27.2 C
Patiāla
Monday, April 29, 2024

ਮੰਡੀ ਵਿੱਚ ਬਾਇਓਮੀਟ੍ਰਿਕ ਮਸ਼ੀਨ ਖ਼ਰਾਬ ਹੋਣ ਤੋਂ ਭੜਕੇ ਕਿਸਾਨ – punjabitribuneonline.com

Must read


ਸੰਤੋਖ ਗਿੱਲ

ਗੁਰੂਸਰ ਸੁਧਾਰ, 7 ਅਕਤੂਬਰ

ਇੱਥੋਂ ਦੀ ਅਨਾਜ ਮੰਡੀ ਵਿੱਚ ਬਾਇਓਮੀਟ੍ਰਿਕ ਮਸ਼ੀਨ ਦੇ ਤਕਨੀਕੀ ਨੁਕਸ ਕਾਰਨ ਕਈ ਦਿਨਾਂ ਤੋਂ ਖੱਜਲ-ਖ਼ੁਆਰ ਹੋ ਰਹੇ ਕਿਸਾਨਾਂ ਨੇ ਬਾਅਦ ਦੁਪਹਿਰ ਲੁਧਿਆਣਾ-ਬਠਿੰਡਾ ਰਾਜ ਮਾਰਗ ਉੱਪਰ ਜ਼ੋਰਦਾਰ ਨਾਅਰੇਬਾਜ਼ੀ ਦੌਰਾਨ ਆਵਾਜਾਈ ਠੱਪ ਕਰ ਦਿੱਤੀ। ਭਾਰਤੀ ਕਿਸਾਨ ਯੂਨੀਅਨ (ਦੁਆਬਾ) ਦੇ ਆਗੂ ਜਸਪ੍ਰੀਤ ਸਿੰਘ ਅਨੁਸਾਰ ਸੂਬੇ ਵਿੱਚ ਅੱਧੀਆਂ ਅਨਾਜ ਮੰਡੀਆਂ ਵਿੱਚ ਬਾਇਓਮੀਟ੍ਰਿਕ ਮਸ਼ੀਨਾਂ ਨਾਲ ਅਦਾਇਗੀ ਕਰਨ ਦਾ ਫ਼ੈਸਲਾ ਕੀਤਾ ਸੀ, ਜਿਸ ਕਾਰਨ ਸੁਧਾਰ ਦੀ ਅਨਾਜ ਮੰਡੀ ਦੇ ਝੋਨਾ ਉਤਪਾਦਕ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੰਡੀ ਬੋਰਡ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਅੱਜ ਤੱਕ ਕਿਸੇ ਨੇ ਕੋਈ ਹੱਲ ਨਹੀਂ ਕੀਤਾ। ਨਤੀਜੇ ਵਜੋਂ ਤਿੰਨ ਦਿਨਾਂ ਵਿੱਚ 3600 ਤੋਂ ਵਧੇਰੇ ਬੋਰੀਆਂ ਭਰਨ ਦੇ ਬਾਵਜੂਦ ਕਿਸਾਨਾਂ ਦੇ ਪੱਲੇ ਫੁੱਟੀ ਕੌਡੀ ਨਹੀਂ ਪਈ।

ਥਾਣਾ ਸੁਧਾਰ ਅਤੇ ਦਾਖਾ ਪੁਲੀਸ ਦੇ ਅਧਿਕਾਰੀਆਂ ਅਤੇ ਮੰਡੀਕਰਨ ਬੋਰਡ ਦੇ ਉਪ ਜ਼ਿਲ੍ਹਾ ਮੈਨੇਜਰ ਜਸਮੀਤ ਸਿੰਘ ਵੱਲੋਂ ਕਿਸਾਨ ਆਗੂਆਂ ਨੂੰ ਮਨਵਾਉਣ ਵਿੱਚ ਜਦੋਂ ਸਫ਼ਲਤਾ ਨਹੀਂ ਮਿਲੀ ਤਾਂ ਪੁਲੀਸ ਨੇ ਰਾਜ ਮਾਰਗ ਦੇ ਕੁਝ ਚੌਕਾਂ ਵਿੱਚ ਨਾਕੇਬੰਦੀ ਕਰ ਕੇ ਆਵਾਜਾਈ ਬਦਲਵੇਂ ਮਾਰਗਾਂ ਵੱਲ ਮੋੜ ਦਿੱਤੀ। ਆਖ਼ਰ ਜ਼ਿਲ੍ਹਾ ਮੈਨੇਜਰ ਵਰਿੰਦਰ ਸਿੰਘ ਨੇ ਹਰ ਹੀਲੇ ਮਸ਼ੀਨ ਅੱਜ ਹੀ ਚਲਾ ਕੇ ਅਦਾਇਗੀ ਕਰਨ ਦਾ ਭਰੋਸਾ ਦੇ ਕੇ ਆਵਾਜਾਈ ਬਹਾਲ ਕਰਵਾਈ। ਇਸ ਮੌਕੇ ਕਈ ਕਿਸਾਨ ਆਗੂ ਅਤੇ ਕਿਸਾਨ ਮੌਜੂਦ ਸਨ।

 

ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ’ਚ ਗੱਟਿਆਂ ਦੇ ਅੰਬਾਰ ਲੱਗੇ

ਦਾਣਾ ਮੰਡੀ ’ਚ ਲੱਗੇ ਝੋਨੇ ਦੀਆਂ ਬੋਰੀਆਂ ਦੇ ਅੰਬਾਰ।

ਖੰਨਾ (ਜੋਗਿੰਦਰ ਸਿੰਘ ਓਬਰਾਏ): ਇੱਥੋਂ ਦੀ ਅਨਾਜ ਮੰਡੀ ਵਿਚ ਕਰੀਬ ਛੇ ਦਿਨਾਂ ਵਿਚ ਹੀ ਸੱਤ ਲੱਖ ਗੱਟੇ ਤੋਂ ਵੱਧ ਝੋਨੇ ਦੀ ਖ਼ਰੀਦ ਕੀਤੀ ਗਈ। ਇਸ ਦੌਰਾਨ ਢਿੱਲੀ ਲਿਫਟਿੰਗ ਕਾਰਨ ਮੰਡੀਆਂ ਵਿਚ ਬੋਰੀਆਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ। ਦੱਸਣਯੋਗ ਹੈ ਕਿ ਮੰਡੀ ਵਿਚ ਪਿਛਲੇ ਦਨਿੀਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਪੰਜਾਬ ਦੇ ਖੁਰਾਕ ਤੇ ਸਵਿਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ’ਚ ਪਹੁੰਚ ਕੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਏਜੰਸੀਆਂ ਨੂੰ ਨਿਰਵਿਘਨ ਖ਼ਰੀਦ ਕਰਨ ਦੀਆਂ ਹਦਾਇਤਾਂ ਕੀਤੀਆਂ। ਜਿਸ ਪਿਛੋਂ ਖੰਨਾ ਮੰਡੀ ਵਿਚ ਖ਼ਰੀਦ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਪਰ ਲਿਫਟਿੰਗ ਦੀ ਸਮੱਸਿਆ ਗੰਭੀਰ ਬਣਦੀ ਦਿਖਾਈ ਦੇ ਰਹੀ ਹੈ ਕਿਉਂਕਿ ਖ਼ਰੀਦ ਕੀਤੇ ਕਰੀਬ 7 ਲੱਖ ਗੱਟੇ ’ਚੋਂ 3,87,989 ਗੱਟਾ ਮੰਡੀਆਂ ਵਿਚ ਪਿਆ ਹੈ। ਅਨਾਜ ਮੰਡੀ ’ਚ ਖ਼ਰੀਦ ਏਜੰਸੀਆਂ ਵੱਲੋਂ ਪਰਮਲ ਝੋਨੇ ਤੇ ਨਿੱਜੀ ਵਪਾਰੀਆਂ ਵੱਲੋਂ ਬਾਸਮਤੀ ਦੀ ਖ਼ਰੀਦ ਕੀਤੀ ਜਾ ਰਹੀ ਹੈ। ਮੰਡੀ ਵਿਚ ਬੋਰੀਆਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਨਵੀਂ ਫ਼ਸਲ ਸੁਕਾਉਣ ਲਈ ’ਚ ਸਮੱਸਿਆ ਆ ਸਕਦੀ ਹੈ। ਮਾਰਕੀਟ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਪਿਛਲੇ ਸਾਲ ਮੰਡੀ ਵਿਚ 19,29,942 ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਗਈ ਸੀ ਅਤੇ ਹੁਣ ਤੱਕ ਮੰਡੀ ਵਿਚ 2,17,427 ਕੁਇੰਟਲ ਝੋਨਾ ਆ ਚੁੱਕਾ ਹੈ। ਜਿਸ ਵਿਚੋਂ ਹੁਣ ਤੱਕ ਪਨਗ੍ਰੇਨ ਨੇ 95,110 ਕੁਇੰਟਲ, ਮਾਰਕਫੈੱਡ ਨੇ 46,585 ਕੁਇੰਟਲ, ਪਨਸਪ ਨੇ 40,911 ਕੁਇੰਟਲ, ਵੇਅਰਹਾਊਸ ਕਾਰਪੋਰੇਸ਼ਨ ਨੇ 24,691 ਕੁਇੰਟਲ ਅਤੇ ਪ੍ਰਾਈਵੇਟ ਅਦਾਰਿਆਂ ਵੱਲੋਂ 3019 ਕੁਇੰਟਲ ਝੋਨਾ ਖ਼ਰੀਦਿਆ। ਡੀਐੱਫਐੱਸਸੀ ਸੈਫਾਲੀ ਚੋਪੜਾ ਨੇ ਕਿਹਾ ਕਿ ਮੰਡੀ ਵਿਚ ਅਜਿਹੀ ਕੋਈ ਦਿੱਕਤ ਨਹੀਂ ਹੈ। ਵਿੱਕੀ ਫ਼ਸਲ ਮੰਡੀ ਵਿਚੋਂ 72 ਘੰਟਿਆਂ ਦੇ ਅੰਦਰ ਅੰਦਰ ਚੁੱਕਣ ਲਈ ਜਵਾਬਦੇਹੀ ਹੈ ਫ਼ਿਰ ਵੀ ਉਹ ਜਾਂਚ ਕਰਦੇ ਹਨ।



News Source link

- Advertisement -

More articles

- Advertisement -

Latest article