40.7 C
Patiāla
Saturday, May 4, 2024

ਖਾਣੇ ’ਚੋਂ ਕਿਰਲੀ ਨਿਕਲਣ ਮਗਰੋਂ 50 ਖਿਡਾਰੀ ਹਸਪਤਾਲ ਦਾਖ਼ਲ

Must read


ਕਰਮਜੀਤ ਸਿੰਘ ਚਿੱਲਾ

ਐਸ.ਏ.ਐਸ. ਨਗਰ (ਮੁਹਾਲੀ), 29 ਜੁਲਾਈ

ਇਥੇ ਸੈਕਟਰ-63 ਸਥਿਤ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੇ ਹੋਸਟਲ ਵਿੱਚ ਅੱਜ ਖਿਡਾਰੀਆਂ ਨੂੰ ਦਿੱਤੇ ਗਏ ਸਵੇਰ ਦੇ ਨਾਸ਼ਤੇ ਵਿੱਚੋਂ ਮਰੀ ਹੋਈ ਕਿਰਲੀ ਨਿਕਲੀ, ਜਿਸ ਮਗਰੋਂ ਸਾਰੇ ਬੱਚਿਆਂ ਵਿੱਚ ਬੇਚੈਨੀ ਪੈਦਾ ਹੋ ਗਈ ਤੇ ਕੁਝ ਬੱਚਿਆਂ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੰਸਥਾ ਦੇ ਪ੍ਰਬੰਧਕਾਂ ਨੇ ਉਥੇ ਮੌਜੂਦ 13 ਤੋਂ 16 ਸਾਲ ਉਮਰ ਵਰਗ ਦੇ ਲਗਪਗ 50 ਬੱਚਿਆਂ ਨੂੰ ਤੁਰੰਤ ਮੁਹਾਲੀ ਫੇਜ਼-6 ਸਥਿਤ ਸਿਵਲ ਹਸਪਤਾਲ ਲਿਆਂਦਾ, ਜਿਥੇ ਬਾਅਦ ਦੁਪਹਿਰ 2 ਵਜੇ ਤੱਕ ਸਾਰੇ ਬੱਚਿਆਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ।

ਹਸਪਤਾਲ ਦੇ ਐੱਸਐੱਮਓ ਡਾ. ਐੱਚਐੱਸ ਚੀਮਾ ਨੇ ਦੱਸਿਆ ਕਿ ਸਵੇਰੇ 8 ਵਜੇ ਤੋਂ ਬਾਅਦ ਉਨ੍ਹਾਂ ਕੋਲ ਇਹ ਬੱਚੇ ਪਹੁੰਚੇ ਸਨ, ਜੋ ਘਬਰਾਏ ਹੋਏ ਤੇ ਉਲਟੀਆਂ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਦੋ-ਤਿੰਨ ਬੱਚਿਆਂ ਨੂੰ ਗੁਲੂਕੋਸ ਲਾਇਆ ਗਿਆ, ਜਦਕਿ ਹੋਰ ਕਿਸੇ ਬੱਚੇ ਨੂੰ ਦਵਾਈ ਦੇਣ ਦੀ ਲੋੜ ਨਹੀਂ ਪਈ। ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਆਦਰਸ਼ਪਾਲ ਕੌਰ ਤੇ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਨੇ ਦੱਸਿਆ ਕਿ ਬੱਚਿਆਂ ਦੀ ਸਿਹਤ ਬਿਲਕੁਲ ਠੀਕ ਹੈ ਤੇ ਡਰਨ ਵਾਲੀ ਕੋਈ ਗੱਲ ਨਹੀਂ ਹੈ। ਇਸ ਮੌਕੇ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਵਪਾਰ ਮੰਡਲ ਦੇ ਪ੍ਰਧਾਨ ਵਿਨੀਤ ਵਰਮਾ ਤੇ ਸਾਬਕਾ ਕੌਂਸਲਰ ਆਰਪੀ ਸ਼ਰਮਾ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਮੰਗੀ ਹੈ।

ਇਸ ਸਬੰਧੀ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਖੇਡ ਮੰਤਰੀ ਨੇ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਨੂੰ ਸਾਰੇ ਮਾਮਲੇ ਦੀ ਜਾਂਚ ਕਰ ਕੇ ਤਿੰਨ ਦਿਨਾਂ ਵਿੱਚ ਰਿਪੋਰਟ ਦੇਣ ਲਈ ਆਖਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਜਦੋਂ ਫ਼ੂਡ ਸੇਫ਼ਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਡਾ. ਅਮਿਤ ਜੋਸ਼ੀ ਤੇ ਜ਼ਿਲ੍ਹਾ ਫ਼ੂਡ ਸੇਫ਼ਟੀ ਅਫ਼ਸਰ ਲਵਪ੍ਰੀਤ ਸਿੰਘ ਦੀ ਅਗਵਾਈ ਹੇਠਲੀ ਇੱਕ ਟੀਮ ਖਾਣੇ ਦੇ ਸੈਂਪਲ ਭਰਨ ਲਈ ਗਈ ਤਾਂ ਖੇਡ ਵਿਭਾਗ ਨੇ ਪਹਿਲਾਂ ਹੀ ਮੈੱਸ ਸੀਲ ਕਰ ਦਿੱਤੀ ਸੀ। ਟੀਮ ਨੇ ਠੇਕੇਦਾਰ ਵੱਲੋਂ ਰੱਖੇ ਰਾਸ਼ਨ ਦੇ ਸਾਮਾਨ ਵਿੱਚ ਚੂਹੇ ਘੁੰਮਦੇ ਹੋਣ ਅਤੇ ਮੱਖੀਆਂ ਦੀ ਭਰਮਾਰ ਹੋਣ ਦੀ ਗੱਲ ਆਖੀ ਹੈ। ਇਸ ਸਬੰਧੀ ਕੰਟਰੈਕਟਰ ਦਾ ਚਲਾਨ ਕੱਟ ਦਿੱਤਾ ਗਿਆ ਹੈ।

ਠੇਕੇਦਾਰ ਨੂੰ ਖਾਣਾ ਬਣਾਉਣ ਤੋਂ ਰੋਕਿਆ: ਡਾਇਰੈਕਟਰ

ਖੇਡ ਵਿਭਾਗ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਪੀਆਈਐੱਸ ਵਿੱਚ ਖਾਣਾ ਬਣਾ ਕੇ ਦਿੰਦੇ ਕੰਟਰੈਕਟਰ ਦਾ ਕੰਮ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਖਾਣੇ ਦਾ ਨਵਾਂ ਪ੍ਰਬੰਧ ਕਰ ਦਿੱਤਾ ਗਿਆ ਹੈ।

ਸਾਰੇ ਬੱਚਿਆਂ ਨੂੰ ਛੁੱਟੀ ਦੇ ਕੇ ਘਰ ਭੇਜਿਆ: ਸਿਵਲ ਸਰਜਨ

ਐਸ.ਏ.ਐਸ. ਨਗਰ (ਦਰਸ਼ਨ ਸਿੰਘ ਸੋਢੀ): ਮੁਹਾਲੀ ਦੇ ਸਿਵਲ ਸਰਜਨ ਡਾ. ਮਹੇਸ਼ ਅਹੂਜਾ ਨੇ ਦੱਸਿਆ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਸਾਰੇ ਬੱਚਿਆਂ ਦੀ ਸਿਹਤ ਇਸ ਵੇਲੇ ਬਿਲਕੁਲ ਠੀਕ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਲਗਪਗ 8 ਵਜੇ ਹਸਪਤਾਲ ਪਹੁੰਚੇ ਉਕਤ ਬੱਚਿਆਂ ਨੂੰ ਪੰਜ ਘੰਟੇ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਣ ਮਗਰੋਂ ਬਾਅਦ ਦੁਪਹਿਰ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।



News Source link

- Advertisement -

More articles

- Advertisement -

Latest article