38.2 C
Patiāla
Friday, May 3, 2024

ਕਾਲੇ ਧਨ ਦੀ ਕਾਟੋ…

Must read


ਮਾਸਟਰ ਲਖਵਿੰਦਰ ਸਿੰਘ ਰਈਆ

ਵਿਅੰਗ

ਮਾਇਆ ਮੋਹਣੀ ਬੜੀ ਹੀ ਪਿਆਰੀ ਸ਼ੈਅ ਐ। ਇਸ ਮੋਹਣੀ ਦੀ ਨਾਗ ਕੁੰਡਲੀ ਦੇ ਮੋਹ ਤੋਂ ਕੋਈ ਵਿਰਲਾ ਵਾਂਝਾ ਹੀ ਬਚਿਆ ਹੋਵੇਗਾ। ਭਾਵੇਂ ਲੱਖ ਢੋਂਗ ਕਰ ਕੇ ਇਸ ਤੋਂ ਨਿਰਲੇਪ ਰਹਿਣ ਦੇ ਦਾਅਵੇ ਹੋਣ ਬਈ ‘ਆਪਾਂ ਮਾਇਆ ਮੋਹਣੀ ਦੇ ਭਰਮ ਜਾਲ ਤੋਂ ਮੁਕਤ ਆਂ’ ਪਰ ਜਦ ਕਿਤੇ ਵੀ ਮਾਇਆ ਮੋਹਣੀ ਦੀ ਛਤਰ ਛਾਇਆ ਥੋੜ੍ਹੀ ਬਹੁਤੀ ਇਧਰ-ਓਧਰ ਖਿਸਕਦੀ ਤਾਂ ਪਸੀਨੇ ਛੁੱਟਣ ਲੱਗ ਜਾਂਦੇ ਐ। ਦੁਨੀਆਂ ਦੇ ਹੋਰ ਗ੍ਰਹਿਸਤੀ ਜੀਵਾਂ ਦੀਆਂ ਤਾਂ ਗੱਲਾਂ ਹੀ ਛੱਡੋ। ਰੱਬ ਦੇ ਘਰਾਂ ਵਿੱਚ ਹੀ ਗੋਲਕਾਂ ਉੱਤੇ ਕਬਜ਼ਿਆਂ ਨੂੰ ਲੈ ਕੇ ਅਖੌਤੀ ਭਗਤਾਂ ਵਿਚਕਾਰ ਚਲਦੇ ਜੂਤ-ਪਤਾਣ ਦੀਆਂ ਖ਼ਬਰਾਂ ਭਲਾ ਕੋਈ ਲੁਕਵੀਂਆਂ ਛੁਪੀਆਂ ਨੇ। ਚਲੋ ਉਨ੍ਹਾਂ ਦਾ ਰੱਬ ਹੀ ਉਨ੍ਹਾਂ ਨੂੰ ਪਛਾਣੇਗਾ।

ਦੋ ਹਜ਼ਾਰ ਰੁਪਏ ਦੇ ਨੋਟਾਂ ਦੀ ਨੋਟਬੰਦੀ ਦੇ ਐਲਾਨ ਨੇ ਸਾਡਾ ਤਾਂ ਦਿਲ ਹੀ ਕੱਢ ਕੇ ਰੱਖ ਦਿੱਤਾ ਤੇ ਕਈ ਦਿਨ ਧੁੜਕੂ ਲੱਗਾ ਰਿਹਾ ਕਿ ਸਾਡੀ ਕੀਤੀ ਕਰਾਈ ਸਭ ਮਿੱਟੀ ਹੋ ਜਾਊ। ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਨੋਟਬੰਦੀ ਕਰਨ ਵਾਲੇ ਸਾਡੇ ਮਗਰ ਬਲਦਾ ਚੋਅ ਲੈ ਕੇ ਕਿਉਂ ਪਏ ਹੋਏ ਨੇ ਕਿ ਜਮ੍ਹਾਂਖੋਰਾਂ ਦੇ ਕਾਲੇ ਧਨ ਨੂੰ ਭਸਮ ਕਰਕੇ ਹੀ ਦਮ ਲੈਣਾ ਏ! ਓ ਭਲਿਓ! ਕਾਲਾ ਧਨ ਪਹਿਲਾਂ ਕਮਾਉਣਾ ਤੇ ਫਿਰ ਸਾਂਭਣਾ ਕਿਹੜਾ ਖਾਲਾ ਜੀ ਦਾ ਵਾੜਾ ਏ? ਤਰ੍ਹਾਂ ਤਰ੍ਹਾਂ ਦੇ ਪਾਪੜ ਵੇਲਦਿਆਂ ਬੇਈਮਾਨੀ ਦੀ ਤੱਕੜੀ ਤੇ ਕੁਫ਼ਰ ਦੇ ਵੱਟਿਆਂ ਨਾਲ ਕਈ ਕੁਝ ਤੋਲਣਾ ਪੈਂਦਾ ਏ। ਸੱਜਣ ਠੱਗ ਵਾਲਾ ਪੈਂਤੜਾ ਅਪਣਾਉਣਾ ਪੈਂਦਾ ਏ। ਜੇ ਕਿਤੇ ਥੋੜ੍ਹਾ ਜਿਹਾ ਵੀ ਪਾਜ ਖੁੱਲ੍ਹ ਜਾਏ ਤਾਂ ਲੋਟੂ, ਲਹੂ ਪੀਣੇ … ਆਦਿ ਟੈਗ ਲੱਗਣੇ ਸ਼ੁਰੂ ਹੋ ਜਾਂਦੇ। ਫਿਰ ਆਪਣੀ ਇਸ ਕਮਾਈ ਦੀ ਭਾਫ਼ ਨਿਕਲਣ ਤੋਂ ਬਚਾਉਣ ਲਈ ਕਈ ਸਿੜੀ ਸਿਆਪੇ ਕਰਨੇ ਪੈਂਦੇ ਨੇ। ਮਾਇਆ ਮੋਹਣੀ ਦੇ ਨੋਟਾਂ ਦੇ ਰੂਪ ਨੂੰ ਰਜਾਈਆਂ ਤਲਾਈਆਂ, ਗਦੈਲਿਆਂ, ਸੋਫਿਆਂ ਦੇ ਨਾਲ ਨਾਲ ਸਿਰਹਾਣਿਆਂ ਵਿੱਚ ਵੀ ਰੂੰ ਦੀ ਥਾਂ ਨਿਵਾਸ ਕਰਵਾਉਣਾ ਪੈਂਦਾ ਏ। ਸੁਨਿਹਰੀ ਰੂਪ ਨੂੰ ਘਰਾਂ ਦੀਆਂ ਛੱਤਾਂ ਤੇ ਵਿਹੜਿਆਂ ਵਿੱਚ ਨੱਪਣਾ ਪੈਂਦਾ ਏ। ਕਈ ਵਾਰ ਫਲੱਸ਼ ਟੈਂਕਾਂ ਵਿੱਚ ਲੁਕੋ ਕੇ ਲੱਛਮੀ ਦੇਵੀ ਦੀ ਕਰੋਪੀ ਵੀ ਸਹੇੜਨੀ ਪੈਂਦੀ ਏ। ਆਪਣੀ ਆਸਥਾ ਦੇ ਰੱਬ ਨਾਲ ਸੌਦੇਬਾਜ਼ੀ ਵੀ ਕਰਨ ਲਈ ਸੁੱਖਣਾਂ ਵੀ ਸੁੱਖਣੀਆਂ ਪੈਂਦੀਆਂ ਨੇ ਤੇ ਕਾਲੇ ਧਨ ਨੂੰ ਚਿੱਟੇ ਧਨ ਵਿੱਚ ਬਦਲਣ ਲਈ ਚੋਰ ਮੋਰੀਆਂ ਲੱਭਣੀਆਂ ਪੈਂਦੀਆਂ ਨੇ।

ਬੇਸ਼ੱਕ ਮਾਇਆ ਮੋਹਣੀ ਦੀ ਬੁੱਕਲ ਵਿੱਚ ਮਜ਼ਾ ਤਾਂ ਬੜਾ ਆਉਂਦਾ ਏ ਪਰ ਨੀਂਦਰਾਂ ਨਹੀਂ ਜੇ ਆਉਂਦੀਆਂ। ਤ੍ਰਭਕ ਤ੍ਰਭਕ ਕੇ ਉਠੀਦਾ ਏ। ਕਿਤੇ ਚੋਰਾਂ ’ਤੇ ਮੋਰ ਹੀ ਨਾ ਟੁੱਟ ਪੈਣ। ਕੁਝ ਮੋਰ ਤਾਂ ਅੱਖ ਮਟੱਕਾ ਸਮਝ ਕੇ ਭਾਈਵਾਲੀ ਕਰ ਜਾਂਦੇ ਹਨ ਪਰ ਬਹੁਤੇ ਮੋਰ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹੁੰਦੇ ਹਨ ਕਿ ਆਪਣੇ ਈਮਾਨ ਨੂੰ ਸਾਡੇ ਹਵਾਲੇ ਉੱਕਾ ਹੀ ਨਹੀਂ ਕਰਦੇ। ਚੋਗਾ ਪਾਉਣ ਦੀ ਬਥੇਰੀ ਕੋਸ਼ਿਸ਼ ਕਰੀਦੀ ਏ। ਕਈ ਵਾਰ ਤਾਂ ਪਾਏ ਚੋਗੇ ਦਾ ਹਿਸਾਬ ਕਿਤਾਬ ਲਾਉਣ ਲਈ ਮਸ਼ੀਨ ਦੀ ਵੀ ਪੇਸ਼ਕਸ਼ ਕਰ ਦਿੱਤੀ ਜਾਂਦੀ ਏ ਪਰ ਸਾਡੇ ਜਾਲ ਵਿੱਚ ਫਸਣ ਦੀ ਥਾਂ ਆਪਣੇ ਹੀ ਢੰਗ ਤਰੀਕਿਆਂ ਨਾਲ ਉਹ ਸਾਡੇ ਹੀ ਪੋਤੜੇ ਫਰੋਲ ਕੇ ਜੱਗ ਜ਼ਾਹਿਰ ਕਰ ਕੇ ਹੀ ਦਮ ਲੈਂਦੇ ਨੇ।

ਅਸੀਂ ਵੀ ਅੱਗੋਂ ਢੀਠ ਮਿੱਟੀ ਦੇ ਬਣੇ ਪੂਰੇ ਨਹਿਲੇ ’ਤੇ ਦਹਿਲਾ ਆਂ। ਅਸੀਂ ਵੀ ਕਿਹੜੀਆਂ ਕੱਚੀਆਂ ਗੋਲੀਆਂ ਦੇ ਖਿਡਾਰੀਆਂ ਹਾਂ? ਹਥਿਆਈ ਮਾਇਆ ਮੋਹਣੀ ਦੀਆਂ ਪੈੜਾਂ ਅਸਾਂ ਵੈਸੇ ਵੀ ਮਲੀਆਮੇਟ ਕੀਤੀਆਂ ਹੁੰਦੀਆਂ ਹਨ। ਹਾਂ ਜੇ ਫਿਰ ਵੀ ਕਿਤੇ ਸਾਡੀਆਂ ਚੋਰ ਮੋਰੀਆਂ ਦਾ ਕੋਈ ਤੱਥ ਸਾਹਮਣੇ ਆਉਣ ਕਰਕੇ ਅਸੀਂ ਸੀਖਾਂ ਪਿੱਛੇ ਹੋ ਵੀ ਜਾਂਦੇ ਹਾਂ ਤਾਂ ਫਿਰ ਕਿਹੜਾ ਪਹਾੜ ਟੁੱਟ ਜਾਣਾ ਹੁੰਦਾ ਏ ਸਾਡੇ ’ਤੇ। ਅੱਜ ਅੰਦਰ ਕੱਲ੍ਹ ਬਾਹਰ। ਵਿਚਾਰਾ ਕਾਨੂੰਨ ਸਬੂਤ ਮੰਗਦਾ ਰਹਿ ਜਾਂਦਾ ਏ। ਕਈ ਵਾਰ ਸਾਡੇ ਵਰਗੇ ਚੋਰ ਪੱਗ-ਵੱਟ ਰਾਜਸੀ ਭਰਾਵਾਂ ਦੀ ਰਿਹਾਈ ਤਾਂ ਕਈ ਤਰ੍ਹਾਂ ਦੇ ਇਮਾਨਦਾਰ ਦਰਸਾਉਣ ਵਾਲੇ, ਵਜ਼ਨਦਾਰ ਨਾਹਰਿਆਂ ਨਾਲ ਵੀ ਹੁੰਦੀ ਏ।

ਪਿੱਛੇ ਜਿਹੇ ਨੋਟਬੰਦੀ ਹੋਈ ਸੀ ਉਦੋਂ ਵੀ ਪਹਿਲਾਂ ਸਾਡੇ ਤਾਂ ਸਾਹ ਹੀ ਸੂਤੇ ਗਏ ਸੀ। ਜਦੋਂ ਰਾਤੋ ਰਾਤ ਹੀ ਭਾਣਾ ਵਰਤ ਗਿਆ ਮੱਥੇ ਨੂੰ ਹੱਥ ਮਾਰ ਮਾਰ ਆਖਣਾ ਪਿਆ, ਲੈ ਬਈ ਸਾਡੀ ਮਾਇਆ ਮੋਹਣੀ ਗਈ ਭੰਗ ਦੇ ਭਾੜੇ। ਘੜੀ ਪਲ ਵਿੱਚ ਹੀ ਹੋ ਗਏ ਕੰਗਾਲ। ਪਰ ਫਿਰ ਖਾਧੇ ਬਦਾਮ ਕੰਮ ਆ ਗਏ। ਦਿਮਾਗ਼ ਨੇ ਜੁਗਾੜ ਲਾਉਣੇ ਸ਼ੁਰੂ ਕਰ ਦਿੱਤੇ। ਹਮਾਤੜ ਲੋਕਾਂ ਨਾਲ ਅਟੀ-ਸਟੀ ਕਰ ਲਈ। ਉਨ੍ਹਾਂ ਦੇ ਭਾਂ ਭਾਂ ਕਰਦੇ ਖਾਤਿਆਂ ਨੂੰ ਬੰਦ ਹੋਏ ਨੋਟਾਂ ਨਾਲ ਮਾਲਾਮਾਲ ਕੀਤਾ। ਫਿਰ ਰੋਟੀਆਂ ਦੇ ਧੂੜੇ ਪਲੇਥਣ (ਨਿਗੂਣੇ ਲਾਲਚ) ਨਾਲ ਆਪਣੀ ਮਾਇਆ ਮੋਹਣੀ ਦੇ ਨਿਖਰੇ ਰੂਪ (ਚਿੱਟੇ ਧਨ) ਨੂੰ ਆਪਣੇ ਕੋਲ ਵਾਪਸ ਕਰਵਾ ਲਿਆ। ਆਮਦਨ ਹਿਸਾਬ ਕਿਤਾਬ ਕਰਨ ਵਾਲੇ ਕਾਨੂੰਨ ਦੀਆਂ ਅੱਖਾਂ ਵਿੱਚ ਰੱਜ ਕੇ ਘੱਟਾ ਪਾਇਆ। ਜ਼ਬਤ ਕੀਤੀ ਜਾਣ ਵਾਲੀ ਛਪੀ ਕਰੰਸੀ ਤੋਂ ਕਈ ਗੁਣਾ ਵੱਧ ਜਾਅਲੀ ਨੋਟਾਂ ਨੂੰ ਹੀ ਜਮਾਂ ਕਰਵਾ ਕੇ ਆਰ.ਬੀ.ਆਈ. ਨੂੰ ਸ਼ਸ਼ੋਪੰਜ ਵਿੱਚ ‌ਪਾ ਛੱਡਿਆ ਸੀ। ਫਿਰ ਕਰੰਸੀ ਦੇ ਜਾਰੀ ਵੱਡੇ ਨੋਟ (ਦੋ ਹਜ਼ਾਰ ਦੇ ਨੋਟ) ਨੇ ਸਾਡੇ ਲਈ ਮਾਇਆ ਮੋਹਣੀ ਨੂੰ ਸੰਭਾਲਣਾ ਸੁਖਾਲਾ ਕਰ ਦਿੱਤਾ ਯਾਨੀ ਗਿਣਤੀ ਥੋੜ੍ਹੀ ਮੁੱਲ ਬਹੁਤਾ। ਪਰ ਇਸ ਦੇ ਨਾਲ ਉੱਡੀ ਇੱਕ ਖ਼ਬਰ (ਨਵੇਂ ਨੋਟਾਂ ਵਿੱਚ ਲੁਕਵੇਂ ਰੂਪ ਵਿੱਚ ਇੱਕ ਜੰਤਰ ਐਸਾ ਫਿੱਟ ਕੀਤਾ ਹੋਇਆ ਕਿ ਗੁਪਤ ਰੱਖੀ ਮਾਇਆ ਮੋਹਣੀ ਦਾ ਝਲਕਾਰਾ ਆਪਣੇ ਆਪ ਜੱਗ ਜ਼ਾਹਿਰ ਹੁੰਦਾ ਰਹੇਗਾ) ਨੇ ਦਿਲਾਂ ਦੀ ਧੜਕਣ ਜ਼ਰੂਰ ਵਧਾਈ ਰੱਖੀ। ਪਰ ਇਹ ਖ਼ਬਰ ਵੀ ਇੱਕ ਸ਼ੋਸ਼ਾ ਹੀ ਨਿਕਲੀ ਤਾਂ ਸਾਡੇ ਦਿਲਾਂ ਨੇ ਪਾਈ ਪੂਰੀ ਕਿਕਲੀ। ਹੁਣ ਫਿਰ ਅਰਥ ਵਿਵਸਥਾ ਦੇ ਪ੍ਰਬੰਧਕਾਂ ਨੇ ਵੱਡੇ ਨੋਟ ਨੂੰ ਬੰਦ ਜ਼ਰੂਰ ਕਰ ਦਿੱਤਾ, ਪਰ ਇਨ੍ਹਾਂ ਨੋਟਾਂ ਦੀ ਵਟਾਈ ਲਈ ਨਿਗੂਣੀ ਜਿਹੀ ਸਖ਼ਤੀ ਤੇ ਲੰਮਾਂ ਸਮਾਂ ਮਿਲਣ ਕਰਕੇ ਕਾਲੇ ਧਨ ਦੀ ਕਾਟੋ ਰਹੂ ਫੁੱਲਾਂ ’ਤੇ ਖੇਡਦੀ।

ਸੰਪਰਕ: 98764-74858



News Source link

- Advertisement -

More articles

- Advertisement -

Latest article