20.4 C
Patiāla
Thursday, May 2, 2024

ਭੈਣੀ ਰਜਬਾਹੇ ਦਾ ਪਾੜ: ਡੀਸੀ ਨੇ ਤੁਰੰਤ ਗਿਰਦਾਵਰੀ ਸ਼ੁਰੂ ਕਰਵਾਈ

Must read


ਜੋਗਿੰਦਰ ਸਿੰਘ ਮਾਨ

ਮਾਨਸਾ, 19 ਦਸੰਬਰ

ਜ਼ਿਲ੍ਹਾ ਮਾਨਸਾ ਨੇੜਲੇ ਭੈਣੀ ਰਜਬਾਹੇ ਵਿੱਚ ਪਏ ਪਾੜ ਕਾਰਨ ਤਿੰਨ ਪਿੰਡਾਂ ਦੀ ਤਕਰੀਬਨ 700 ਏਕੜ ਫ਼ਸਲ ਪਾਣੀ ਵਿੱਚ ਡੁੱਬਣ ਦਾ ਦਰਦ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਦੇਖਦਿਆਂ ਤੁਰੰਤ ਮਾਲ ਮਹਿਕਮੇ ਦੇ ਅਧਿਕਾਰੀਆਂ ਮੌਕੇ ’ਤੇ ਬੁਲਾ ਕੇ ਵਿਸ਼ੇਸ਼ ਗਿਰਦਾਵਰੀ ਕਰਨ ਦਾ ਕੰਮ ਚਾਲੂ ਕਰਵਾਇਆ। ਡੀਸੀ ਨਾਲ ਐੱਸਐੱਸਪੀ ਡਾ. ਨਾਨਕ ਸਿੰਘ ਵੀ ਪੀੜਤ ਕਿਸਾਨਾਂ ਨਾਲ ਖੇਤਾਂ ਵਿੱਚ ਪੁੱਜੇ। ਇਸ ਪਾੜ ਕਾਰਨ ਤਿੰਨ ਪਿੰਡਾਂ ਦੇ ਪੀੜਤ ਕਿਸਾਨਾਂ ਤੋਂ ਇਲਾਵਾ ਪੂਰੇ ਪਿੰਡ ਦੇ ਲੋਕ ਸਿੰਜਾਈ ਵਿਭਾਗ ਦੇ ਪ੍ਰਬੰਧਾਂ ਤੋਂ ਤਪੇ ਪਏ ਹਨ।

ਇਸ ਤੋਂ ਪਹਿਲਾਂ ਟੁੱਟੇ ਹੋਏ ਰਜਬਾਹੇ ਦਾ ਪਾੜ ਵੇਖਣ ਪੁੱਜੇ ਡੀਸੀ ਅਤੇ ਐੱਸਐੱਸਪੀ ਨੂੰ ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਫ਼ਸਲ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਦੀ ਸੁਸਤੀ ਅਤੇ ਗੁਸਤਾਖ਼ੀ ਕਾਰਨ ਪਾਣੀ ਵਿੱਚ ਡੁੱਬ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਇਸ ਪਾਣੀ ਨੇ ਸਾਰਾ ਸਿਆਲ ਨਹੀਂ ਸੁੱਕਣਾ, ਜਿਸ ਕਰਕੇ ਜਨਵਰੀ ਮਹੀਨੇ ਤੋਂ ਬਾਅਦ ਕੋਈ ਵੀ ਹਾੜ੍ਹੀ ਦੀ ਫ਼ਸਲ ਨਹੀਂ ਬੀਜੀ ਜਾ ਸਕਦੀ ਹੈ, ਜਿਸ ਕਰਕੇ ਕਿਸਾਨਾਂ ਨੂੰ ਤੁਰੰਤ ਗਿਰਦਾਵਰੀ ਕਰਵਾਕੇ ਇਸਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ। ਅਨੇਕਾਂ ਕਿਸਾਨਾਂ ਨੇ ਕਿਹਾ ਕਿ ਰਜਬਾਹਾ ਟੁੱਟਣ ਕਾਰਨ ਪਸ਼ੂਆਂ ਦਾ ਹਰਾ-ਚਾਰਾ ਵੀ ਮਾਰਿਆ ਗਿਆ ਹੈ, ਜਿਸ ਕਰਕੇ ਪਸ਼ੂਆਂ ਦੀ ਖੁਰਾਕ ਦਾ ਵੀ ਖਾਤਮਾ ਹੋ ਗਿਆ ਹੈ, ਜਿਸ ਦਾ ਹੋਰ ਕੋਈ ਬਦਲਵਾਂ ਬੰਦੋਬਸਤ ਨਹੀਂ ਹੈ। ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਹਾੜ੍ਹੀ ਦੀ ਫ਼ਸਲ ਤਾਂ ਮਾਰੀ ਗਈ, ਪਰ ਅਜੇ ਸਾਉਣੀ ਬੀਜਣ ਦੀ ਵੀ ਕੋਈ ਆਸ ਵਿਖਾਈ ਨਹੀਂ ਦਿੰਦੀ ਹੈ।

ਸੂਬਾ ਸਰਕਾਰ ਨੂੰ ਬਣਦੇ ਮੁਆਵਜ਼ਾ ਲਈ ਲਿਖਿਆ ਗਿਐ: ਡੀਸੀ

ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਕਿਹਾ ਕਿ ਰਜਬਾਹਾ ਟੁੱਟਣ ਕਾਰਨ ਖੇਤਾਂ ’ਚ ਖੜ੍ਹਾ ਪਾਣੀ ਕੱਢਣ ਲਈ ਪ੍ਰਸ਼ਾਸਨ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ ਅਤੇ ਖੇਤਾਂ ਨੂੰ ਪਾਣੀ ਮੁਕਤ ਕਰਵਾ ਕੇ ਫ਼ਸਲ ਬੀਜਣ ਲਈ ਕਿਸਾਨਾਂ ਦੀ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬਣਦੇ ਮੁਆਵਜ਼ਾ ਲਈ ਵੀ ਲਿਖਿਆ ਗਿਆ ਹੈ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਅਗਲੀ ਫ਼ਸਲ ਬੀਜਣ ਤੱਕ ਪੀੜਤ ਕਿਸਾਨਾਂ ਨਾਲ ਤਾਲਮੇਲ ਬਣਾ ਕੇ ਰੱਖਣ ਲਈ ਬਾਕਾਇਦਾ ਆਦੇਸ਼ ਕਰ ਦਿੱਤੇ ਗਏ ਹਨ।



News Source link

- Advertisement -

More articles

- Advertisement -

Latest article