਕੇ ਕਣਕ ਦੀ ਫਸਲ ਨੂੰ ਲਾਭ ਮਿਲੇਗਾ। ਗੰਨੇ ਤੇ ਆਲੂ ਦੀ ਫਸਲ ਵਾਲੇ ਖੇਤਾਂ ਵਿਚ ਹੁਣ ਕਿਸਾਨ ਕਣਕ ਦੀ ਬਿਜਾਈ ਕਰ ਸਕਣਗੇ। ਉਧਰ ਥਾਣਾ ਬਾਬੈਨ ਦੇ ਇੰਚਾਰਜ ਦਿਨੇਸ਼ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਧੁੰਦ ਦੇ ਮੌਸਮ ਵਿਚ ਦੁਰਘਟਨਾ ਤੋਂ ਬਚਣ ਲਈ ਆਪਣੇ ਵਾਹਨ ਨੂੰ ਸਾਵਧਾਨੀ ਨਾਲ ਚਲਾਉਣਾ ਚਾਹੀਦਾ ਹੈ। ਧੁੰਦ ਦੀ ਵਜਾ ਕਾਰਨ ਸੜਕੀ ਹਾਦਸਿਆਂ ਵਿਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿਚ ਇੰਡੀਕੇਟਰ ਦਾ ਪ੍ਰਯੋਗ ਜ਼ਰੂਰ ਕੀਤਾ ਜਾਵੇ। ਆਪਣੇ ਵਾਹਨ ’ਤੇ ਰੇਡੀਅਮ ਸਟੀਕਰ ਲਾਏ ਜਾਣ ’ਤੇ ਅੱਗੇ ਜਾ ਰਹੇ ਵਾਹਨ ਤੋਂ ਦੂਰੀ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਸੰਭਵ ਹੋ ਸਕੇ ਬਿਨਾਂ ਕੰਮ ਤੋਂ ਵਾਹਨ ਲੈ ਕੇ ਸੜਕ ’ਤੇ ਨਾ ਜਾਇਆ ਜਾਵੇ।



News Source link

- Advertisement -

More articles

- Advertisement -

Latest article