37.3 C
Patiāla
Saturday, May 4, 2024

ਮੁਹਾਲੀ ਸਟੇਡੀਅਮ ਨੂੰ ਮੇਜ਼ਬਾਨੀ ਤੋਂ ਬਾਹਰ ਰੱਖਣ ’ਤੇ ਸਿਆਸਤ ਭਖੀ

Must read


ਚੰਡੀਗੜ੍ਹ, 28 ਜੂਨ

ਭਾਰਤ ਵਿੱਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ’ਚੋਂ ਮੁਹਾਲੀ ਦੇ ਕ੍ਰਿਕਟ ਸਟੇਡੀਅਮ ਨੂੰ ਸ਼ਾਮਲ ਨਾ ਕੀਤੇ ਜਾਣ ਦੇ ਮਾਮਲੇ ’ਤੇ ਸਿਆਸਤ ਭਖ ਗਈ ਹੈ। ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਇਥੇ ‘ਆਪ’ ਸਰਕਾਰ ’ਤੇ ਮੁਹਾਲੀ ਸਟੇਡੀਅਮ ਨੂੰ ਮੇਜ਼ਬਾਨੀ ਤੋਂ ਬਾਹਰ ਰੱਖਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 2023 ਦੇ ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਵਾਲੇ ਸ਼ਹਿਰਾਂ ਵਿੱਚ ਮੁਹਾਲੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸੇ ਤਰ੍ਹਾਂ ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਵੀ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੂੰ ਘੇਰਦਿਆਂ ਮੁਹਾਲੀ ਸਟੇਡੀਅਮ ਮੈਚਾਂ ਦੀ ਮੇਜ਼ਬਾਨੀ ਤੋਂ ਬਾਹਰ ਰੱਖੇ ਜਾਣ ਦਾ ਕਾਰਨ ਪੁੱਛਿਆ ਹੈ। ਜਾਣਕਾਰੀ ਅਨੁਸਾਰ ਕੱਲ੍ਹ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਅਤੇ ਬੀਸੀਸੀਆਈ ਨੇ ਵਿਸ਼ਵ ਕੱਪ ਦੇ ਮੈਚਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਮਗਰੋਂ ਵਿਰੋਧੀ ਧਿਰਾਂ ਦੇ ਕੁਝ ਆਗੂਆਂ ਵੱਲੋਂ ਸਿਆਸੀ ਵਿਤਕਰਾ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਸਵਾਲ ਕੀਤਾ ਹੈ ਕਿ ਹੋਰਨਾਂ ਥਾਵਾਂ ਦੇ ਮੁਕਾਬਲੇ ਸਭ ਤੋਂ ਵੱਧ ਮੈਚ ਅਹਿਮਦਾਬਾਦ ਦੇ ਸਟੇਡੀਅਮ ਨੂੰ ਕਿਉਂ ਦਿੱਤੇ ਗਏ ਹਨ। ਇਸ ਸਬੰਧੀ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਮਨੀਸ਼ ਤਿਵਾੜੀ ਨੇ ਆਪਣੇ ਟਵੀਟ ਵਿੱਚ ਬੀਸੀਸੀਆਈ, ਆਈਸੀਸੀ ਤੇ ਬੀਸੀਸੀਆਈ ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੂੰ ਟੈਗ ਕਰਕੇ ਪੁੱਛਿਆ ਹੈ, ‘ਮੁਹਾਲੀ ਨੂੰ ਮੇਜ਼ਬਾਨੀ ਤੋਂ ਬਾਹਰ ਕਿਉਂ ਰੱਖਿਆ ਗਿਆ ਹੈ?’ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਦਾ ਕਹਿਣਾ ਹੈ ਕਿ ‘ਆਪ’ ਸਰਕਾਰ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਨੂੰ ਵਿਸ਼ਵ ਕੱਪ ਦੇ ਮੱਦੇਨਜ਼ਰ ਪਹਿਲਾਂ ਹੀ ਨਵੇਂ ਸਟੇਡੀਅਮ ਦੀ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਮੁਕੰਮਲ ਕਰਵਾਉਣਾ ਚਾਹੀਦਾ ਸੀ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਵਿੱਚ ਨਾਕਾਮਯਾਬ ਰਹੀ ਹੈ, ਇਹ ਵੀ ਕਾਰਨ ਹੈ ਕਿ ਮੁਹਾਲੀ ਦੇ ਸਟੇਡੀਅਮ ਨੂੰ ਇਸ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਗ਼ੈਰ-ਤਜਰਬੇਕਾਰ ਵਿਅਕਤੀਆਂ ਨੂੰ ਪੀਸੀਏ ’ਚ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਹਨ, ਜਿਸ ਕਰਕੇ ਸਭ ਕੁਝ ਹੋ ਰਿਹਾ ਹੈ। ਸ੍ਰੀ ਬਾਜਵਾ ਨੇ ਖਦਸ਼ਾ ਪ੍ਰਗਟਾਇਆ ਕਿ ਮੇਜ਼ਬਾਨੀ ਨਾ ਮਿਲਣ ਕਾਰਨ ਸੂਬੇ ਦੇ ਸੈਰ-ਸਪਾਟਾ ਖੇਤਰ ਨੂੰ ਵੀ ਵੱਡਾ ਆਰਥਿਕ ਨੁਕਸਾਨ ਝੱਲਣਾ ਪਵੇਗਾ। ਬਾਜਵਾ ਨੇ ਬੀਸੀਸੀਆਈ ’ਤੇ ਪੰਜਾਬ ਨਾਲ ਵਿਤਕਰਾ ਕਰਦਿਆਂ ਨਰਿੰਦਰ ਮੋਦੀ ਸਟੇਡੀਅਮ ਨੂੰ ਜਾਣ-ਬੁੱਝ ਕੇ ਪਹਿਲ ਦੇਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਬੀਸੀਸੀਆਈ ਨੂੰ ਪੰਜਾਬ ਦੇ ਵਸਨੀਕਾਂ ਦੀਆਂ ਭਾਵਨਾਵਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਕੱਪ ਦੀ ਮੇਜ਼ਬਾਨੀ ਵਿੱਚੋਂ ਮੁਹਾਲੀ ਨੂੰ ਬਾਹਰ ਰੱਖਣਾ ਸਿੱਧੇ ਤੌਰ ’ਤੇ ਵਿਤਕਰੇ ਦਾ ਸਬੂਤ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੇਜ਼ਬਾਨੀ ਲਈ ਭਾਰਤ ਵਿੱਚੋਂ ਹੈਦਰਾਬਾਦ, ਅਹਿਮਦਾਬਾਦ, ਧਰਮਸ਼ਾਲਾ, ਦਿੱਲੀ, ਚੇਨੱਈ, ਲਖ਼ਨਊ, ਪੁਣੇ, ਬੰਗਲੂਰੂ, ਮੁੰਬਈ ਤੇ ਕੋਲਕਾਤਾ ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ। -ਪੀਟੀਆਈ

ਮੁਹਾਲੀ ’ਚ ਮੈਚ ਲਈ ਆਈਸੀਸੀ ਤੇ ਬੀਸੀਸੀਆਈ ਵਿਚਾਰ ਕਰੇ: ਸਾਹਨੀ

ਨਵੀਂ ਦਿੱਲੀ (ਪੱਤਰ ਪ੍ਰੇਰਕ): ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਅੱਜ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਅਤੇ ਬੀਸੀਸੀਆਈ ਨੂੰ ਅਪੀਲ ਕੀਤੀ ਕਿ ਉਹ ਅਕਤੂਬਰ-ਨਵੰਬਰ ਦੌਰਾਨ ਭਾਰਤ ਵਿੱਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ-2023 ਦਾ ਘੱਟੋ-ਘੱਟ ਇੱਕ ਮੈਚ ਮੁਹਾਲੀ ਸਟੇਡੀਅਮ ਵਿੱਚ ਕਰਵਾਉਣ ਸਬੰਧੀ ਵਿਚਾਰ ਕਰਨ। ਸ੍ਰੀ ਸਾਹਨੀ ਨੇ ਕਿਹਾ ਕਿ ਉਹ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੂੰ ਮਿਲ ਕੇ ਮੁਹਾਲੀ ਵਿੱਚ ਵੀ ਵਿਸ਼ਵ ਕ੍ਰਿਕਟ ਕੱਪ ਦੇ ਮੈਚ ਕਰਵਾਉਣ ਦੀ ਅਪੀਲ ਕਰਨਗੇ। ਸ੍ਰੀ ਸਾਹਨੀ ਨੇ ਚਿੰਤਾ ਜ਼ਾਹਰ ਕੀਤੀ ਕਿ ਹੈਦਰਾਬਾਦ, ਅਹਿਮਦਾਬਾਦ, ਧਰਮਸ਼ਾਲਾ, ਦਿੱਲੀ, ਚੇਨੱਈ, ਲਖਨਊ, ਪੂਣੇ, ਬੰਗਲੁਰੂ, ਮੁੰਬਈ ਅਤੇ ਕੋਲਕਾਤਾ ਵਰਗੇ ਦਸ ਸਥਾਨਾਂ ਦੀ ਚੋਣ ਕੀਤੀ ਗਈ ਹੈ, ਪਰ ਮੁਹਾਲੀ ਦੀ ਚੋਣ ਨਹੀਂ ਕੀਤੀ ਗਈ, ਜਦਕਿ ਆਈਸੀਸੀ ਦੇ ਰੇਟਿੰਗ ਚਾਰਟ ਵਿੱਚ ਇਸ ਮੈਦਾਨ ਦੀ ਪਿੱਚ ਅਤੇ ਆਊਟਫੀਲਡ ਰੇਟਿੰਗ ‘ਬਹੁਤ ਵਧੀਆ’ ਦੱਸੀ ਗਈ ਹੈ। 





News Source link

- Advertisement -

More articles

- Advertisement -

Latest article