29.1 C
Patiāla
Saturday, May 4, 2024

ਮਾਛੀਵਾੜਾ: ਟਰੈਵਲ ਏਜੰਟ ਦੇ ਘਰ ਅਤੇ ਦਫ਼ਤਰ ’ਤੇ ਸੀਬੀਆਈ ਦਾ ਛਾਪਾ

Must read


ਗੁਰਦੀਪ ਸਿੰਘ ਟੱਕਰ

ਮਾਛੀਵਾੜਾ, 28 ਜੂਨ

ਸੀਬੀਆਈ ਦੀ ਟੀਮ ਨੇ ਅੱਜ ਜਗਦੰਬੇ ਇੰਟਰਨੈਸ਼ਨਲ ਟਰੈਵਲ ਏਜੰਟ ਬਲਵਿੰਦਰ ਸਿੰਘ ਦੇ ਦਫ਼ਤਰ ਅਤੇ ਘਰ ’ਤੇ ਛਾਪਾ ਮਾਰਿਆ। ਇਹ ਛਾਪਾ ਸਵੇਰੇ 10 ਵਜੇ ਤੋਂ ਸ਼ਾਮ 6.30 ਵਜੇ ਤੱਕ ਜਾਰੀ ਰਿਹਾ, ਜਿਸ ਦੌਰਾਨ ਸੀਬੀਆਈ ਅਧਿਕਾਰੀਆਂ ਨੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ। ਇਸ ਕਾਰਵਾਈ ਵਿੱਚ ਸੀਬੀਆਈ ਅਧਿਕਾਰੀਆਂ ਨਾਲ ਮਾਛੀਵਾੜਾ ਪੁਲੀਸ ਵੀ ਸ਼ਾਮਲ ਸੀ।

ਜਾਣਕਾਰੀ ਅਨੁਸਾਰ ਅੱਜ ਸਵੇਰੇ ਟੀਮ ਪਿੰਡ ਝੜੌਦੀ ਸਥਿਤ ਜਗਦੰਬੇ ਇੰਟਰਨੈਸ਼ਨਲ ਟਰੈਵਲ ਏਜੰਸੀ ਦੇ ਸੰਚਾਲਕ ਬਲਵਿੰਦਰ ਸਿੰਘ ਦੇ ਘਰ ਅਤੇ ਸਮਰਾਲਾ ਰੋਡ ਸਥਿਤ ਉਸ ਦੇ ਦਫ਼ਤਰ ਪਹੁੰਚੀ। ਸੀਬੀਆਈ ਅਧਿਕਾਰੀ ਸੁਨੀਲ ਸ਼ਰਮਾ ਨੇ ਦੱਸਿਆ ਕਿ ਇਹ ਜਾਂਚ ਅਮਰੀਕਾ ਅਤੇ ਫਰਾਂਸ ਦੇ ਜਾਅਲੀ ਵੀਜ਼ਿਆਂ ਸਬੰਧੀ ਘਪਲੇ ਤਹਿਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਟਰੈਵਲ ਏਜੰਟ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਹੀ ਇਹ ਛਾਪੇ ਮਾਰੇ ਗਏ ਹਨ। ਜਾਣਕਾਰੀ ਅਨੁਸਾਰ ਇਸ ਜਾਂਚ ਦੌਰਾਨ ਸੀਬੀਆਈ ਦੀ ਟੀਮ ਨੇ ਕਈ ਅਹਿਮ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲਏ ਹਨ, ਹਾਲਾਂਕਿ ਉਨ੍ਹਾਂ ਵੱਲੋਂ ਦਸਤਾਵੇਜ਼ਾਂ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸੀਬੀਆਈ ਦੀ ਟੀਮ ਨੂੰ ਟਰੈਵਲ ਏਜੰਟ ਬਲਵਿੰਦਰ ਸਿੰਘ ਘਰ ਨਹੀਂ ਮਿਲਿਆ। ਇਹ ਦੱਸਿਆ ਜਾ ਰਿਹਾ ਹੈ ਕਿ ਇਸ ਵੇਲੇ ਉਕਤ ਟਰੈਵਲ ਏਜੰਟ ਵਿਦੇਸ਼ ਗਿਆ ਹੋਇਆ ਹੈ।

ਬਲਵਿੰਦਰ ਸਿੰਘ ਜਗਦੰਬੇ ਇੰਟਰਨੈਸ਼ਨਲ ਟਰੈਵਲ ਏਜੰਸੀ ਵੱਲੋਂ ਨੌਜਵਾਨਾਂ ਨੂੰ ਵਿਦੇਸ਼ ਭੇਜਦਾ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਉਹ ਇਹ ਕੰਮ ਕਰ ਰਿਹਾ ਹੈ। ਸੂਤਰਾਂ ਅਨੁਸਾਰ ਸੀਬੀਆਈ ਨੇ ਦਿੱਲੀ ਤੋਂ ਇੱਕ ਟਰੈਵਲ ਏਜੰਟ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਜਿਸ ਕੋਲੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਅਮਰੀਕਾ ਤੇ ਫਰਾਂਸ ਦੇ ਜਾਅਲੀ ਵੀਜ਼ਿਆਂ ਦਾ ਵੱਡਾ ਸਕੈਂਡਲ ਸਾਹਮਣੇ ਆਇਆ ਹੈ। ਸੀਬੀਆਈ ਅਨੁਸਾਰ ਜਾਅਲੀ ਵੀਜ਼ਿਆਂ ਦੇ ਇਸ ਕਾਰੋਬਾਰ ਦੇ ਤਾਰ ਮਾਛੀਵਾੜਾ ਦੇ ਟਰੈਵਲ ਏਜੰਟ ਨਾਲ ਵੀ ਜੁੜਦੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜਾਅਲੀ ਵੀਜ਼ਿਆਂ ਕਾਰਨ ਕੁਝ ਨੌਜਵਾਨ ਵਿਦੇਸ਼ ਨਹੀਂ ਪਹੁੰਚ ਸਕੇ, ਜਿਸ ਕਾਰਨ ਇਹ ਮਾਮਲਾ ਸੀਬੀਆਈ ਤੱਕ ਪਹੁੰਚਿਆ ਹੈ।

ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਤੇ ਮੈਨੇਜਰ ’ਤੇ 29 ਲੱਖ ਦੀ ਠੱਗੀ ਦਾ ਕੇਸ ਦਰਜ

ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਇੱਥੇ ਸਿਟੀ ਪੁਲੀਸ ਨੇ ਫਿਰੋਜ਼ਪੁਰ ਦੇ ਦੋ ਵਿਦਿਆਰਥੀਆਂ ਦੀ ਸ਼ਿਕਾਇਤ ’ਤੇ ਇੱਥੋਂ ਦੇ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਅਤੇ ਮੈਨੇਜਰ ਖ਼ਿਲਾਫ਼ ਕਥਿਤ ਤੌਰ ’ਤੇ 29 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਵਿਦੇਸ਼ ਪੜ੍ਹਨ ਲਈ ਲਵਪ੍ਰੀਤ ਸਿੰਘ ਵਾਸੀ ਤੂਤ ਨੇ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਦੀਪਕ ਸ਼ਰਮਾ, ਮੈਨੇਜਰ ਅਰਸ਼ਦੀਪ ਸਿੰਘ ਨੂੰ 13 ਲੱਖ 80 ਹਜ਼ਾਰ ਅਤੇ ਗੁਰਮਨ ਸਿੱਧੂ ਵਾਸੀ ਮੋਠਾਂਵਾਲੀ ਨੇ 15 ਲੱਖ ਰੁਪਏ ਦਿੱਤੇ ਸਨ। ਵਿਦਿਆਰਥੀਆਂ ਨੂੰ ਨਾ ਵੀਜ਼ਾ ਦਿੱਤਾ ਗਿਆ ਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਡੀਐੱਸਪੀ ਗੁਰਮੀਤ ਸਿੰਘ ਨੇ ਮਾਮਲੇ ਦੀ ਪੜਤਾਲ ਤੋਂ ਬਾਅਦ ਦੀਪਕ ਸ਼ਰਮਾ ਅਤੇ ਅਰਸ਼ਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ।





News Source link

- Advertisement -

More articles

- Advertisement -

Latest article