27.2 C
Patiāla
Monday, April 29, 2024

ਸ਼ਾਹਬਾਦ: ਹੜ੍ਹ ਕਾਰਨ ਗੰਨੇ ਤੇ ਝੋਨੇ ਦੀ ਫ਼ਸਲ ਤਬਾਹ

Must read


ਸਤਨਾਮ ਸਿੰਘ

ਸ਼ਾਹਬਦ ਮਾਰਕੰਡਾ, 25 ਜੁਲਾਈ

ਇੱਥੇ ਪਿੰਡ ਗਣਗੌਰੀ ਤੋਂ ਲੈ ਕੇ ਨਖਰੋਜਪੁਰ ਤੱਕ ਸੜਕਾਂ ’ਤੇ ਬਣੀਆਂ ਪੁਲੀਆਂ ਬੰਦ ਹੋਣ ਕਾਰਨ ਗੰਨੇ ਅਤੇ ਝੋਨੇ ਦੀ ਫ਼ਸਲ ਤਬਾਹ ਹੋ ਗਈ। ਪਿੰਡ ਬੜਤੋਲੀ ਦੇ ਕਿਸਾਨ ਸੁਰਿੰਦਰ ਰਾਣਾ, ਪ੍ਰਣਵ ਰਾਣਾ, ਰਵਿੰਦਰ ਸਿੰਘ ਤੇ ਅਨਿਲ ਕੁਮਾਰ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ 40 ਏਕੜ ਗੰਨੇ ਅਤੇ ਜੀਰੀ ਦੀ ਫਸਲ ਤਬਾਹ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਕੋਲ ਵਾਰ ਵਾਰ ਚੱਕਰ ਲਗਾਉਣ ਦੇ ਬਾਵਜੂਦ ਖੇਤਾਂ ’ਚੋਂ ਪਾਣੀ ਕੱਢਣ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ। ਇਸ ਦੌਰਾਨ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਲੋਕਾਂ ਦੀ ਸਾਰ ਨਾ ਲੈਣ ਦੇ ਦੋਸ਼ ਲਾਏ ਹਨ। ਪੀੜਤ ਕਿਸਾਨਾਂ ਨੇ ਸੂਬਾ ਸਰਕਾਰ ਤੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਖੇਤਾਂ ’ਚ ਪਾਣੀ ਦੀ ਨਿਕਾਸੀ ਦਾ ਸਥਾਈ ਹੱਲ ਕੀਤਾ ਜਾਏ ਤਾਂ ਜੋ ਹਰ ਸਾਲ ਬਰਸਾਤ ਦੇ ਪਾਣੀ ਨਾਲ ਉਨ੍ਹਾਂ ਦੀਆਂ ਫਸਲਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ। ਕਿਸਾਨਾਂ ਨੇ ਮੀਡੀਆ ਨੂੰ ਹੜ੍ਹ ਦੇ ਪਾਣੀ ਨਾਲ ਖਰਾਬ ਹੋਈ ਗੰਨੇ ਤੇ ਜੀਰੀ ਦੀ ਫਸਲ ਦਿਖਾਉਂਦੇ ਹੋਏ ਕਿਹਾ ਕਿ ਪ੍ਰਸ਼ਾਸਨ ਅਧਿਕਾਰੀਆਂ ਦੀ ਲਾਪਰਵਾਹੀ ਦੇ ਕਾਰਨ ਉਨ੍ਹਾਂ ਦੀ 40 ਏਕੜ ਫਸਲ ਨੁਕਸਾਨੀ ਗਈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਸਮੇਂ ’ਤੇ ਖੇਤਾਂ ’ਚ ਪਾਣੀ ਨਿਕਾਸੀ ਦੇ ਪ੍ਰਬੰਧ ਕੀਤੇ ਹੁੰਦੇ ਤਾਂ ਕਿਸਾਨਾਂ ਦਾ ਇੰਨਾ ਨੁਕਸਾਨ ਨਾ ਹੁੰਦਾ। ਉਨ੍ਹਾਂ ਕਿਹਾ ਕਿ ਪਿੰਡ ਗਣਗੌਰੀ ਤੋਂ ਲੈ ਕੇ ਨਖਰੋਜ ਪੁਰ ਤੱਕ ਸੜਕਾਂ ’ਤੇ ਬਣੀਆਂ ਪੁਲੀਆਂ ਬੰਦ ਹਨ, ਜਿਨ੍ਹਾਂ ਨੂੰ ਤੁਰੰਤ ਖੁੱਲ੍ਹਵਾਇਆ ਜਾਏ ਤਾਂ ਕਿ ਭਵਿੱਖ ਵਿਚ ਹੜ੍ਹ ਆਉਣ ’ਤੇ ਪਾਣੀ ਦੀ ਨਿਕਾਸੀ ਛੇਤੀ ਹੋ ਸਕੇ।

ਜਸਵਿੰਦਰ ਖਹਿਰਾ ਵੱਲੋਂ ਫ਼ਸਲਾਂ ਦੇ ਨੁਕਸਾਨ ਦਾ ਜਾਇਜ਼ਾ

ਸ਼ਾਹਬਾਦ ਮਾਰਕੰਡਾ: ਜਨ ਨਾਇਕ ਜਨਤਾ ਪਾਰਟੀ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ ਸ਼ੂਗਰ ਕੇਨ ਕੰਟਰੋਲ ਬੋਰਡ ਦੇ ਮੈਂਬਰ ਜਸਵਿੰਦਰ ਸਿੰਘ ਖਹਿਰਾ ਨੇ ਹਲਕੇ ਦੇ ਪਿੰਡ ਸਾਰਸਾ, ਗੜੀ ਸਿੰਘਾਂ ਤੇ ਗੜੀ ਰੋੜਾਨ ਸਣੇ ਹੋਰ ਪਿੰਡਾਂ ਦਾ ਦੌਰਾ ਕਰਕੇ ਖਰਾਬ ਫਸਲਾਂ ਦਾ ਜਾਇਜ਼ਾ ਲਿਆ। ਕਿਸਾਨਾਂ ਨੇ ਡਾ. ਖਹਿਰਾ ਨੂੰ ਦੱਸਿਆ ਕਿ ਸਾਰਸਾ, ਗੜੀ ਸਿੰਘਾਂ ਤੇ ਗੜੀ ਰੋੜਾਨ ਨੂੰ ਹੜ੍ਹ ਪ੍ਰਭਾਵਿਤ ਖੇਤਰ ਵਿਚ ਪ੍ਰਸ਼ਾਸਨ ਵਲੋਂ ਸ਼ਾਮਲ ਕੀਤਾ ਗਿਆ ਹੈ। ਜਦਕਿ ਇਨ੍ਹਾਂ ਪਿੰਡਾਂ ਵਿਚ ਬਰਸਾਤ ਨਾਲ ਕਾਫੀ ਨੁਕਸਾਨ ਹੋਇਆ ਹੈ। ਇਸ ਤੇ ਖਹਿਰਾ ਨੇ ਤੁਰੰਤ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਇਨ੍ਹਾਂ ਪਿੰਡਾਂ ਵਿਚ ਬਰਸਾਤ ਨਾਲ ਕਾਫੀ ਨੁਕਸਾਨ ਹੋਇਆ ਹੈ। ਖਹਿਰਾ ਨੇ ਕਿਹਾ ਕਿ ਮੀਂਹ ਕਾਰਨ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਹੈ ਸਰਕਾਰ ਵਲੋਂ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ। ਸਰਕਾਰ ਇਸ ਪ੍ਰਤੀ ਗੰਭੀਰ ਹੈ ਤੇ ਅਧਿਕਾਰੀ ਲਗਾਤਾਰ ਖੇਤਰ ਵਿਚ ਹੋਏ ਨੁਕਸਾਨ ਦਾ ਜਾਇਜ਼ਾ ਲੈ ਰਹੇ ਹਨ।



News Source link

- Advertisement -

More articles

- Advertisement -

Latest article