30.3 C
Patiāla
Wednesday, May 8, 2024

ਬੱਚੇ ਨੂੰ ਸਹਿਪਾਠੀਆਂ ਤੋਂ ਥੱਪੜ ਮਰਵਾਉਣ ਦੇ ਮਾਮਲੇ ’ਚ ਅਧਿਆਪਕਾ ਖ਼ਿਲਾਫ਼ ਕੇਸ – punjabitribuneonline.com

Must read


ਮੁਜ਼ੱਫਰਨਗਰ, 26 ਅਗਸਤ

ਮੁਜ਼ੱਫਰਨਗਰ ਪੁਲੀਸ ਨੇ ਅੱਜ ਫਿਰਕੂ ਟਿੱਪਣੀ ਕਰਨ ਅਤੇ ਆਪਣੇ ਵਿਦਿਆਰਥੀਆਂ ਨੂੰ ਘਰ ਦਾ ਕੰਮ ਨਾ ਕਰਨ ’ਤੇ ਇੱਕ ਮੁਸਲਿਮ ਸਹਿਪਾਠੀ ਨੂੰ ਥੱਪੜ ਮਾਰਨ ਦਾ ਹੁਕਮ ਦੇਣ ਦੇ ਮਾਮਲੇ ’ਚ ਮੁਲਜ਼ਮ ਅਧਿਆਪਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਇਹ ਕਾਰਵਾਈ ਇਸ ਮਾਮਲੇ ’ਚ ਸਿਆਸੀ ਪਾਰਟੀਆਂ ਸਮੇਤ ਸਾਰੇ ਵਰਗਾਂ ’ਚ ਇਸ ਘਟਨਾ ਨੂੰ ਲੈ ਕੇ ਰੋਸ ਵਧਣ ਮਗਰੋਂ ਕੀਤੀ ਹੈ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ’ਚ ਇੱਕ ਨਿੱਜੀ ਸਕੂਲ ਦੀ ਅਧਿਆਪਕਾ ਇੱਕ ਵੀਡੀਓ ’ਚ ਕਲਾਸ ’ਚ ਬੱਚਿਆਂ ਨੂੰ ਆਪਣੇ ਮੁਸਲਿਮ ਸਹਿਪਾਠੀ ਨੂੰ ਥੱਪੜ ਮਾਰਨ ਦਾ ਨਿਰਦੇਸ਼ ਦਿੰਦੀ ਦਿਖਾਈ ਦੇ ਰਹੀ ਹੈ। ਵਾਇਰਲ ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਬੱਚੇ ਰੋ ਰਹੇ ਮੁਸਲਿਮ ਵਿਦਿਆਰਥੀ ਨੂੰ ਵਾਰੀ-ਵਾਰੀ ਥੱਪੜ ਮਾਰ ਰਹੇ ਹਨ ਤੇ ਅਧਿਆਪਕਾ ਦੇਖ ਰਹੀ ਹੈ। ਇਸ ਘਟਨਾ ਦੇ ਸਬੰਧ ਵਿੱਚ ਸੂਬਾਈ ਸਿੱਖਿਆ ਵਿਭਾਗ ਨੇ ਵੀ ਸਕੂਲ ਨੂੰ ਨੋਟਿਸ ਜਾਰੀ ਕੀਤਾ ਹੈ। ਖੁੱਬਾਪੁਰ ਪਿੰਡ ਦੇ ਨੇਹਾ ਪਬਲਿਕ ਸਕੂਲ ਦੀ ਅਧਿਆਪਕਾ ਤ੍ਰਿਪਤੀ ਤਿਆਗੀ ਇਸ ਵੀਡੀਓ ’ਚ ਆਪਣੇ ਵਿਦਿਆਰਥੀਆਂ ਨੂੰ ਦੂਜੀ ਕਲਾਸ ਦੇ ਲੜਕੇ ਨੂੰ ਚਪੇੜਾਂ ਮਾਰਨ ਲਈ ਆਖਦੀ ਤੇ ਫਿਰਕੂ ਟਿੱਪਣੀਆਂ ਕਰਦੀ ਦਿਖਾਈ ਦੇ ਰਹੀ ਹੈ। ਇਸ ਸਬੰਧੀ ਅਧਿਆਪਕਾ ਨੇ ਕਿਹਾ ਕਿ ਇਸ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ। ਮੁਜ਼ੱਫਰਨਗਰ ਦੇ ਮੁੱਢਲੀ ਸਿੱਖਿਆ ਅਧਿਕਾਰੀ ਸੁਭਮ ਸ਼ੁਕਲਾ ਨੇ ਕਿਹਾ ਕਿ ਸਕੂਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਕੌਮੀ ਬਾਲ ਅਧਿਕਾਰ ਕਮਿਸ਼ਨ ਨੇ ਕਿਹਾ ਕਿ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਯੂਪੀ ਪੁਲੀਸ ਨੂੰ ਇਸ ਮਾਮਲੇ ’ਚ ਕੇਸ ਦਰਜ ਕਰਨ ਲਈ ਪੱਤਰ ਲਿਖਿਆ ਹੈ। -ਪੀਟੀਆਈ

ਸਿਆਸੀ ਪਾਰਟੀਆਂ ਵੱਲੋਂ ਘਟਨਾ ਦੀ ਆਲੋਚਨਾ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਇਸ ਘਟਨਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਇੱਕ ਅਧਿਆਪਕ ਲਈ ਇਸ ਤੋਂ ਬੁਰਾ ਕੁਝ ਨਹੀਂ ਹੋ ਸਕਦਾ। ਰਾਹੁਲ ਨੇ ‘ਐਕਸ’ ’ਤੇ ਪੋਸਟ ਕੀਤਾ, ‘ਮਾਸੂਮ ਬੱਚਿਆਂ ਦੇ ਮਨਾਂ ’ਚ ਭੇਦਭਾਵ ਦਾ ਜ਼ਹਿਰ ਘੋਲਣਾ, ਸਕੂਲ ਜਿਹੇ ਪਵਿੱਤਰ ਸਥਾਨ ਨੂੰ ਨਫਰਤ ਦਾ ਬਾਜ਼ਾਰ ਬਣਾਉਣਾ, ਇੱਕ ਅਧਿਆਪਕ ਵੱਲੋਂ ਆਪਣੇ ਦੇਸ਼ ਲਈ ਇਸ ਤੋਂ ਬੁਰਾ ਕੁਝ ਹੋਰ ਨਹੀਂ ਕੀਤਾ ਜਾ ਸਕਦਾ। ਇਹ ਭਾਜਪਾ ਦਾ ਫੈਲਾਇਆ ਕੈਰੋਸਿਨ ਹੈ ਜਿਸ ਨੇ ਭਾਰਤ ਦੇ ਕੋਨੇ-ਕੋਨੇ ’ਚ ਅੱਗ ਲਗਾ ਰੱਖੀ ਹੈ। ਬੱਚੇ ਭਾਰਤ ਦਾ ਭਵਿੱਖ ਹਨ। ਉਨ੍ਹਾਂ ਨੂੰ ਨਫਰਤ ਨਹੀਂ, ਅਸੀਂ ਸਾਰਿਆਂ ਨੇ ਮਿਲ ਕੇ ਮੁਹੱਬਤ ਸਿਖਾਉਣੀ ਹੈ।’ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਕਿ ਇਹ ਘਟਨਾ ਭਾਜਪਾ ਦੀ ਨਫਰਤ ਦੀ ਰਾਜਨੀਤੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਦੇਸ਼ ਦਾ ਅਕਸ ਖਰਾਬ ਕਰਦੀਆਂ ਹਨ। ਖੜਗੇ ਨੇ ਦੋਸ਼ੀਆਂ ਨੂੰ ਸਖਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਤਾਂ ਜੋ ਕੋਈ ਮੁੜ ਅਜਿਹਾ ਕਰਨ ਦੀ ਹਿੰਮਤ ਨਾ ਕਰੇ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਐੱਕਸ ’ਤੇ ਪੋਸਟ ਕੀਤਾ, ‘ਭਾਜਪਾ ਤੇ ਆਰਐੱਸਐੱਸ ਦੀ ਨਫਰਤ ਭਰੀ ਸਿਆਸਤ ਦੇਸ਼ ਨੂੰ ਇੱਥੇ ਤੱਕ ਲੈ ਆਈ ਹੈ। ਮੁਜ਼ੱਫਰਨਗਰ ’ਚ ਇੱਕ ਅਧਿਆਪਕਾ ਘੱਟ ਗਿਣਤੀ ਭਾਈਚਾਰੇ ਦੇ ਬੱਚੇ ਨੂੰ ਦੂਜਿਆਂ ਬੱਚਿਆਂ ਤੋਂ ਥੱਪੜ ਮਰਵਾ ਰਹੀ ਹੈ। ਮਾਸੂਮ ਬੱਚਿਆਂ ਦੇ ਮਨਾਂ ’ਚ ਜ਼ਹਿਰ ਘੋਲਣ ਵਾਲੀ ਅਧਿਆਪਕਾ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ।’ ਆਰਜੇਡੀ ਪ੍ਰਧਾਨ ਜੈਅੰਤ ਚੌਧਰੀ, ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ, ਬੀਕੇਯੂ ਦੇ ਪ੍ਰਧਾਨ ਨਰੇਸ਼ ਟਿਕੈਤ, ਏਆਈਐੱਮਆਈਐੱਮ ਆਗੂ ਅਸਦੂਦੀਨ ਓਵਾਇਸੀ ਨੇ ਵੀ ਘਟਨਾ ਨੂੰ ਸ਼ਰਮਨਾਕ ਦੱਸਿਆ ਹੈ। ਅਹਿਮ ਮੁਸਲਿਮ ਸੰਗਠਨ ਜਮਾਇਤ ਉਲੇਮਾ-ਏ-ਹਿੰਦ ਦੇ ਮੁਖੀ ਮੌਲਾਨਾ ਮਹਿਮੂਦ ਮਦਾਨੀ ਨੇ ਯੋਗੀ ਆਦਿੱਤਿਆਨਾਥ, ਸਮ੍ਰਿਤੀ ਇਰਾਨੀ, ਕੌਮੀ ਬਾਲ ਅਧਿਕਾਰ ਕਮਿਸ਼ਨ, ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਅਧਿਕਾਰੀ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਅਪੀਲ ਕੀਤੀ ਹੈ। ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਐਕਸ ’ਤੇ ਪੋਸਟ ਕੀਤਾ, ‘ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਹੋ ਜਿਹਾ ਵਰਗ, ਕਿਹੋ ਜਿਹਾ ਸਮਾਜ ਦੇਣਾ ਚਾਹੁੰਦੇ ਹਾਂ? ਜਿੱਥੇ ਚੰਦਰਮਾ ‘ਤੇ ਜਾਣ ਦੀ ਤਕਨੀਕ ਦੀ ਗੱਲ ਹੋਵੇ ਜਾਂ ਨਫ਼ਰਤ ਦੀ ਸੀਮਾ ਦੀਵਾਰ ਬਣਾਉਣ ਵਾਲੀਆਂ ਚੀਜ਼ਾਂ ਦੀ। ਚੋਣ ਸਪਸ਼ਟ ਹੈ। ਨਫ਼ਰਤ ਤਰੱਕੀ ਦੀ ਸਭ ਤੋਂ ਵੱਡੀ ਦੁਸ਼ਮਣ ਹੈ। ਸਾਨੂੰ ਇੱਕਜੁੱਟ ਹੋ ਕੇ ਇਸ ਨਫ਼ਰਤ ਵਿਰੁੱਧ ਬੋਲਣਾ ਪਵੇਗਾ।’



News Source link

- Advertisement -

More articles

- Advertisement -

Latest article