27.8 C
Patiāla
Thursday, May 2, 2024

ਨਵੇਂ ਸਾਲ ਦੇ ਮੱਦੇਨਜ਼ਰ ਦਿੱਲੀ ਪੁਲੀਸ ਚੌਕਸ

Must read


ਪੱਤਰ ਪ੍ਰੇਰਕ

ਨਵੀਂ ਦਿੱਲੀ, 28 ਦਸੰਬਰ

ਦੇਸ਼ ਦੀ ਰਾਜਧਾਨੀ ਦਿੱਲੀ ਦੇ ਲੋਕ ਨਵੇਂ ਸਾਲ ਦੇ ਜਸ਼ਨਾਂ ਦੀ ਤਿਆਰੀ ਵਿੱਚ ਲੱਗ ਚੁੱਕੇ ਹਨ। ਰੈਸਤਰਾਂ, ਦੁਕਾਨਾਂ, ਮਾਲ, ਸ਼ੋਅਰੂਮ ਤੇ ਹੋਟਲ ਨਵੇਂ ਸਾਲ ਦੀ ਆਮਦ ਦਾ ਸ਼ਾਨਦਾਰ ਸਵਾਗਤ ਕਰਨ ਲਈ ਸਜ ਗਏ ਹਨ। ਉਥੇ ਹੀ ਦਿੱਲੀ ਪੁਲੀਸ ਨੇ ਵੀ ਨਵੇਂ ਸਾਲ ਮੌਕੇ ਸੁਰੱਖਿਆ ਨੂੰ ਲੈ ਕੇ ਸਖ਼ਤ ਇੰਤਜ਼ਾਮ ਕਰਨ ਦੀ ਤਿਆਰੀ ਕਰ ਲਈ ਹੈ। ਨਵੇਂ ਸਾਲ ਦੇ ਸਮਾਗਮਾਂ ਦੌਰਾਨ ਸਖ਼ਤ ਸੁਰੱਖਿਆ ਲਈ ਕਨਾਟ ਪਲੇਸ, ਇੰਡੀਆ ਗੇਟ, ਐਰੋਸਿਟੀ, ਮੁਖਰਜੀ ਨਗਰ, ਵਸੰਤ ਕੁੰਜ ਮਾਲ ਅਤੇ ਈਡੀਐੱਮ ਮਾਲ ਵਿੱਚ ਵਿਸ਼ੇਸ਼ ਪੁਲੀਸ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। 31 ਦਸੰਬਰ ਦੀ ਦਰਮਿਆਨੀ ਰਾਤ ਨੂੰ ਜਨਤਕ ਥਾਵਾਂ ’ਤੇ ਸਖ਼ਤ ਨਿਗਰਾਨੀ ਰੱਖਣ ਲਈ ਦਿੱਲੀ ਪੁਲੀਸ ਦੀਆਂ ਵੱਖ-ਵੱਖ ਯੂਨਿਟਾਂ ਦੇ 10,000 ਤੋਂ ਵੱਧ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ ਦਿੱਲੀ ਟਰੈਫਿਕ ਪੁਲੀਸ ਸੜਕ ’ਤੇ ਕਿਸੇ ਵੀ ਹਫੜਾ-ਦਫੜੀ ਤੋਂ ਬਚਣ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਜਾਂਚ ਲਈ ਲਗਭਗ 2,500 ਕਰਮਚਾਰੀ ਤਾਇਨਾਤ ਕਰੇਗੀ।

ਦਿੱਲੀ ਪੁਲੀਸ ਐਤਵਾਰ ਨੂੰ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਅਮਨ-ਕਾਨੂੰਨ ਬਣਾਈ ਰੱਖਣ ਲਈ ਰਾਜਧਾਨੀ ਦੇ ਮੁੱਖ ਸਥਾਨਾਂ ’ਤੇ ਵਿਸ਼ੇਸ਼ ਪ੍ਰਬੰਧ ਅਤੇ ਤਾਇਨਾਤੀ ਨੂੰ ਯਕੀਨੀ ਬਣਾਏਗੀ। ਵਿਸ਼ੇਸ਼ ਸੀਪੀ ਟਰੈਫਿਕ ਐੱਸਐੱਸ ਯਾਦਵ ਅਨੁਸਾਰ ਨਗਰ ਖੇਤਰ, ਵਸੰਤ ਕੁੰਜ ਮਾਲ, ਈਡੀਐੱਮ ਮਾਲ, ਪੈਸੀਫਿਕ ਮਾਲ, ਚੰਪਾ ਗਲੀ, ਹਡਸਨ ਲੇਨ, ਹੌਜ਼ ਖਾਸ ਤੇ ਹੋਰ ਭੀੜ ਵਾਲੀਆਂ ਥਾਵਾਂ ਵਿੱਚ ਰਾਤ 8 ਵਜੇ ਤੋਂ ਬਾਅਦ ਟਰੈਫਿਕ ਨਿਯੰਤਰਿਤ ਕੀਤਾ ਜਾਵੇਗਾ। ਪੁਲੀਸ ਡਿਪਟੀ ਕਮਿਸ਼ਨਰ (ਉੱਤਰ ਪੂਰਬ) ਜੋਏ ਟਿਰਕੀ ਨੇ ਕਿਹਾ ਕਿ ਤਾਇਨਾਤੀ ਲਈ ਦੋ ਵੱਖ-ਵੱਖ ਸ਼ਿਫਟਾਂ ਤਿਆਰ ਕੀਤੀਆਂ ਗਈਆਂ ਹਨ।

ਪੁਲੀਸ ਵੱਲੋਂ ਐਡਵਾਈਜ਼ਰੀ ਜਾਰੀ

ਦਿੱਲੀ ਪੁਲੀਸ ਨੇ ਸੜਕੀ ਆਵਾਜਾਈ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਅਨੁਸਾਰ ਮੰਡੀ ਹਾਊਸ ਚੌਕ, ਬੰਗਾਲੀ ਮਾਰਕੀਟ ਚੌਕ, ਰਣਜੀਤ ਸਿੰਘ ਫਲਾਈਓਵਰ ਦੇ ਉੱਤਰੀ ਪੈਰ (ਬਾਰਾਖੰਬਾ ਰੋਡ-ਟਾਲਸਟਾਏ ਮਾਰਗ ਕਰਾਸਿੰਗ), ਮਿੰਟੋ ਰੋਡ-ਦੀਨ ਦਿਆਲ ਉਪਾਧਿਆ ਮਾਰਗ ਕਰਾਸਿੰਗ, ਚੇਲਮਸਫੋਰਡ ਰੋਡ, ਨਵੀਂ ਦਿੱਲੀ ਰੇਲਵੇ ਸਟੇਸ਼ਨ, ਆਰਕੇ ਆਸ਼ਰਮ ਮਾਰਗ-ਚਿਤਰਗੁਪਤ ਮਾਰਗ ਕਰਾਸਿੰਗ, ਗੋਲੇ ਮਾਰਕੀਟ ਚੌਕ, ਨਵੀਂ ਦਿੱਲੀ ਜੀਪੀਓ ਚੌਕ, ਪਟੇਲ ਚੌਕ, ਕਸਤੂਰਬਾ ਗਾਂਧੀ ਰੋਡ-ਫਿਰੋਜ਼ਸ਼ਾਹ ਰੋਡ ਕਰਾਸਿੰਗ, ਜੈ ਸਿੰਘ ਰੋਡ-ਬੰਗਲਾ ਸਾਹਿਬ ਲੇਨ, ਪੰਚਕੁਈਆਂ ਰੋਡ-ਬੰਗਲਾ ਸਾਹਿਬ ਲੇਨ, ਵਿੰਡਸਰ ਸਥਾਨ ਚੌਕ, ਬੂਟਾ ਸਿੰਘ ਮਾਰਗ ਚੌਕ ਅਤੇ ਸਟੇਟ ਐਂਟਰੀ ਰੋਡ-ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਅੱਗੇ ਕਿਸੇ ਵੀ ਵਾਹਨ ਨੂੰ ਕਨਾਟ ਪਲੇਸ ਵੱਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕਨਾਟ ਪਲੇਸ ਦੇ ਅੰਦਰਲੇ, ਮੱਧ ਜਾਂ ਬਾਹਰੀ ਚੱਕਰ ਵਿੱਚ ਪਾਸ ਵਾਲੇ ਵਾਹਨਾਂ ਨੂੰ ਹੀ ਇਜਾਜ਼ਤ ਦਿੱਤੀ ਜਾਵੇਗੀ। ਵਾਹਨ ਚਾਲਕ ਗੋਲ ਡਾਕ ਖਾਨਾ ਪੰਤ ਮਾਰਗ ਅਤੇ ਭਾਈ ਵੀਰ ਸਿੰਘ ਮਾਰਗ, ਏਆਈਆਰ ਦੇ ਪਿੱਛੇ ਰਕਾਬ ਗੰਜ ਰੋਡ ’ਤੇ ਪਟੇਲ ਚੌਕ ਨੇੜੇ ਅਤੇ ਬੜੌਦਾ ਹਾਊਸ ਤੱਕ ਕੋਪਰਨਿਕਸ ਮਾਰਗ ’ਤੇ ਮੰਡੀ ਹਾਊਸ, ਦੀਨ ਦਿਆਲ ਉਪਾਧਿਆ ਮਾਰਗ ’ਤੇ ਮਿੰਟੋ ਰੋਡ ਅਤੇ ਪ੍ਰੈੱਸ ਰੋਡ ਖੇਤਰ, ਆਰਕੇ ਆਸ਼ਰਮ ਮਾਰਗ ’ਤੇ ਪੰਚਕੁਈਆਂ ਰੋਡ ਨੇੜੇ, ਚਿਤਰਗੁਪਤ ਰੋਡ ’ਤੇ ਵੀ ਆਪਣੇ ਵਾਹਨ ਪਾਰਕ ਕਰ ਸਕਦੇ ਹਨ।



News Source link

- Advertisement -

More articles

- Advertisement -

Latest article