32.3 C
Patiāla
Sunday, April 28, 2024

ਬਰਾਬਰੀ ਦਾ ਨੋਬੇਲ

Must read


ਕਲੌਡੀਆ ਗੋਲਡਨਿ ਅਰਥਸ਼ਾਸਤਰ ’ਚ ਨੋਬੇਲ ਪੁਰਸਕਾਰ ਹਾਸਿਲ ਕਰਨ ਵਾਲੀ ਤੀਜੀ ਮਹਿਲਾ ਹੈ। ਉਸ ਦੀ ਖੋਜ ਪੁਰਸ਼ਾਂ ਅਤੇ ਮਹਿਲਾਵਾਂ ਦੀ ਤਨਖ਼ਾਹ ਵਿਚਲੇ ਅੰਤਰ ਦੂਰ ਕਰਨ ਲਈ ਨੀਤੀਘਾੜਿਆਂ ਨੂੰ ਆਧਾਰ ਮੁਹੱਈਆ ਕਰਵਾਉਂਦੀ ਹੈ। ਹਾਵਰਡ ਯੂਨੀਵਰਸਿਟੀ ਦੀ ਇਸ ਪ੍ਰੋਫੈਸਰ ਨੇ ਅਮਰੀਕਾ ਦੇ ਲਗਭਗ 200 ਸਾਲ ਦੇ ਅੰਕੜਿਆਂ (ਡੇਟਾ) ਦਾ ਵਿਸ਼ਲੇਸ਼ਣ ਕਰ ਕੇ ਦੱਸਿਆ ਹੈ ਕਿ ਕਿਸ ਤਰ੍ਹਾਂ ਤਨਖ਼ਾਹਾਂ ਵਿਚਲੇ ਅੰਤਰ ਨੂੰ ਸਿੱਖਿਆ ਅਤੇ ਕਿੱਤਿਆਂ ਦੀ ਚੋਣ ਦੇ ਆਧਾਰ ’ਤੇ ਸਮਝਿਆ ਜਾ ਸਕਦਾ ਹੈ। ਇਹ ਅੰਤਰ ਮੁੱਖ ਤੌਰ ’ਤੇ ਇਕੋ ਜਿਹੇ ਕੰਮ/ਨੌਕਰੀ ’ਚ ਨਜ਼ਰ ਆਉਂਦਾ ਹੈ; ਇਹ ਓਦੋਂ ਵਧਣ ਲੱਗਦਾ ਹੈ ਜਦੋਂ ਔਰਤ ਪਹਿਲੇ ਬੱਚੇ ਨੂੰ ਜਨਮ ਦਿੰਦੀ ਹੈ ਅਤੇ ਬਾਅਦ ਵਿਚ ਇਹ ਲਗਾਤਾਰ ਵਧਦਾ ਜਾਂਦਾ ਹੈ। ਕਿਰਤ ਮੰਡੀ ’ਚ ਔਰਤਾਂ ਨਾਲ ਹੁੰਦੇ ਵਿਤਕਰਿਆਂ ਬਾਰੇ ਗੋਲਡਨਿ ਦੀ ਖੋਜ ਮਹਿਲਾਵਾਂ ਦੇ ਰਾਹ ’ਚ ਪੈਂਦੇ ਅੜਿੱਕਿਆਂ ਨੂੰ ਵੀ ਉਭਾਰ ਕੇ ਸਾਹਮਣੇ ਲਿਆਉਂਦੀ ਹੈ। ਗੋਲਡਨਿ ਨੂੰ ਇਹ ਪੁਰਸਕਾਰ ਦਿੱਤਾ ਜਾਣਾ ਇਸ ਗੱਲ ਦਾ ਸੱਦਾ ਹੈ ਕਿ ਕੰਮ ਵਾਲੀਆਂ ਥਾਵਾਂ ’ਤੇ ਮਹਿਲਾਵਾਂ ਨੂੰ ਬਰਾਬਰੀ ਦੇ ਮੌਕੇ ਅਤੇ ਹਿੱਸੇਦਾਰੀ ਦੇ ਕੇ ਉਨ੍ਹਾਂ ਨੂੰ ਸ਼ਕਤੀਸ਼ਾਲੀ ਬਣਾਉਣ ਦੇ ਠੋਸ ਉਪਰਾਲੇ ਕੀਤੇ ਜਾਣ।

ਸਨਅਤੀਕਰਨ ਤੋਂ ਪਹਿਲਾਂ ਔਰਤਾਂ ਖੇਤੀ ਦੇ ਕੰਮਕਾਜ ਵਿਚ ਹਿੱਸਾ ਲੈਂਦੀਆਂ ਸਨ। 1900ਵਿਆਂ ਵਿਚ ਆਰਥਿਕਤਾ ਦੇ ਸੁਧਾਰ ਨਾਲ ਉਨ੍ਹਾਂ ਨੂੰ ਰੁਜ਼ਗਾਰ ਦੇਣ ਦਾ ਰੁਝਾਨ ਵਧ ਗਿਆ। ਉੱਚ ਸਿੱਖਿਆ ਵਿਚ ਸੁਧਾਰ ਨੇ ਵੀ ਇਸ ਤਬਦੀਲੀ ’ਚ ਵੱਡਾ ਹਿੱਸਾ ਪਾਇਆ। ਇਸ ਵੇਲੇ ਦੁਨੀਆ ਭਰ ’ਚ 80 ਫ਼ੀਸਦੀ ਪੁਰਸ਼ਾਂ ਦੇ ਮੁਕਾਬਲੇ ਕੇਵਲ ਅੱਧੀਆਂ ਔਰਤਾਂ ਨੂੰ ਹੀ ਰੁਜ਼ਗਾਰ ਮਿਲਦਾ ਹੈ। ਉਹ ਘੱਟ ਕਮਾਉਂਦੀਆਂ ਹਨ ਅਤੇ ਆਮ ਤੌਰ ’ਤੇ ਕਰੀਅਰ ਦੇ ਸਿਖਰਲੇ ਪਾਏਦਾਨ ਤਕ ਨਹੀਂ ਪਹੁੰਚ ਸਕਦੀਆਂ। ਰੁਜ਼ਗਾਰ ਦੇ ਘੱਟ ਮੌਕਿਆਂ ਅਤੇ ਤਨਖ਼ਾਹਾਂ ਵਿਚਲੇ ਵਿਤਕਰੇ ਕਾਰਨ ਮਨੁੱਖੀ ਸਰੋਤਾਂ ਦੀ ਪੂਰੀ ਵਰਤੋਂ ਦੇ ਮੌਕੇ ਸੀਮਤ ਹੋ ਜਾਂਦੇ ਹਨ। ਆਰਥਿਕ ਵਿਕਾਸ ਦੇ ਨਾਲ ਮਹਿਲਾ ਮੁਲਾਜ਼ਮਾਂ ਦੀ ਸਥਿਤੀ ’ਚ ਸੁਧਾਰ ਨਹੀਂ ਹੁੰਦਾ। ਗੋਲਡਨਿ ਦੇ ਅਧਿਐਨ ਮੁਤਾਬਿਕ ਇਹ ਗੱਲ ਸਮਝਣ ਦੀ ਲੋੜ ਹੈ ਕਿ ਨੌਕਰੀ ਦੇ ਖੇਤਰ ’ਚ ਕਿਸੇ ਔਰਤ ਦੀ ਭੂਮਿਕਾ ਸਿਰਫ਼ ਸਮਾਜਿਕ ਤੇ ਆਰਥਿਕ ਹਾਲਾਤ ’ਤੇ ਹੀ ਨਿਰਭਰ ਨਹੀਂ ਹੈ; ਉਸ ਦੀਆਂ ਤਰਜੀਹਾਂ ਉਸ ਵੱਲੋਂ ਨਿਭਾਈਆਂ ਜਾਂਦੀਆਂ ਪਰਿਵਾਰਕ ਜ਼ਿੰਮੇਵਾਰੀਆਂ ਅਨੁਸਾਰ ਹੁੰਦੀਆਂ ਹਨ। ਮਹਿਲਾਵਾਂ ਵੱਲੋਂ ਅਕਸਰ ਅਜਿਹੀਆਂ ਨੌਕਰੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ ਜਿੱਥੇ ਕੰਮ ਦਾ ਸਮਾਂ ਬਦਲਿਆ ਜਾ ਸਕਦਾ ਹੋਵੇ। ਇਸ ਨਾਲ ਆਮ ਤੌਰ ’ਤੇ ਪੁਰਸ਼ਾਂ ਦੇ ਮੁਕਾਬਲੇ ਉਨ੍ਹਾਂ ਦੀ ਤਨਖ਼ਾਹ ’ਚ ਪਾੜਾ ਪੈ ਜਾਂਦਾ ਹੈ। ਭਾਰਤ ’ਚ ਸਮਾਜਿਕ ਢਾਂਚਾ ਕੁਝ ਵੱਖਰਾ ਹੋ ਸਕਦਾ ਹੈ ਪਰ ਪ੍ਰਭਾਵਸ਼ਾਲੀ ਨੀਤੀਆਂ ਘੜਨ ਲਈ ਇਸ ਖੋਜ ਦੇ ਨਤੀਜਿਆਂ ਦਾ ਅਧਿਐਨ ਕੀਤਾ ਜਾਣਾ ਚਾਹੀਦਾ ਹੈ।

ਬਹੁਤ ਵਾਰ ਔਰਤ ਦੀ ਬਰਾਬਰੀ ਨੂੰ ਸਿਰਫ਼ ਨਾਅਰੇ ਦੇ ਪੱਧਰ ’ਤੇ ਵਰਤਿਆ ਜਾਂਦਾ ਹੈ। ਜ਼ਰੂਰਤ ਹੈ ਨਾ-ਬਰਾਬਰੀ ਦੇ ਇਸ ਵਰਤਾਰੇ ਦਾ ਗੰਭੀਰਤਾ ਨਾਲ ਅਧਿਐਨ ਕੀਤਾ ਜਾਵੇ। ਵੱਖ ਵੱਖ ਸਮਾਜਾਂ ਵਿਚ ਇਸ ਦੇ ਕਾਰਨ ਵੀ ਵੱਖੋ ਵੱਖਰੇ ਹੋਣਗੇ ਅਤੇ ਇਸ ਸਬੰਧੀ ਕੀਤੇ ਜਾਣ ਵਾਲੇ ਸੁਧਾਰਾਂ ਵਿਚ ਵੀ ਅੰਤਰ ਹੋਵੇਗਾ। ਸਾਡੇ ਦੇਸ਼ ਵਿਚ ਔਰਤਾਂ ਨੂੰ ਮਰਦ-ਪ੍ਰਧਾਨ ਸੋਚ ਦੇ ਨਾਲ ਨਾਲ ਜਾਤਪਾਤ ਆਧਾਰਿਤ ਵਿਤਕਰਿਆਂ ਵਿਰੁੱਧ ਵੀ ਸੰਘਰਸ਼ ਕਰਨਾ ਪੈਂਦਾ ਹੈ। ਇਹ ਵੀ ਧਿਆਨ ਦੇਣਯੋਗ ਹੈ ਕਿ ਜਿੱਥੇ ਅਜਿਹੇ ਅਧਿਐਨ ਸੁਧਾਰਾਂ ਲਈ ਜ਼ਮੀਨ ਤਿਆਰ ਕਰ ਸਕਦੇ ਹਨ ਉੱਥੇ ਅਜਿਹੇ ਸੁਧਾਰ ਕਰਨ ਲਈ ਮਜ਼ਬੂਤ ਸਿਆਸੀ ਤੇ ਸਮਾਜਿਕ ਇੱਛਾ ਦੀ ਜ਼ਰੂਰਤ ਹੁੰਦੀ ਹੈ।



News Source link
#ਬਰਬਰ #ਦ #ਨਬਲ

- Advertisement -

More articles

- Advertisement -

Latest article