38.1 C
Patiāla
Sunday, April 28, 2024

ਥਰਮਲ ਪਲਾਂਟ ਰੂਪਨਗਰ ਦੀਆਂ ਚਿਮਨੀਆਂ ਨੇੜੇ ਬਾਹਰਲਿਆਂ ਦੇ ਕਬਜ਼ੇ, ਪਲਾਂਟ ਦੀ ਸੁਰੱਖਿਆ ਦੀਵਾਰ ਦੀਆਂ ਤਾਰਾਂ ਤੋੜ ਕੇ ਬਣਾਏ ਚੋਰ ਰਸਤੇ

Must read


ਜਗਮੋਹਨ ਸਿੰਘ

ਰੂਪਨਗਰ, 26 ਜੁਲਾਈ

ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀ ਚਾਰਦੀਵਾਰੀ ਦੇ ਅੰਦਰ ਬਾਹਰਲੇ ਸੂਬਿਆਂ ਦੇ ਲੋਕਾਂ ਨੇ ਝੁੱਗੀਆਂ ਬਣਾ ਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਇਨ੍ਹਾਂ ਨੂੰ ਥਰਮਲ ਪਲਾਂਟ ’ਚੋਂ ਬਾਹਰ ਕੱਢਣਾ ਥਰਮਲ ਪ੍ਰਸ਼ਾਸਨ ਲਈ ਮੁਸ਼ਕਲ ਨਜ਼ਰ ਆ ਰਿਹਾ ਹੈ। ਨਾਜਾਇਜ਼ ਕਾਬਜ਼ਕਾਰਾਂ ਵਿੱਚੋਂ ਜ਼ਿਆਦਾਤਰ  ਹਿਮਾਚਲ ਪ੍ਰਦੇਸ਼ ਜਾਂ ਅੰਬੂਜਾ ਸੀਮਿੰਟ ਫੈਕਟਰੀ ਵਿੱਚ ਕੰਮ ਕਰਦੇ ਹਨ ਪਰ ਉਨ੍ਹਾਂ ਨੇ ਆਪਣੀਆਂ ਝੁੱਗੀਆਂ ਥਰਮਲ ਪਲਾਂਟ ਦੇ ਅੰਦਰ ਬਣਾਈਆਂ ਹੋਈਆਂ ਹਨ। ਥਰਮਲ ਪਲਾਂਟ ਦੇ ਮੇਨ ਗੇਟ ਤੇ ਚੈਕਿੰਗ ਤੋਂ ਬਚਣ ਲਈ ਇਨ੍ਹਾਂ ਨੇ ਪਲਾਂਟ ਦੀ ਸੁਰੱਖਿਆ ਦੀਵਾਰ ’ਤੇ ਲਗਾਈ ਜਾਲੀ ਨੂੰ ਕਈ ਥਾਵਾਂ ਤੋਂ ਤੋੜ ਕੇ ਚੋਰ ਰਸਤੇ ਬਣਾ ਲਏ ਹਨ, ਜਿਨ੍ਹਾਂ ਦੀ ਵਰਤੋਂ ਇਹ ਆਪਣੀਆਂ ਝੁੱਗੀਆਂ ਵਿੱਚ ਆਉਣ ਜਾਣ ਲਈ ਕਰਦੇ ਹਨ। ਥਰਮਲ ਪਲਾਂਟ ਦੇ ਅੰਦਰ ਚੋਰੀ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੋਣ ਲੱਗਾ ਹੈ ਤੇ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਚੋਰਾਂ ਵੱਲੋਂ ਕੋਲ ਹੈਂਡਲਿੰਗ ਪਲਾਂਟ ਦੀ ਚੱਲ ਰਹੀ ਮਸ਼ੀਨਰੀ ਤੋਂ ਵੀ ਸਾਮਾਨ ਚੋਰੀ ਕਰਕੇ ਕਬਾੜ ਦੇ ਭਾਅ ਵੇਚਣਾ ਸ਼ੁਰੂ ਕਰ ਦਿੱਤਾ ਹੈ।

ਦੋ ਦਿਨਾਂ ਦੇ ਅੰਦਰ ਇਹ ਚੋਰ 4 ਰੇਲਵੇ ਇੰਜਣਾਂ ਦੀਆਂ ਪਾਵਰ ਕੇਬਲਾਂ ਚੋਰੀ ਕਰਕੇ ਰੇਲਵੇ ਵਿਭਾਗ ਨੂੰ ਲਗਭਗ 6 ਲੱਖ ਰੁਪਏ ਦਾ ਨੁਕਸਾਨ ਪਹੁੰਚਾ ਚੁੱਕੇ ਹਨ। ਭਾਵੇਂ ਥਰਮਲ ਪਲਾਂਟ ਦੀ ਪੈਸਕੋ ਸਕਿਉਰਿਟੀ ਮੁਲਾਜ਼ਮ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੀਐੱਚਪੀ ਦੀ ਚੱਲ ਰਹੀ ਮਸ਼ੀਨਰੀ ਤੋਂ ਸਾਮਾਨ ਚੋਰੀ ਕਰ ਰਹੇ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕਰਕੇ ਅਫਸਰਾਂ ਕੋਲ ਪੇਸ਼ ਕੀਤਾ ਗਿਆ ਸੀ ਅਤੇ ਚੋਰੀ ਕੀਤੇ ਲੋਹੇ ਸਮੇਤ ਇੱਕ ਐਕਟਿਵਾ ਸਕੂਟਰੀ ਵੀ ਫੜ ਕੇ ਮੇਨ ਤੇ ਖੜ੍ਹਾਈ ਹੋਈ ਹੈ ਪਰ ਦੋਵੇਂ ਮਾਮਲੇ ਅਜੇ ਤੱਕ ਪੁਲੀਸ ਕੋਲ ਨਹੀਂ ਪੁੱਜੇ ਹਨ। ਉਸ ਨੇ ਇਹ ਵੀ ਦੱਸਿਆ ਕਿ ਕਈ ਵਾਰੀ ਜਦੋਂ ਪੈਸਕੋ ਮੁਲਾਜ਼ਮ ਵੱਲੋਂ ਸਾਮਾਨ ਚੋਰੀ ਕਰਨ ਵਾਲੇ ਵਿਅਕਤੀ ਨੂੰ ਫੜਨ ਲਈ ਚੋਰਾਂ ਦਾ ਪਿੱਛਾ ਕੀਤਾ ਜਾਂਦਾ ਹੈ ਤਾਂ ਉਹ ਭੱਜ ਕੇ ਝੁੱਗੀਆਂ ਵਿੱਚ ਜਾ ਵੜਦੇ ਹਨ ਤੇ ਆਪਣੀਆਂ ਔਰਤਾਂ ਨੂੰ ਸੁਰੱਖਿਆ ਮੁਲਾਜ਼ਮਾਂ ਦੇ ਗਲ ਪਾ ਦਿੰਦੇ ਹਨ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਪੈਸਕੋ ਸਕਿਉਰਿਟੀ ਵੱਲੋਂ ਗੇਟ ਤੋਂ ਚੋਰੀ ਦਾ ਪਾਈਆ ਸਾਮਾਨ ਵੀ ਨਹੀਂ ਟੱਪਣ ਦਿੱਤਾ ਜਾਂਦਾ, ਪਰ ਥਰਮਲ ਪਲਾਂਟ ਦੀ ਸੁੱਰਖਿਆ ਦੀਵਾਰ ਤੋੜ ਕੇ ਬਣਾਏ 100 ਤੋਂ ਵਧੇਰੇ ਗੈਰਕਾਨੂੰਨੀ ਲਾਂਘਿਆਂ ਰਾਹੀਂ ਚੋਰ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ। ਇਸ ਸਬੰਧੀ ਥਰਮਲ ਪਲਾਂਟ ਰੂਪਨਗਰ ਦੇ ਮੁੱਖ ਇੰਜਨੀਅਰ ਮਨਜੀਤ ਸਿੰਘ ਨੇ ਕਿਹਾ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀਆਂ ਵਿਰੁੱਧ ਪੁਲੀਸ ਕਾਰਵਾਈ ਕਰਵਾਈ ਜਾ ਰਹੀ ਹੈ ਅਤੇ ਥਰਮਲ ਪਲਾਂਟ ਦੀ ਸੁਰੱਖਿਆ ਦੇ ਮੱਦੇਨਜ਼ਰ ਥਰਮਲ ਪਲਾਂਟ ਦੀ ਚਾਰਦੀਵਾਰੀ ਦੇ ਅੰਦਰੋਂ ਨਾਜਾਇਜ਼ ਕਬਜ਼ੇ ਚੁਕਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਾਵਰਕਾਮ ਮੈਨੇਜਮੈਂਟ ਦੇ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਜਲਦੀ ਹੀ ਕਾਰਵਾਈ ਆਰੰਭੀ ਜਾਵੇਗੀ।



News Source link

- Advertisement -

More articles

- Advertisement -

Latest article