42.4 C
Patiāla
Tuesday, May 7, 2024

ਕਾਹਨੂੰਵਾਨ ਛੰਭ ਦਾ ਪੂਰਾ ਇਲਾਕਾ ਹੜ੍ਹਾਂ ਦੀ ਮਾਰ ਹੇਠ

Must read


ਵਰਿੰਦਰਜੀਤ ਜਾਗੋਵਾਲ

ਕਾਹਨੂੰਵਾਨ, 17 ਅਗਸਤ

ਦਰਿਆ ਬਿਆਸ ਦੀ ਧੁੱਸੀ ਬੰਨ੍ਹ ਵਿੱਚ ਪਾੜ ਪੈਣ ਤੋਂ ਬਾਅਦ ਅੱਜ ਤੀਸਰੇ ਦਿਨ ਤੱਕ ਕਾਹਨੂੰਵਾਨ ਛੰਭ ਅਧੀਨ ਪੈਂਦੇ ਬੇਟ ਖੇਤਰ ਦੇ ਸਾਰੇ ਪਿੰਡ ਪਾਣੀ ਦੀ ਮਾਰ ਆ ਗਏ ਹਨ। ਧੁੱਸੀ ਬੰਨ੍ਹ ਟੁੱਟਣ ਤੋਂ ਬਾਅਦ ਪਾਣੀ ਨਵੇਂ ਇਲਾਕਿਆਂ ਅਤੇ ਬੇਟ ਖੇਤਰ ਵਿੱਚ ਪੈਂਦੀਆਂ ਸੇਮ ਨਾਲੀਆਂ ਰਾਹੀਂ ਅੱਗੇ ਵਧਣਾ ਸ਼ੁਰੂ ਹੋ ਗਿਆ ਸੀ। ਅੱਜ ਕਰੀਬ ਦੇਰ ਸ਼ਾਮ ਤੱਕ ਬੇਟ ਖੇਤਰ ਵਿੱਚ ਪੈਂਦੇ ਕਰੀਬ 40 ਤੋਂ 45 ਪਿੰਡਾਂ ਵਿੱਚ ਹੜ੍ਹ ਦਾ ਪਾਣੀ ਮਾਰ ਕਰ ਗਿਆ ਹੈ। ਇਲਾਕੇ ਦੇ ਜ਼ਿਆਦਾਤਰ ਲੋਕਾਂ ਵੱਲੋਂ ਹਾਲਾਤ ਨੂੰ ਦੇਖਦੇ ਹੋਏ ਬੱਚਿਆਂ, ਔਰਤਾਂ ਅਤੇ ਪਸ਼ੂਆਂ ਨੂੰ ਸੁਰੱਖਿਅਤ ਇਲਾਕੇ ਵਿੱਚ ਛੱਡ ਦਿੱਤਾ ਗਿਆ ਹੈ। ਬਹੁਤੇ ਲੋਕਾਂ ਨੇ ਲੋੜੀਂਦਾ ਰਾਸ਼ਨ ਅਤੇ ਹੋਰ ਜ਼ਰੂਰੀ ਸਾਮਾਨ ਘਰਾਂ ਅੰਦਰ ਰੱਖ ਕੇ ਸਥਿਤੀ ਨਾਲ ਨਿਪਟਣ ਵਾਸਤੇ ਅਗਾਉਂ ਤਿਆਰੀ ਕਰ ਲਈ ਸੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਹੜ੍ਹ ਦੀ ਸਥਿਤੀ ਉੱਤੇ ਨਜ਼ਰ ਬਣਾਈ ਹੋਈ ਹੈ। ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਸ਼ੇਸ਼ ਤੌਰ ਤੇ ਹੜ੍ਹ ਮਾਰੇ ਇਲਾਕੇ ਦਾ ਦੌਰਾ ਕਰਨ ਲਈ ਭੈਣੀ ਮੀਆਂ ਖਾਂ ਅਤੇ ਧੁੱਸੀ ਬੰਨ੍ਹ ਉੱਤੇ ਪਹੁੰਚੇ। ਇਸ ਮੌਕੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕੁਦਰਤੀ ਆਫ਼ਤ ਹੈ, ਇਸ ਮੌਕੇ ਕੋਈ ਰਾਜਨੀਤੀ ਕਰਨ ਦਾ ਮੌਕਾ ਨਹੀਂ ਹੈ। ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇਕਜੁੱਟ ਹੋ ਕੇ ਸਰਕਾਰੀ ਪ੍ਰਸ਼ਾਸਨ ਨਾਲ ਮਿਲ ਕੇ ਚੱਲਿਆ ਜਾਵੇ। ਉਨ੍ਹਾਂ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਤੇ ਵੀ ਕੋਈ ਬੰਨ੍ਹ ਵਗ਼ੈਰਾ ਜਾਂ ਹੋਰ ਕੋਈ ਅਜਿਹੀ ਕਾਰਵਾਈ ਨਾ ਕੀਤੀ ਜਾਵੇ ਜਿਸ ਕਾਰਨ ਕੋਈ ਵਿਵਾਦ ਜਾਂ ਝਗੜਾ ਖੜ੍ਹਾ ਹੁੰਦਾ ਹੋਵੇ। ਹੜ੍ਹ ਦੀ ਮਾਰ ਹੇਠ ਆਏ ਪਿੰਡ ਭੈਣੀ ਪਸਵਾਲ, ਜਾਗੋਵਾਲ ਬੇਟ, ਕਿਸ਼ਨਪੁਰ, ਮੀਲਮਾਂ, ਮੁਨਣਾ, ਸੈਦੋਵਾਲ ਕਲਾਂ, ਸੈਦੋਵਾਲ ਖੁਰਦ, ਗੁਨੋਪੁਰ, ਦਾਰਾਪੁਰ, ਬਲਵੰਡਾ, ਝੰਡਾ ਲੁਬਾਣਾ, ਰਾਜੂ ਬੇਲਾ, ਛੱਛਰਾ, ਸਲਾਹਪੁਰ ਬੇਟ, ਆਲਮਾ, ਨਵੀਆਂ ਬਾਗੜੀਆਂ, ਪੁਰਾਣੀਆਂ ਬਾਗੜੀਆਂ, ਭੈਣੀ ਮੀਆਂ ਖਾਂ, ਨੂੰਨ ਬਰਕਤਾਂ, ਮੁਲਾਂਵਾਲ, ਬੁੱਢਾ ਬਾਲ, ਮੁਨਾਂ, ਫੱਤੂ ਬਰਕਤ, ਨੂੰਨ ਭੈਣੀ ਮੀਆਂ ਖਾਂ, ਨਾਨੋਵਾਲ ਖੁਰਦ, ਨਾਨੋਵਾਲਕ ਜੀਂਦੜ, ਗੋਰਸੀਆਂ ਆਦਿ ਪਿੰਡਾਂ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ। ਡੀਸੀ ਗੁਰਦਾਸਪੁਰ ਨੇ ਹੜ੍ਹ ਸਬੰਧੀ ਹੁਣ ਤੱਕ ਦੇ ਹਾਲਾਤ ਬਾਰੇ ਦੱਸਿਆ ਕਿ ਦਰਿਆ ਬਿਆਸ ਵਿੱਚ ਪੌਂਗ ਡੈਮ ਤੋਂ 1 ਲੱਖ 40 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਸੀ ਜੋ ਹੁਣ ਘੱਟ ਕੇ 80 ਹਜ਼ਾਰ ਕਿਊਸਿਕ ਰਹਿ ਗਿਆ ਹੈ। ਹੜ੍ਹ ਦੀ ਮਾਰ ਹੇਠ ਆਉਣ ਵਾਲੇ ਪਹਿਲੇ ਪਿੰਡਾਂ ਜਗਤਪੁਰ ਅਤੇ ਟਾਂਡਾ ਆਦਿ ਵਿੱਚ ਪਾਣੀ ਕੱਲ੍ਹ ਦੇ ਮੁਕਾਬਲੇ 2 ਫੁੱਟ ਤੱਕ ਘੱਟ ਗਿਆ ਹੈ। ਜੇਕਰ ਹੋਰ ਮੀਂਹ ਨਾ ਪਿਆ ਤਾਂ ਆਉਣ ਵਾਲੇ ਦੋ-ਤਿੰਨ ਦਿਨਾਂ ਤੱਕ ਸਥਿਤੀ ਕਾਬੂ ਹੇਠ ਆ ਜਾਵੇਗੀ। ਧੁੱਸੀ ਬੰਨ ਦੇਦੋ ਪਾੜਾਂ ਨੂੰ ਕਾਬੂ ਕਰਨ ਲਈ ਜੰਗੀ ਪੱਧੜ ਉੱਤੇ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ।

ਫ਼ੌਜ ਨੇ ਨਵਜੰਮੇ ਬੱਚੇ ਅਤੇ ਪਰਿਵਾਰ ਨੂੰ ਸੁਰੱਖਿਅਤ ਜਗ੍ਹਾ ’ਤੇ ਪਹੁੰਚਾਇਆ

ਹੜ੍ਹ ਦੇ ਪਾਣੀ ਵਿੱਚੋਂ ਬਚਾਏ ਨਵਜੰਮੇ ਬੱਚੇ ਨੂੰ ਉਸ ਦੀ ਮਾਂ ਨੂੰ ਸੌਂਪਦਾ ਫ਼ੌਜ ਦਾ ਜਵਾਨ।

ਗੁਰਦਾਸਪੁਰ (ਕੇ.ਪੀ ਸਿੰਘ): ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਬੀਐੱਸਐੱਫ, ਐੱਨਡੀਆਰਐੱਫ ਦੇ ਨਾਲ ਲੋਕਾਂ ਦੀ ਮਦਦ ਲਈ 24 ਘੰਟੇ ਕੰਮ ਕਰ ਰਹੇ ਫ਼ੌਜ ਦੇ ਜਵਾਨਾਂ ਵੱਲੋਂ ਇੱਕ ਨਵ ਜੰਮੇ ਬੱਚੇ ਸਹਿਤ ਇੱਕ ਪਰਿਵਾਰ ਨੂੰ ਸੁਰੱਖਿਅਤ ਜਗ੍ਹਾ ’ਤੇ ਪਹੁੰਚਾਇਆ ਗਿਆ। ਵੀਰਵਾਰ ਦੁਪਹਿਰ ਇਕ ਵਜੇ ਇਕ ਔਰਤ ਦੀ ਮਦਦ ਲਈ ਕੰਟਰੋਲ ਰੂਮ ਵਿਚ ਫ਼ੋਨ ਆਇਆ। ਜਿਵੇਂ ਹੀ ਕੰਟਰੋਲ ਰੂਮ ‘ਚ ਫ਼ੋਨ ਆਇਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਤੁਰੰਤ ਹਰਕਤ ’ਚ ਆ ਗਿਆ ਅਤੇ ਫ਼ੌਜ ਦੀ ਟੀਮ ਨੂੰ ਉਨ੍ਹਾਂ ਨੂੰ ਬਚਾਉਣ ਲਈ ਕਿਹਾ ਗਿਆ। ਬਿਨਾਂ ਸਮਾਂ ਗਵਾਏ ਲੈਫ਼ਟੀਨੈਂਟ ਕਰਨਲ ਵੀ.ਕੇ ਸਿੰਘ ਨੇ ਆਪਣੀ ਟੀਮ ਭੇਜ ਕੇ ਨਵਜੰਮੇ ਬੱਚੇ ਸਮੇਤ ਪਰਿਵਾਰ ਨੂੰ ਬਚਾਅ ਲਿਆ।



News Source link

- Advertisement -

More articles

- Advertisement -

Latest article