42.2 C
Patiāla
Friday, May 10, 2024

ਬਸਤੀਵਾਦ ਦੇ ਪਰਛਾਵੇਂ

Must read


ਸਵਰਾਜਬੀਰ

ਭਾਰਤ ਵਿਚ ਦੇਸ਼ ਦੇ ਵਿਸ਼ਵ-ਗੁਰੂ ਹੋਣ/ਬਣਨ ਬਾਰੇ ਵੱਡੀ ਪੱਧਰ ’ਤੇ ਵਿਚਾਰ-ਚਰਚਾ ਹੋ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੰਕਲਪ ਦੇ ਵੱਡੇ ਮੁਦਈ ਹਨ ਅਤੇ ਉਨ੍ਹਾਂ ਨੇ ਕੌਮੀ ਤੇ ਕੌਮਾਂਤਰੀ ਮੰਚਾਂ ’ਤੋਂ ਵਾਰ ਵਾਰ ਇਹ ਕਿਹਾ ਹੈ ਕਿ ਭਾਰਤ ਹਮੇਸ਼ਾਂ ਵਿਸ਼ਵ-ਗੁਰੂ ਭਾਵ ਦੁਨੀਆ ਨੂੰ ਸਿੱਖਿਆ ਦੇਣ ਵਾਲਾ ਸੀ ਅਤੇ ਹੁਣ ਫਿਰ ਵਿਸ਼ਵ-ਗੁਰੂ ਬਣਨ ਜਾ ਰਿਹਾ ਹੈ। ਇਸ ਸੰਕਲਪ ਅਨੁਸਾਰ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਦੁਨੀਆ ਦਾ ਸਾਰਾ ਗਿਆਨ-ਵਿਗਿਆਨ ਵੇਦਾਂ, ਵੇਦਾਂਗਾਂ, ਉਪਨਿਸ਼ਦਾਂ ਅਤੇ ਹੋਰ ਗ੍ਰੰਥਾਂ ਵਿਚੋਂ ਉਪਜਿਆ। 25 ਅਕਤੂਬਰ 2022 ਨੂੰ ਜੈਪੁਰ ਵਿਚ ਬ੍ਰਹਮਕੁਮਾਰੀਆਂ ਦੇ ਸਮਾਗਮ ਵਿਚ ਬੋਲਦਿਆਂ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ, ‘‘ਭਾਰਤ ਪੁਰਾਤਨ ਸਮਿਆਂ ਵਿਚ ਵਿਸ਼ਵ-ਗੁਰੂ ਸੀ ਅਤੇ ਭਵਿੱਖ ਵਿਚ ਵੀ ਵਿਸ਼ਵ-ਗੁਰੂ ਬਣਨ ਜਾ ਰਿਹਾ ਹੈ।’’ 24 ਅਪਰੈਲ 2023 ਨੂੰ ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਦੇ ਮੁਦੇਤੀ ਪਿੰਡ ਵਿਚ ਹੋਏ ‘ਵੇਦ ਸੰਸਕ੍ਰਿਤ ਗੌਰਵ ਸਮਾਰੰਭ’ ਸਮਾਗਮ ਵਿਚ ਬੋਲਦਿਆਂ ਰਾਸ਼ਟਰੀ ਸਵੈਮਸੇਵਕ ਸੰਘ ਦੇ ਡਾ. ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਨੂੰ ਵਿਸ਼ਵ-ਗੁਰੂ ਬਣਨ ਲਈ ਵੇਦਾਂ ਤੇ ਸੰਸਕ੍ਰਿਤ ਦੇ ਗਿਆਨ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ; ਭਾਗਵਤ ਨੇ ਦੱਸਿਆ, ‘‘ਭਾਰਤ ਦਾ ਨਿਰਮਾਣ ਵੇਦਾਂ ਦੀਆਂ ਕਦਰਾਂ-ਕੀਮਤਾਂ ’ਤੇ ਹੋਇਆ, ਜਨਿ੍ਹਾਂ ਦਾ ਪੀੜ੍ਹੀ-ਦਰ-ਪੀੜ੍ਹੀ ਪਾਲਣ ਕੀਤਾ ਗਿਆ ਹੈ।’’

ਇਨ੍ਹਾਂ ਬਿਆਨਾਂ ਤੋਂ ਕੁਝ ਮਹੱਤਵਪੂਰਨ ਨੁਕਤੇ ਉੱਭਰਦੇ ਹਨ : 1) ਪੁਰਾਤਨ ਸਮਿਆਂ ਵਿਚ ਭਾਰਤ ਵਿਸ਼ਵ-ਗੁਰੂ ਸੀ ਅਤੇ ਭਵਿੱਖ ਵਿਚ ਫਿਰ ਬਣਨ ਜਾ ਰਿਹਾ ਹੈ; ਇਹ ਧਾਰਨਾ ਪੁਰਾਤਨ ਤੇ ਭਵਿੱਖ ਦੇ ਵਿਚਕਾਰਲੇ ਸਮੇਂ ਭਾਵ ਮੱਧਕਾਲੀਨ ਕਾਲ ਬਾਰੇ ਚੁੱਪ ਹੈ; ਜ਼ਾਹਿਰ ਹੈ ਉਸ ਸਮੇਂ ਨੂੰ ਭਾਰਤ ਦੀ ਸ੍ਰੇਸ਼ਟਤਾ ਦਾ ਸਮਾਂ ਨਹੀਂ ਮੰਨਿਆ ਜਾਂਦਾ। 2) ਸਾਰਾ ਜ਼ੋਰ ਵੇਦਾਂ, ਵੇਦਾਂਗਾਂ, ਉਪਨਿਸ਼ਦਾਂ ਅਤੇ ਸੰਸਕ੍ਰਿਤ ਦੇ ਹੋਰ ਗ੍ਰੰਥਾਂ ’ਤੇ ਦਿੱਤਾ ਜਾਂਦਾ ਹੈ। ਕਿਤੇ ਕਿਤੇ ਦਬਾਅ ਪੈਣ ’ਤੇ ਸਥਾਨਕ ਭਾਸ਼ਾਵਾਂ ਅਤੇ ਉਨ੍ਹਾਂ ਵਿਚ ਰਚੇ ਗਏ ਸਾਹਿਤ ਬਾਰੇ ਗੱਲ ਵੀ ਕੀਤੀ ਜਾਂਦੀ ਹੈ ਪਰ ਗਿਆਨ-ਧੁਰੀ ਸੰਸਕ੍ਰਿਤ ਨੂੰ ਹੀ ਮੰਨਿਆ ਜਾਂਦਾ ਹੈ। ਬੜੇ ਸਪੱਸ਼ਟ ਰੂਪ ਵਿਚ ਦੱਸਿਆ ਜਾਂਦਾ ਹੈ ਕਿ ਹੁਣ ਵੀ ਜ਼ਰੂਰਤ ਵੇਦਾਂ ਤੇ ਸੰਸਕ੍ਰਿਤ ਦੇ ਗਿਆਨ ਦੀ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਪੁਰਾਤਨ ਭਾਰਤ ਨੇ ਗਣਿਤ, ਤਾਰਾ-ਵਿਗਿਆਨ, ਭਾਸ਼ਾ-ਵਿਗਿਆਨ, ਸਿਹਤ-ਵਿਗਿਆਨ ਤੇ ਵਿਗਿਆਨ ਦੇ ਹੋਰ ਖੇਤਰਾਂ ਵਿਚ ਤਰੱਕੀ ਕੀਤੀ ਅਤੇ ਗਿਆਨ ਦਾ ਕੇਂਦਰ ਬਣਿਆ। ਇਸ ਤਰੱਕੀ ਦਾ ਜ਼ਿਕਰ ਕਰਦਾ ਹੋਇਆ ਮਹਾਂਵਿਸ਼ਵ ਵਿਦਿਆਲਿਆ ਕਾਂਚੀਪੁਰਮ ਤਾਮਿਲ ਨਾਡੂ ਦਾ ਖੋਜੀ ਵਿਦਵਾਨ ਪਰਦੀਪ ਕੁਮਾਰ ਪੰਡਾ (ਪਾਂਡਾ) ‘ਇੰਟਰਨੈਸ਼ਨਲ ਜਨਰਲ ਆਫ ਸੰਸਕ੍ਰਿਤ’ ਵਿਚ ਲਿਖੇ ਆਪਣੇ ਲੇਖ ‘ਵਿਸ਼ਵਗੁਰੂ ਭਾਰਤ : ਆਧੁਨਿਕ ਕਾਰਪੋਰੇਟਾਂ ਲਈ ਪੁਰਾਤਨ ਸਿਆਣਪ/ਗਿਆਨ ਦਾ ਇਕ ਚਾਨਣ-ਮੁਨਾਰਾ (Vishwaguru Bharat : A beacon of Ancient wisdom for modern Corporate)’ ਵਿਚ ਪੁਰਾਤਨ ਭਾਰਤ ਦੇ ਗਿਆਨ ਕੇਂਦਰਾਂ ਅਤੇ ਵਿਦਵਾਨਾਂ ਦਾ ਜ਼ਿਕਰ ਕਰਦਾ ਹੈ। ਗਿਆਨ ਕੇਂਦਰਾਂ ਵਿਚ ਉਹ ਨਾਲੰਦਾ, ਤਕਸ਼ਿਲਾ, ਵਿਕਰਮਸ਼ੀਲਾ, ਵਲੱਭਾ, ਵਿਦੀਸ਼ਾ ਤੇ ਕਾਸ਼ੀ ਦਾ ਜ਼ਿਕਰ ਕਰਦਾ ਹੈ ਤੇ ਵਿਦਵਾਨਾਂ ਵਿਚ ਆਦੀ-ਸ਼ੰਕਰਚਾਰੀਆ, ਆਰੀਆ ਭੱਟ, ਅਭਨਵਿ ਗੁਪਤ, ਅਪਾਲਾ, ਭਾਸਕਰਚਾਰੀਆ, ਬ੍ਰਹਮਗੁਪਤ, ਚਾਣਕਿਆ, ਚਰਕ, ਗਾਰਗੀ, ਕਨਾਦ, ਕਾਲੀਦਾਸ, ਲੀਲਾਵਤੀ, ਲੋਪਾਮੁਦਰਾ, ਮੈਤਰੀਯ, ਮਾਦਲਸਾ, ਪੰਤਾਂਜਲੀ, ਪਾਨਿਣੀ, ਸ਼ੰਕਰਦੇਵ, ਤਿਰੂਵੱਲਮ, ਉਦਯ ਭਾਰਤੀ, ਵਰਾਹਮਿਹਰ ਅਤੇ ਯਗਿਆਵਾਲਕ ਦਾ ਜ਼ਿਕਰ ਕਰਦਾ ਹੈ। ਇਨ੍ਹਾਂ ਵਿਦਵਾਨਾਂ ਵਿਚ ਵੇਦਾਂ ਦੀਆਂ ਰਿਚਾਵਾਂ ਲਿਖਣ ਵਾਲੇ ਰਿਸ਼ੀ, ਭਾਸ਼ਾ-ਵਿਗਿਆਨੀ, ਹਿਸਾਬਦਾਨ, ਅਧਿਆਤਮਕ ਆਗੂ, ਚਿੰਤਕ ਆਦਿ ਸ਼ਾਮਲ ਹਨ। ਇਨ੍ਹਾਂ ਵਿਦਵਾਨਾਂ ਦੀ ਵਿਦਵਤਾ ਜੱਗ-ਜ਼ਾਹਿਰ ਹੈ ਅਤੇ ਉਪਰੋਕਤ ਦੱਸੇ ਗਏ ਸ਼ਹਿਰ-ਨਗਰ ਵੀ ਗਿਆਨ ਦੇ ਕੇਂਦਰ ਰਹੇ ਹਨ।

ਇੱਥੇ ਕੁਝ ਸਵਾਲ ਪੁੱਛੇ ਜਾਣੇ ਜ਼ਰੂਰੀ ਹਨ : 1) ਕੀ ਉਪਰੋਕਤ ਵਿਦਵਾਨਾਂ ਦੇ ਸਮਿਆਂ ਵਿਚ ਦੁਨੀਆ ਦੇ ਹੋਰ ਹਿੱਸਿਆਂ ਵਿਚ ਉਨ੍ਹਾਂ ਜਿਹੇ ਹੋਰ ਵਿਦਵਾਨ ਮੌਜੂਦ ਨਹੀਂ ਸਨ। 2) ਕੀ ਦੁਨੀਆ ਦੇ ਹੋਰ ਖਿੱਤੇ ਕਦੇ ਗਿਆਨ ਦੇ ਕੇਂਦਰ ਨਹੀਂ ਬਣੇ। ਸਪੱਸ਼ਟ ਹੈ ਕਿ ਇਨ੍ਹਾਂ ਸਵਾਲਾਂ ਦਾ ਜਵਾਬ ‘ਨਹੀਂ’ ਵਿਚ ਦਿੱਤਾ ਅਤੇ ਇਹ ਕਿਹਾ ਜਾਵੇਗਾ, ‘‘ਇਹ ਵਿਦਵਾਨ ਮਹਾਂ-ਗਿਆਨੀ ਸਨ ਤੇ ਦੁਨੀਆ ਦੇ ਵਿਦਵਾਨਾਂ ਨੇ ਇਨ੍ਹਾਂ ਤੋਂ ਹੀ ਗਿਆਨ ਪ੍ਰਾਪਤ ਕੀਤਾ; ਦੁਨੀਆ ਦੇ ਹੋਰ ਗਿਆਨ-ਕੇਂਦਰ ਨਿਮਨ ਦਰਜੇ ਦੇ ਸਨ।’’ ਇਹ ਸਵਾਲ ਵੀ ਪੁੱਛਿਆ ਜਾਣਾ ਚਾਹੀਦਾ ਹੈ ਕਿ ਮੱਧਕਾਲੀਨ ਸਮਿਆਂ ਵਿਚ ਹੋਏ ਮਹਾਨ ਚਿੰਤਕਾਂ, ਧਰਮ ਸੁਧਾਰਕਾਂ ਤੇ ਵਿਦਵਾਨਾਂ ਦਾ ਜ਼ਿਕਰ ਕਿਉਂ ਨਹੀਂ ਕੀਤਾ ਜਾਂਦਾ ਜਿਹੜੇ ਵੇਦਾਂ ਅਤੇ ਸਿਮਰਤੀਆਂ ਵਿਚ ਪ੍ਰਗਟਾਏ ਗਿਆਨ ਨਾਲ ਅਸਹਿਮਤੀ ਰੱਖਦੇ ਸਨ; ਉਨ੍ਹਾਂ ਵਿਚੋਂ ਭਗਤ ਕਬੀਰ, ਭਗਤ ਨਾਮਦੇਵ, ਭਗਤ ਰਵਿਦਾਸ ਅਤੇ ਭਗਤੀ ਲਹਿਰ ਦੇ ਹੋਰ ਚਿੰਤਕ ਸ਼ਾਮਲ ਹਨ; ਉਨ੍ਹਾਂ ਨੂੰ ਸਰਧਾਂਜਲੀਆਂ ਤਾਂ ਪੇਸ਼ ਕੀਤੀਆਂ ਕੀਤੀਆਂ ਜਾਂਦੀਆਂ ਹਨ ਪਰ ਉਨ੍ਹਾਂ ਦੇ ਚਿੰਤਨ ਨੂੰ ਉੱਚਤਮ ਪ੍ਰਾਪਤੀ ਨਹੀਂ ਦਰਸਾਇਆ ਜਾਂਦਾ; ਉਸ ਚਿੰਤਨ ਵਿਚ ਕਰਮ-ਕਾਂਡ, ਵਰਣ-ਆਸ਼ਰਮ ਤੇ ਜਾਤ-ਪਾਤ ਦਾ ਵਿਰੋਧ ਪੂਰੇ ਰੋਹ ਨਾਲ ਪ੍ਰਗਟ ਹੋਇਆ ਸੀ।

ਇਸ ਸਭ ਕੁਝ ਦੇ ਬਾਵਜੂਦ ਦੁਨੀਆ ਵਿਚ ਵੱਖ ਵੱਖ ਸਮਿਆਂ ਵਿਚ ਉੱਭਰੇ ਗਿਆਨ-ਕੇਂਦਰਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਭਾਵੇਂ ਇਸ ਦਾ ਮਤਲਬ ਇਹ ਨਹੀਂ ਕਿ ਗਿਆਨ ਸਿਰਫ਼ ਕੁਝ ਖ਼ਾਸ ਖਿੱਤਿਆਂ ਵਿਚ ਹੀ ਉਗਮਦਾ ਹੈ। ਉਦਾਹਰਨ ਦੇ ਤੌਰ ’ਤੇ ਮੈਸੋਪੋਟੇਮੀਆ ਦੀ 5-6 ਹਜ਼ਾਰ ਸਾਲ ਪਹਿਲਾਂ ਪਨਪੀ ਸੱਭਿਅਤਾ ਨੂੰ ਸਭ ਤੋਂ ਪੁਰਾਣੀ ਉਹ ਸੱਭਿਅਤਾ ਕਿਹਾ ਜਾਂਦਾ ਹੈ ਜਿਸ ਦਾ ਲਿਖਤ ਰਿਕਾਰਡ/ਇਤਿਹਾਸ ਮਿਲਦਾ ਹੈ ਅਤੇ ਉਸ ਸਮੇਂ ਗਣਿਤ ਤੇ ਤਾਰਾ-ਵਿਗਿਆਨ ਵਿਚ ਹੋਈ ਤਰੱਕੀ ਦੇ ਪ੍ਰਮਾਣ ਮਿਲਦੇ ਹਨ। ਉਨ੍ਹਾਂ ਹੀ ਸਮਿਆਂ ਵਿਚ ਭਾਰਤ ਵਿਚ ਪਨਪ ਰਹੀ ਮਹਿੰਜੋਦਾਰੋ ਅਤੇ ਹੜੱਪਾ ਦੀ ਸੱਭਿਅਤਾ ਦੇ ਸਬੂਤ ਮਿਲਦੇ ਹਨ ਪਰ ਉਸ ਸੱਭਿਅਤਾ ਨਾਲ ਸਬੰਧਿਤ ਨਗਰਾਂ ਦੇ ਥੇਹਾਂ ਵਿਚੋਂ ਮਿਲੀਆਂ ਸੀਲਾਂ ਤੇ ਉੱਕਰੀ ਭਾਸ਼ਾ ਨੂੰ ਹੁਣ ਤਕ ਸਮਝਿਆ ਨਹੀਂ ਜਾ ਸਕਿਆ। ਭਾਰਤ ਦੇ ਉੱਤਰ ਵਿਚ ਚੀਨ ਵਿਚ 4000 ਸਾਲ ਪਹਿਲਾਂ ਪਨਪੀ ਸੱਭਿਅਤਾ ਦੀਆਂ ਪ੍ਰਾਪਤੀਆਂ ਦੇ ਵੇਰਵੇ ਉਪਲਬਧ ਹਨ। ਮਿਸਰ ਵੀ 5000 ਸਾਲ ਪਹਿਲਾਂ ਇਕ ਕੇਂਦਰੀ ਸੱਤਾ ਵਾਲੀ ਸੱਭਿਅਤਾ ਦਾ ਕੇਂਦਰ ਬਣ ਚੁੱਕਾ ਸੀ; ਗਿਜ਼ਾ ਦੇ ਪਿਰਾਮਡ ਲਗਭਗ 4600 ਸਾਲ ਪਹਿਲਾਂ ਬਣਾਏ ਗਏ। ਯੂਨਾਨੀ ਸੱਭਿਅਤਾ ਲਗਭਗ 3000 ਸਾਲ ਪਹਿਲਾਂ ਜੋਬਨ ’ਤੇ ਆਈ ਅਤੇ ਪੱਛਮੀ ਸੱਭਿਅਤਾ ਦਾ ਪੰਘੂੜਾ ਅਖਵਾਈ। ਇਹ ਕੁਝ ਕੁ ਸੱਭਿਅਤਾਵਾਂ ਦੀ ਗੱਲ ਹੈ, ਪੁਰਾਤਨ ਸਮਿਆਂ ਵਿਚ ਦੁਨੀਆ ਦੇ ਹਰ ਖਿੱਤੇ ਵਿਚ ਮਨੁੱਖ ਨੇ ਆਪਣੇ ਹੁਨਰ ਤੇ ਗਿਆਨ ਦੇ ਫੁੱਲਾਂ ਦੀ ਸੁਗੰਧੀ ਪੈਦਾ ਕੀਤੀ ਹੈ, ਯੂਰੋਪ, ਏਸ਼ੀਆ, ਅਫਰੀਕਾ, ਹਰ ਮਹਾਂਦੀਪ ਵਿਚ। ਹਰ ਸੱਭਿਅਤਾ ਸਿਖਰ ’ਤੇ ਪਹੁੰਚਦੀ ਹੈ ਤੇ ਉਸ ਵਿਚ ਨਿਘਾਰ ਵੀ ਆਉਂਦਾ ਹੈ। ਹਰ ਖਿੱਤਾ ਆਪਣੀ ਪੁਰਾਤਨ ਸੱਭਿਅਤਾ ’ਤੇ ਮਾਣ ਕਰਦਾ ਅਤੇ ਵਰਤਮਾਨ ਨਾਲ ਲੋਹਾ ਲੈਂਦਾ ਹੈ। ਇਹ ਵੀ ਪ੍ਰਤੱਖ ਹੈ ਕਿ ਜਦੋਂ ਪੁਰਾਤਨ ਸਮਿਆਂ ਵਿਚ ਭਾਰਤ ਵਿਚ ਗਿਆਨ-ਵਿਗਿਆਨ ਪ੍ਰਫੁੱਲਿਤ ਹੋ ਰਿਹਾ ਸੀ ਤਾਂ ਉਸ ਸਮੇਂ ਦੁਨੀਆ ਦੇ ਹੋਰ ਖਿੱਤੇ ਵੀ ਗਿਆਨ-ਵਿਗਿਆਨ ਦੇ ਕੇਂਦਰ ਸਨ।

ਪੁਰਾਤਨ ਸੱਭਿਅਤਾਵਾਂ ਤੋਂ ਬਾਅਦ ਦੇ ਸਮਿਆਂ ਵਿਚ ਵੀ ਦੁਨੀਆ ਦੇ ਵੱਖ ਵੱਖ ਹਿੱਸੇ ਵੱਖ ਵੱਖ ਸਮਿਆਂ ਵਿਚ ਗਿਆਨ-ਵਿਗਿਆਨ ਦੇ ਉਭਾਰ ਦੇ ਕੇਂਦਰ ਬਣੇ। ਕਿਸੇ ਸਮੇਂ ਰੋਮ, ਮਿਸਰ, ਸਪੇਨ ਅਜਿਹੇ ਕੇਂਦਰ ਬਣੇ ਤੇ ਕਿਸੇ ਸਮੇਂ ਭਾਰਤ, ਇਰਾਨ, ਅਫ਼ਗਾਨਿਸਤਾਨ, ਤਿੱਬਤ ਤੇ ਚੀਨ; ਕਿਸੇ ਸਮੇਂ ਅਰਬ ਤੇ ਮੱਧ ਏਸ਼ੀਆ ਦੇ ਦੇਸ਼ਾਂ ਨੇ ਗਣਿਤ, ਤਾਰਾ-ਵਿਗਿਆਨ ਤੇ ਇਮਾਰਤਸਾਜ਼ੀ ਦੀਆਂ ਸਿਖਰਾਂ ਛੂਹੀਆਂ ਤੇ ਕਿਸੇ ਸਮੇਂ ਯੂਰੋਪ ਨੇ। ਯੂਰੋਪ ਨੇ ਪੁਨਰ-ਜਾਗਰਣ ਦੇ ਸਮਿਆਂ ਵਿਚ ਵੱਡੀ ਉੱਥਲ-ਪੁੱਥਲ ਦੇਖੀ; ਉਨ੍ਹਾਂ ਨੇ ਅਮਰੀਕਾ ਤੇ ਆਸਟਰੇਲੀਆ ਦੇ ਮਹਾਂਦੀਪਾਂ ’ਤੇ ਕਬਜ਼ਾ ਜਮਾਇਆ। ਸਨਅਤੀ ਇਨਕਲਾਬ ਨੇ ਉਨ੍ਹਾਂ ਨੂੰ ਗਿਆਨ-ਵਿਗਿਆਨ ਨੂੰ ਰੋਜ਼ਮੱਰਾ ਦੇ ਕੰਮਾਂ ’ਚ ਵਰਤੋਂ ਕਰਨ ਦੇ ਸਿਖਰ ’ਤੇ ਪਹੁੰਚਾ ਦਿੱਤਾ। ਪਰਮਾਣੂ ਖੋਜ ਤੇ ਪੁਲਾੜ ਖੇਤਰ ਵਿਚ ਯੂਰੋਪ ਤੇ ਅਮਰੀਕਾ ਨੇ ਵੱਡੀਆਂ ਮੱਲਾਂ ਮਾਰੀਆਂ।

ਇਸ ਦੌਰਾਨ ਹੋਏ ਫਰਾਂਸੀਸੀ ਇਨਕਲਾਬ ਨੇ ਆਜ਼ਾਦੀ, ਬਰਾਬਰੀ ਤੇ ਭਾਈਚਾਰੇ ਦੇ ਆਦਰਸ਼ ਦੁਨੀਆ ਦੇ ਸਾਹਮਣੇ ਰੱਖੇ। 1917 ਦੇ ਰੂਸ ਇਨਕਲਾਬ ਨੇ ਮਜ਼ਦੂਰਾਂ ਤੇ ਕਿਸਾਨਾਂ ਦੁਆਰਾ ਰਾਜ-ਸ਼ਕਤੀ ਪ੍ਰਾਪਤ ਕਰਨ ਦੇ ਆਦਰਸ਼ ਨੂੰ ਸਥਾਪਿਤ ਕੀਤਾ। ਪਿਛਲੀ ਸਦੀ ਵਿਚ ਇਟਲੀ ਵਿਚ ਫਾਸ਼ੀਵਾਦ ਅਤੇ ਜਰਮਨੀ ਦੇ ਨਾਜ਼ੀਵਾਦ ਦੇ ਵਰਤਾਰੇ ਵੀ ਉੱਭਰੇ। ਨਾਜ਼ੀਆਂ ਨੇ ਆਰੀਆ ਨਸਲ ਦੇ ਸਰਬੋਤਮ ਹੋਣ ਦੇ ਸਿਧਾਂਤ ਦੀ ਸਥਾਪਨਾ ਕਰਦਿਆਂ ਜਰਮਨ-ਆਰੀਆ ਨਸਲ ਦੇ ਸਰਵਸ੍ਰੇਸ਼ਟ ਹੋਣ ਦਾ ਦਾਅਵਾ ਕੀਤਾ; ਇਸ ਥੋਥੇ ਦਾਅਵੇ ਦੇ ਨਾਂ ਹੇਠ ਲੱਖਾਂ ਯਹੂਦੀਆਂ, ਜਿਪਸੀਆਂ, ਖੱਬੇ-ਪੱਖੀਆਂ, ਜਮਹੂਰੀਅਤ-ਪਸੰਦਾਂ ਤੇ ਨਾਜ਼ੀ ਵਿਰੋਧੀਆਂ ਨੂੰ ਕਤਲ ਕੀਤਾ ਗਿਆ।

ਦੁਨੀਆ ਵਿਚ ਸਭ ਤੋਂ ਸਰਵਸ੍ਰੇਸ਼ਟ ਹੋਣ ਦਾ ਦਾਅਵਾ ਕਿਸੇ ਵੀ ਦੇਸ਼, ਖਿੱਤੇ, ਨਸਲ, ਧਰਮ ਜਾਂ ਫ਼ਿਰਕੇ ਦੀ ਹਉਮੈ ਦੇ ਪ੍ਰਗਟਾਵੇ ਹੋਣ ਤੋਂ ਬਿਨਾ ਕੁਝ ਨਹੀਂ ਹੋ ਸਕਦਾ। ਅਜਿਹੇ ਦਾਅਵੇ ਨੂੰ ਇਕ ਮੁਕੰਮਲ ਵਿਸ਼ਵ-ਦ੍ਰਿਸ਼ਟੀ ਦੀ ਬਣਾਵਟੀ ਦਿੱਖ ਦੇਣ ਲਈ ਉਸ ਨੂੰ ਕਈ ਤਰ੍ਹਾਂ ਦੇ ਵਿਚਾਰਧਾਰਕ ਠੁੰਮਮ੍ਹਣੇ ਦਿੱਤੇ ਜਾਂਦੇ ਹਨ ਜਵਿੇਂ ਹੁਣ ਵਿਸ਼ਵ-ਗੁਰੂ ਦੀ ਧਾਰਨਾ ਨੂੰ ਦਿੱਤੇ ਜਾ ਰਹੇ ਹਨ: ਸੰਸਕ੍ਰਿਤ ਦੀ ਸਭ ਤੋਂ ਪੁਰਾਤਨ ਤੇ ਮੁਕੰਮਲ ਭਾਸ਼ਾ ਹੋਣ ਦਾ ਸਿਧਾਂਤ, ਪੁਰਾਤਨ ਸਮਿਆਂ ਅਤੇ ਲੋਕਾਂ ਦੀਆਂ ਪ੍ਰਾਪਤੀਆਂ ਨੂੰ ਸਭ ਤੋਂ ਉਚੇਰੀਆਂ ਦੱਸਣਾ, ਆਪਣੇ ਸਮਾਜ ਵਿਚਲੇ ਵਿਰੋਧਾਭਾਸਾਂ ਅਤੇ ਅਸੰਗਤੀਆਂ ਨੂੰ ਵਿਸਾਰਨਾ ਅਤੇ ਉਨ੍ਹਾਂ ਲਈ ਹੋਰਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ। ਸਰਵਸ੍ਰੇਸ਼ਟਤਾ ਦੇ ਸਿਧਾਂਤ ਵਿਚ ਸਮਾਜਿਕ ਬਰਾਬਰੀ ਤੇ ਸਾਂਝੀਵਾਲਤਾ ਨੂੰ ਬਹੁਤ ਘੱਟ ਥਾਂ ਮਿਲਦੀ ਹੈ ਕਿਉਂਕਿ ਜੇ ਤੁਸੀਂ ਦੁਨੀਆ ਵਿਚ ਸਭ ਤੋਂ ਸਰਵਸ੍ਰੇਸ਼ਟ ਹੋ ਤਾਂ ਇਸ ਵਿਚ ਇਹ ਧਾਰਨਾ ਨਿਹਿਤ ਹੁੰਦੀ ਹੈ ਕਿ ਦੁਨੀਆ ਦੇ ਬਾਕੀ ਲੋਕ ਤੁਹਾਡੇ ਤੋਂ ਕੁਝ ਘੱਟ ਹਨ; ਉਨ੍ਹਾਂ ਨੂੰ ਗਿਆਨ ਤੁਸੀਂ ਦੇਣਾ ਹੈ।

ਅਜਿਹਾ ਦਾਅਵਾ ਬਸਤੀਵਾਦ ਦੌਰਾਨ ਬਹੁਤ ਜ਼ੋਰ-ਸ਼ੋਰ ਨਾਲ ਪੇਸ਼ ਕੀਤਾ ਗਿਆ ਸੀ। ਉਸ ਸਮੇਂ ਬਸਤੀਵਾਦੀਆਂ ਅਤੇ ਖ਼ਾਸ ਕਰਕੇ ਅੰਗਰੇਜ਼ ਬਸਤੀਵਾਦੀਆਂ ਨੇ ਇਹ ਸਿਧਾਂਤ ਪੇਸ਼ ਕੀਤਾ ਕਿ ਪੱਛਮੀ ਸੱਭਿਅਤਾਵਾਂ ਤੇ ਗਿਆਨ-ਵਿਗਿਆਨ ਗ਼ੁਲਾਮ ਬਣਾਏ ਗਏ ਦੇਸ਼ਾਂ ਦੀਆਂ ਸੱਭਿਅਤਾਵਾਂ ਅਤੇ ਗਿਆਨ-ਵਿਗਿਆਨ ਤੋਂ ਉਚੇਰੇ ਪੱਧਰ ਦੇ ਹਨ। ਇਸ ਧਾਰਨਾ ਤਹਿਤ ਗ਼ੁਲਾਮ ਬਣਾਏ ਗਏ ਦੇਸ਼ਾਂ ਅਤੇ ਲੋਕਾਂ ਨੂੰ ਜਜ਼ਬਾਤੀ, ਧਾਰਮਿਕ ਵਹਿਮਾਂ-ਭਰਮਾਂ ਵਿਚ ਗ੍ਰਸੇ ਹੋਏ, ਅਸੱਭਿਆ, ਗਿਆਨ-ਵਿਹੂਣੇ ਤੇ ਪੱਛੜੇ ਹੋਏ ਦੱਸਿਆ ਗਿਆ ਜਦੋਂਕਿ ਪੱਛਮੀ ਸੱਭਿਅਤਾਵਾਂ ਨੂੰ ਤਰਕ-ਆਧਾਰਿਤ, ਵਿਗਿਆਨ ਤੋਂ ਪ੍ਰੇਰਿਤ, ਵਿਕਾਸਵਾਦੀ ਅਤੇ ਸੱਭਿਆ ਦਰਸਾਇਆ ਗਿਆ। ਰੁਡਿਆਰਡ ਕਿਪਲਿੰਗ ਦੀ ਮਸ਼ਹੂਰ ਕਵਿਤਾ ਵਿਚ ਤਾਂ ਇੱਥੋਂ ਤਕ ਚਿਤਵਿਆ ਕਿ ਏਸ਼ੀਆ ਅਫਰੀਕਾ ਦੇ ਇਨ੍ਹਾਂ ਕਾਲੇ-ਭੂਰੇ ਲੋਕਾਂ ਨੂੰ ਸੱਭਿਆ ਬਣਾਉਣਾ ‘ਗੋਰੇ ਲੋਕਾਂ ਦੇ ਸਿਰ ਭਾਰ (White man’s burden) ਤੇ ਜ਼ਿੰਮੇਵਾਰੀ’ ਹੈ। ਅਜਿਹੀ ਦ੍ਰਿਸ਼ਟੀ ਮਾਪੇ ਆਪਣੇ ਬੱਚਿਆਂ ਪ੍ਰਤੀ ਅਪਣਾਉਂਦੇ ਹਨ।

ਬਸਤੀਵਾਦੀ ਨਿਜ਼ਾਮਾਂ ਹੇਠ ਰਹੇ ਲੋਕ ਆਜ਼ਾਦ ਹੋਣ ਤੋਂ ਬਾਅਦ ਵੀ ਬਹੁਤ ਦੇਰ ਤਕ ਬਸਤੀਵਾਦ ਦੇ ਪਰਛਾਵਿਆਂ ਵਿਚ ਜਿਊਂਦੇ ਰਹਿੰਦੇ ਹਨ। ਬਸਤੀਵਾਦ ਉਨ੍ਹਾਂ ਦੀਆਂ ਸੋਚਾਂ, ਤਾਂਘਾਂ, ਆਸਾਂ-ਉਮੀਦਾਂ, ਸੁਪਨਿਆਂ, ਸਭ ਵਿਚ ਅਛੋਪਲੇ ਦਾਖਲ ਹੋ ਜਾਂਦਾ ਹੈ। ਅਜੋਕੇ ਸਮਿਆਂ ਵਿਚ ਬਸਤੀਵਾਦੀ ਵਿਚਾਰਧਾਰਾਵਾਂ ਨੇ ਆਪਣੇ ਆਪ ਦੇ ਸਭ ਤੋਂ ਸਰਵਸ੍ਰੇਸ਼ਟ ਹੋਣ ਦੇ ਦਾਅਵੇ ਪੇਸ਼ ਕੀਤੇ ਹਨ। ਇਸ ਕਾਰਨ ਇਹ ਪ੍ਰਸ਼ਨ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਸਾਡੇ ਦੁਆਰਾ ਪੇਸ਼ ਕੀਤਾ ਜਾ ਰਿਹਾ ਵਿਸ਼ਵ-ਗੁਰੂ ਹੋਣ ਦਾ ਦਾਅਵਾ ਅਜਿਹੇ ਦਾਅਵਿਆਂ ਦਾ ਅਕਸ ਜਾਂ ਪਰਛਾਵਾਂ ਤਾਂ ਨਹੀਂ; ਅਜਿਹਾ ਦਾਅਵਾ ਕਿਉਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਰਾਜਸੀ ਮਨੋਰਥ ਕੀ ਹਨ।

ਇਸ ਦਾ ਰਾਜਸੀ ਮਨੋਰਥ ਦੇਸ਼ ਦੇ ਵੱਡੀ ਬਹੁਗਿਣਤੀ ਫ਼ਿਰਕੇ ਦੇ ਮਨਾਂ ਵਿਚ ਕਲਪਿਤ ਉਚੇਰੇਪਣ ਦਾ ਅਹਿਸਾਸ ਪੈਦਾ ਕਰਨਾ ਹੈ; ਇਸ ਦਾ ਮਨੋਰਥ ਭਾਜਪਾ ਦੀ ਵਿਚਾਰਧਾਰਾ ਨੂੰ ਕਲਪਿਤ ਸਰਵਸ੍ਰੇਸ਼ਟਤਾ ਦਾ ਮੁਲੰਮਾ ਕਰ ਕੇ ਇਕ ਇਹੋ ਜਿਹੀ ਵਿਚਾਰਧਾਰਕ ਸਰਦਾਰੀ ਕਾਇਮ ਕਰਨਾ ਹੈ ਜਿਸ ਕਾਰਨ ਬਹੁਗਿਣਤੀ ਫ਼ਿਰਕੇ ਦੇ ਲੋਕ ਭਾਜਪਾ ਦੇ ਸਿਆਸੀ ਪ੍ਰਭਾਵ ਅਤੇ ਭਾਰਤ ਦੀ ਕਲਪਿਤ ਸਰਵਸ੍ਰੇਸ਼ਟਤਾ ਦੀ ਮੋਹ-ਮਾਇਆ ਵਿਚ ਕੀਲੇ ਰਹਿਣ; ਆਪਣੇ ਬੁਨਿਆਦੀ ਮੁੱਦਿਆਂ ਤੇ ਸਮੱਸਿਆਵਾਂ ਬਾਰੇ ਸਵਾਲ ਨਾ ਪੁੱਛਣ। ਮਨੁੱਖਤਾ ਦੀ ਅਸਲੀ ਪਛਾਣ ਕਿਸੇ ਖ਼ਾਸ ਦੇਸ਼, ਫ਼ਿਰਕੇ, ਖਿੱਤੇ, ਧਰਮ ਜਾਂ ਨਸਲ ਦੇ ਵਿਸ਼ਵ-ਗੁਰੂ ਹੋਣ ਜਾਂ ਬਾਕੀਆਂ ਤੋਂ ਉਚੇਰੇ ਹੋਣ ਵਿਚ ਨਹੀਂ ਸਗੋਂ ਸਾਂਝੀਵਾਲਤਾ ਤੇ ਮਨੁੱਖੀ ਬਰਾਬਰੀ ਵਿਚ ਹੈ। ਦੇਸ਼ ਦੀਆਂ ਜਮਹੂਰੀ ਤਾਕਤਾਂ ਨੂੰ ਸਿਆਸੀ ਲੜਾਈ ਲੜਨ ਦੇ ਨਾਲ ਨਾਲ ਲੋਕਾਂ ਦੇ ਮਨ ’ਤੇ ਛੱਪਾ ਪਾਉਣ ਵਾਲੀ ਅਜਿਹੀ ਸਿਧਾਂਤਕਾਰੀ ਵਿਰੁੱਧ ਵਿਚਾਰਧਾਰਕ ਸੰਘਰਸ਼ ਕਰਨ ਦੀ ਜ਼ਰੂਰਤ ਹੈ।



News Source link

- Advertisement -

More articles

- Advertisement -

Latest article