36 C
Patiāla
Tuesday, May 14, 2024

ਭਗਵੰਤ ਮਾਨ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਦੇ ਚੈੱਕ ਸੌਂਪੇ

Must read


ਜਸਵੰਤ ਜੱਸ/ਭਾਰਤ ਭੂਸ਼ਨ ਆਜ਼ਾਦ

ਫਰੀਦਕੋਟ/ਕੋਟਕਪੂਰਾ, 27 ਅਗਸਤ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਰੀਦਕੋਟ ਦੇ ਪਿੰਡ ਸਿਰਸੜੀ ਵਿੱਚ ਪੁੱਜ ਕੇ ਪਿਛਲੇ ਦਿਨੀਂ ਲੱਦਾਖ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਸ਼ਹੀਦ ਹੋਏ ਸੂਬੇਦਾਰ ਰਮੇਸ਼ ਲਾਲ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ ਅਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸ਼ਹੀਦਾਂ ਦੀ ਧਰਤੀ ਹੈ ਅਤੇ ਇੱਥੋਂ ਦੇ ਨੌਜਵਾਨ ਹਮੇਸ਼ਾ ਦੇਸ਼ ਲਈ ਕੁਰਬਾਨੀਆਂ ਦੇਣ ਵਿੱਚ ਮੋਹਰੀ ਰਹੇ ਹਨ ਅਤੇ ਉਨ੍ਹਾਂ ਦੀ ਬਦੌਲਤ ਹੀ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਹਨ। ਉਨ੍ਹਾਂ ਪਿੰਡ ਵਿੱਚ ਸ਼ਹੀਦ ਰਮੇਸ਼ ਕੁਮਾਰ ਦੀ ਯਾਦਗਾਰ ਬਣਾਉਣ ਤੋਂ ਇਲਾਵਾ ਪਿੰਡ ਵਿੱਚ ਸ਼ਹੀਦ ਰਮੇਸ਼ ਲਾਲ ਦੇ ਨਾਮ ’ਤੇ ਇੱਕ ਸੜਕ ਅਤੇ ਸਟੇਡੀਅਮ ਬਣਾਉਣ ਦਾ ਵੀ ਐਲਾਨ ਕੀਤਾ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਜੈਤੋ ਦੇ ਵਿਧਾਇਕ ਅਮੋਲਕ ਸਿੰਘ ਅਤੇ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਵੀ ਹਾਜ਼ਰ ਸਨ। ਮੁੱਖ ਮੰਤਰੀ ਨੇ ਸ਼ਹੀਦ ਦੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਰਾਜਪਾਲ ਨਾਲ ਚੱਲ ਰਹੇ ਵਿਵਾਦ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਹਨ। ਉਨ੍ਹਾਂ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਮੁੱਖ ਮੰਤਰੀ ਨੇ ਦਸਵੀਂ ਦੀ ਪ੍ਰੀਖਿਆ ਵਿੱਚੋਂ ਪੰਜਾਬ ’ਚੋਂ ਅੱਵਲ ਆਉਣ ਵਾਲੀ ਗਗਨਦੀਪ ਕੌਰ ਨੂੰ 51 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਫਰੀਦਕੋਟ ਵਿੱਚ ਸ਼ੁਰੂ ਹੋਣ ਵਾਲੇ ਬਾਬਾ ਫ਼ਰੀਦ ਆਗਮਨ ਪੁਰਬ ਵਿੱਚ ਉਹ ਨਿੱਜੀ ਤੌਰ ’ਤੇ ਸ਼ਿਰਕਤ ਕਰਨਗੇ ਅਤੇ ਮੇਲੇ ਨੂੰ ਵਿਰਾਸਤੀ ਮੇਲੇ ਦਾ ਦਰਜਾ ਦਿੱਤਾ ਜਾਵੇਗਾ।

ਬਸੀ ਪਠਾਣਾਂ/ ਫਤਹਿਗੜ੍ਹ ਸਾਹਿਬ(ਅਜੇ ਮਲਹੋਤਰਾ/ ਡਾ.ਹਿਮਾਂਸ਼ੂ ਸੂਦ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੱਦਾਖ ਹਾਦਸੇ ਦੌਰਾਨ ਹੀ ਸ਼ਹੀਦ ਹੋਏ ਸ੍ਰੀ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਕਮਾਲੀ ਦੇ ਜਵਾਨ ਤਰਨਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਵਿੱਤੀ ਸਹਾਇਤਾ ਵਜੋਂ ਇੱਕ ਕਰੋੜ ਰੁਪਏ ਦਾ ਚੈੱਕ ਸੌਂਪਿਆ। ਮੁੱਖ ਮੰਤਰੀ ਨੇ ਸ਼ਹੀਦ ਤਰਨਦੀਪ ਸਿੰਘ ਦੇ ਜੱਦੀ ਘਰ ਘਰ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਸ਼ਹੀਦ ਦੇ ਵਾਰਸਾਂ ਲਈ ਨੌਕਰੀ ਦਾ ਐਲਾਨ ਵੀ ਕੀਤਾ। ਉਨ੍ਹਾਂ ਪੀੜਤ ਪਰਿਵਾਰ ਨੂੰ ਵਿੱਤੀ ਸਹਾਇਤਾ ਦਾ ਚੈੱਕ ਸੌਂਪਦਿਆਂ ਸ਼ਹੀਦ ਦੀ ਭੈਣ ਲਈ ਸਰਟੀਫਿਕੇਟਾਂ ਦੀ ਤਸਦੀਕ ਤੋਂ ਬਾਅਦ ਸਰਕਾਰੀ ਨੌਕਰੀ ਅਤੇ ਸ਼ਹੀਦ ਦੇ ਨਾਂ ’ਤੇ ਸਿੰਥੈਟਿਕ ਟਰੈਕ ਅਤੇ ਸਟੇਡੀਅਮ ਬਣਾਉਣ ਦਾ ਐਲਾਨ ਵੀ ਕੀਤਾ।

ਭਗਵੰਤ ਮਾਨ ਨਾਨਕਸਰ ਵਿਖੇ ਨਤਮਸਤਕ

ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਇਥੇ ਨਜ਼ਦੀਕੀ ਨਾਨਕਸਰ ਸੰਪਰਦਾਇ ਦੀ ਮੁੱਖ ਠਾਠ ਨਾਨਕਸਰ ਕਲੇਰਾਂ ਵਿਖੇ ਨਤਮਸਤਕ ਹੋਏ। ਸੰਪਰਦਾਇ ਦੇ ਬਾਨੀ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਦੀ 80ਵੀਂ ਬਰਸੀ ਸਬੰਧੀ ਨਾਨਕਸਰ ਵਿਖੇ ਸਾਲਾਨਾ ਸਮਾਗਮ ਚੱਲ ਰਹੇ ਹਨ। ਪਿਛਲੇ ਦਿਨੀਂ ਬਾਬਾ ਲੱਖਾ ਸਿੰਘ ਨਾਨਕਸਰ ਨੇ ਮੁੱਖ ਮੰਤਰੀ ਨੂੰ ਮਿਲ ਕੇ ਬਰਸੀ ਸਮਾਗਮਾਂ ’ਚ ਪਹੁੰਚਣ ਦਾ ਸੱਦਾ ਪੱਤਰ ਦਿੱਤਾ ਸੀ। ਬਰਸੀ ਸਮਾਗਮਾਂ ਦੌਰਾਨ ਅੱਜ ਭਾਰੀ ਪੁਲੀਸ ਸੁਰੱਖਿਆ ਵਿੱਚ ਮੁੱਖ ਮੰਤਰੀ ਪਹੁੰਚੇ ਅਤੇ ਸੱਚਖੰਡ ਸਾਹਿਬ ਜਾ ਕੇ ਮੱਥਾ ਟੇਕਿਆ। ਇਸ ਮੌਕੇ ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਤੋਂ ਇਲਾਵਾ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਵਿਧਾਇਕ ਅਮਨਦੀਪ ਕੌਰ ਅਰੋੜਾ, ਵਿਧਾਇਕ ਹਾਕਮ ਸਿੰਘ ਰਾਏਕੋਟ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵੀ ਮੌਜੂਦ ਸਨ। ਇਸ ਮੌਕੇ ਬਾਬਾ ਘਾਲਾ ਸਿੰਘ ਨਾਨਕਸਰ ਅਤੇ ਬਾਬਾ ਲੱਖਾ ਸਿੰਘ ਨਾਨਕਸਰ ਵੱਲੋਂ ਮੁੱਖ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ ਭਗਤੀ ਦੀ ਸ਼ਕਤੀ ਹੈ ਕਿ ਅੱਜ ਦੁਨੀਆਂ ਭਰ ’ਚ ਇਸ ਸੰਪਰਦਾਇ ਦਾ ਵਿਲੱਖਣ ਸਥਾਨ ਹੈ।



News Source link

- Advertisement -

More articles

- Advertisement -

Latest article