39 C
Patiāla
Saturday, April 27, 2024

ਵੱਡੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸ਼ਹੀਦੀ ਜੋੜ ਮੇਲ ਆਰੰਭ

Must read


ਸੰਜੀਵ ਬੱਬੀ

ਚਮਕੌਰ ਸਾਹਿਬ, 21 ਦਸੰਬਰ

ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਅਤੇ ਚਮਕੌਰ ਸਾਹਿਬ ਦੇ ਮੁਗਲ ਸਾਮਰਾਜ ਨਾਲ ਹੋਏ ਇਤਿਹਾਸਕ ਯੁੱਧ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਸਾਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਅੱਜ ਇੱਥੇ ਸ਼ੁਰੂ ਹੋ ਗਿਆ ਹੈ। ਜੋੜ ਮੇਲ ਦੇ ਪਹਿਲੇ ਦਿਨ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਮੰਚ ਤੋਂ ਰਾਗੀ ਤੇ ਢਾਡੀ ਜਥਿਆਂ ਨੇ ਕਥਾ ਕੀਰਤਨ ਕੀਤਾ ਅਤੇ ਗੁਰਬਾਣੀ ਦੀ ਵਿਆਖਿਆ ਕੀਤੀ। ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਮੈਨੇਜਰ ਭਾਈ ਨੱਥਾ ਸਿੰਘ ਨੇ ਦੱਸਿਆ ਕਿ ਇਹ ਦੀਵਾਨ 23 ਦਸੰਬਰ ਦੇਰ ਰਾਤ ਤੱਕ ਜਾਰੀ ਰਹਿਣਗੇ। ਸਮਾਗਮ ਦੇ ਪਹਿਲੇ ਦਿਨ ਅੱਜ ਸ਼ਹਿਰ ਦੇ ਬਾਜ਼ਾਰਾਂ ਵਿੱਚ ਸੰਗਤਾਂ ਦੀ ਪੂਰੀ ਚਹਿਲ-ਪਹਿਲ ਰਹੀ। ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਨਗਰ ਕੀਰਤਨ ਵੀ ਪਹੁੰਚੇ, ਜਿਨ੍ਹਾਂ ਦਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ ਅਤੇ ਜ਼ਿਲ੍ਹਾ ਪੁਲੀਸ ਮੁਖੀ ਗੁਰਲੀਨ ਸਿੰਘ ਖੁਰਾਣਾ, ਡੀਐੱਸਪੀ ਜਰਨੈਲ ਸਿੰਘ ਅਤੇ ਥਾਣਾ ਮੁਖੀ ਹਰਸ਼ ਮੋਹਨ ਗੌਤਮ ਖੁਦ ਸਮਾਗਮ ਦੀ ਨਿਗਰਾਨੀ ਕਰ ਰਹੇ ਸਨ। ਸਮਾਗਮ ਦੇ ਦੂਜੇ ਦਿਨ 22 ਦਸੰਬਰ ਨੂੰ ਸਿਆਸੀ ਕਾਨਫਰੰਸਾਂ ਹੋਣਗੀਆਂ। ਗੁਰਦੁਆਰੇ ਦੇ ਮੈਨੇਜਰ ਭਾਈ ਨੱਥਾ ਸਿੰਘ ਨੇ ਦੱਸਿਆ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਿੰਘ ਸਾਹਿਬਾਨਾਂ ਸਮੇਤ ਹੋਰ ਅਕਾਲੀ ਦਲ ਦੇ ਆਗੂ ਪਹੁੰਚਣਗੇ।

ਪਹਿਲੇ ਦਿਨ ਵੱਡੀ ਗਿਣਤੀ ਸੰਗਤ ਹੋਈ ਨਤਮਸਤਕ

ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਗੜ੍ਹੀ ਸਾਹਿਬ, ਤਾੜੀ ਸਾਹਿਬ ਅਤੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸਮੇਤ ਸਾਰੇ ਗੁਰਦੁਆਰਿਆਂ ਵਿੱਚ ਨਤਮਸਤਕ ਹੋਈਆਂ। ਚਮਕੌਰ ਸਾਹਿਬ-ਮੋਰਿੰਡਾ ਰੋਡ ਅਤੇ ਸਰਹਿੰਦ ਨਹਿਰ ਪੁਲ ਕੋਲ ਉਸਾਰੇ ਜਾ ਰਹੇ ਗੇਟਾਂ ’ਤੇ ਆਰਜ਼ੀ ਰਸਤੇ ਤੰਗ ਹੋਣ ਕਾਰਨ ਸੰਗਤਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਲਾਕੇ ਦੀਆਂ ਟੁੱਟੀਆਂ ਸੜਕਾਂ ਅਤੇ ਭਾਰਤ ਮਾਲਾ ਪ੍ਰਾਜੈਕਟ ਅਧੀਨ ਬਣ ਰਹੇ ਹਾਈਵੇਅ ਵੀ ਸੰਗਤ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ। ਸ਼ਹੀਦੀ ਜੋੜ ਮੇਲ ਮੌਕੇ ਆਰਜ਼ੀ ਦੁਕਾਨਾਂ ਲਗਾ ਕੇ ਰੋਜ਼ੀ ਕਮਾਉਣ ਵਾਲੇ ਦੁਕਾਨਦਾਰ ਵੀ ਪਿਛਲੇ ਕਈ ਦਿਨ ਤੋਂ ਖੱਜਲ ਹੁੰਦੇ ਰਹੇ ਕਿਉਂਕਿ ਨਗਰ ਕੌਂਸਲ ਵੱਲੋਂ ਉਨ੍ਹਾਂ ਨੂੰ ਦੁਕਾਨਾਂ ਲਗਾਉਣ ਨਹੀਂ ਸੀ ਦਿੱਤੀਆਂ ਜਾ ਰਹੀਆਂ ਪਰ ਕੁਝ ਕੌਂਸਲਰਾਂ ਦੀ ਕੋਸ਼ਿਸ਼ ਸਦਕਾ ਅੱਜ ਉਨ੍ਹਾਂ ਨੂੰ ਦੁਕਾਨਾਂ ਲਗਾਉਣ ਦੀ ਇਜਾਜ਼ਤ ਮਿਲ ਗਈ। ਇਸੇ ਦੌਰਾਨ ਉੱਘੇ ਸਮਾਜ ਸੇਵੀ ਅਤੇ ਸੀਨੀਅਰ ਅਕਾਲੀ ਆਗੂ ਅਮਨਦੀਪ ਸਿੰਘ ਮਾਂਗਟ ਦੀ ਅਗਵਾਈ ਹੇਠ ਵਫਦ ਨੇ ਇੱਥੋਂ ਦੇ ਐੱਸਡੀਐੱਮ ਅਮਰੀਕ ਸਿੰਘ ਸਿੱਧੂ ਨੂੰ ਮੰਗ ਪੱਤਰ ਦੇ ਕੇ ਸ਼ਹੀਦੀ ਜੋੜ ਮੇਲ ਦੇ ਦਿਨਾਂ ਦੌਰਾਨ ਤਹਿਸੀਲ ਚਮਕੌਰ ਸਾਹਿਬ ਦੇ ਸਕੂਲਾਂ ਵਿੱਚ ਛੁੱਟੀ ਕਰਨ ਦੀ ਮੰਗ ਕੀਤੀ।

ਭਾਜਪਾ ‘ਵੀਰ ਬਾਲ ਦਿਵਸ’ ਪੂਰੇ ਦੇਸ਼ ਵਿੱਚ ਮਨਾਏਗੀ: ਚੁੱਘ

ਚੰਡੀਗੜ੍ਹ (ਟਨਸ): ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਦੱਸਿਆ ਹੈ ਕਿ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਦੀ ਸ਼ਹਾਦਤ ਵਾਲਾ ਦਿਨ 26 ਦਸੰਬਰ ਭਾਜਪਾ ਵੱਲੋਂ ਪੂਰੇ ਦੇਸ਼ ਵਿੱਚ ‘ਵੀਰ ਬਾਲ ਦਿਵਸ’ ਵਜੋਂ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਭਾਜਪਾ ਵੱਲੋ ਹਰ ਮੰਡਲ ਵਿੱਚ ਸਹਿਜ ਪਾਠ ਤੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਜਾਣਗੇ ਅਤੇ ਸ਼ਬਦ ਕੀਰਤਨ ਸਮਾਗਮ ਹੋਣਗੇ। ਸਾਰੇ ਜ਼ਿਲ੍ਹਾ ਕੇਂਦਰਾਂ ’ਤੇ ਲੰਗਰ ਲਗਾਏ ਜਾਣਗੇ, ਹਰੇਕ ਵਿਧਾਨ ਸਭਾ ਹਲਕੇ ਵਿੱਚ ਵੱਡਾ ਪ੍ਰੋਗਰਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀ ਕਿਸੇ ਵੀ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ 26 ਦਸੰਬਰ ਨੂੰ ਹਰ ਦੇਸ਼ ਵਾਸੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕਰਨੀ ਚਾਹੀਦੀ ਹੈ।

ਸੁਖਬੀਰ ਬਾਦਲ ਅੱਜ ਸ਼ਹੀਦਾਂ ਨੂੰ ਸਰਧਾਂਜਲੀ ਕਰਨਗੇ ਭੇਟ: ਮਾਂਗਟ

ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਹਲਕਾ ਇੰਚਾਰਜ ਕਰਨ ਸਿੰਘ ਡੀ.ਟੀ.ਓ. ਦੀ ਅਗਵਾਈ ਹੇਠ ਗੁਰਦੁਆਰੇ ਦੇ ਦੀਵਾਨ ਹਾਲ ਸਾਹਮਣੇ ਯੂਥ ਅਕਾਲੀ਼ ਦਲ ਵੱਲੋਂ ‘ਮੇਰੀ ਦਸਤਾਰ ਮੇਰੀ ਸ਼ਾਨ’ ਕੈਂਪ ਲਗਾਇਆ ਗਿਆ। ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਕੱਤਰ ਅਮਨਦੀਪ ਸਿੰਘ ਮਾਂਗਟ ਨੇ ਦੱਸਿਆ ਕਿ 22 ਦਸੰਬਰ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਗੂਆਂ ਸਮੇਤ ਸ਼ਹੀਦਾਂ ਨੂੰ ਸਰਧਾਂਜ਼ਲੀ ਭੇਟ ਕਰਨਗੇ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਸ਼ਾਮਲ ਹੋਏ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਸਿੱਖੀ ਸਰੂਪ ਵਿੱਚ ਆਉਣ ਕਿਉਂਕਿ ਗੁਰੂ ਸਾਹਿਬਾਨ ਨੇ ਦਸਤਾਰ ਸਜਾਉਣ ਦਾ ਸਿੱਖਾਂ ਨੂੰ ਮਾਣ ਬਖਸ਼ਿਆ ਹੈ। ਹਲਕਾ ਇੰਚਾਰਜ ਕਰਨ ਸਿੰਘ ਨੇ ਦੱਸਿਆ ਕਿ ਇਹ ਕੈਂਪ ਦੋ ਦਿਨ ਚੱਲੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਬਲਦੇਵ ਸਿੰਘ ਹਾਫ਼ਿਜ਼ਾਬਾਦ, ਬਾਈ ਪਰਮਿੰਦਰ ਸਿੰਘ ਸੇਖੋਂ ਅਤੇ ਲਖਵੀਰ ਸਿੰਘ ਲੱਖੀ ਆਦਿ ਹਾਜ਼ਰ ਸਨ।



News Source link

- Advertisement -

More articles

- Advertisement -

Latest article