29.6 C
Patiāla
Monday, April 29, 2024

ਸੰਸਦ ਦੀ ਨਵੀਂ ਇਮਾਰਤ ਦੀ ਦਿਖ ਤਾਬੂਤ ਵਰਗੀ: ਆਰਜੇਡੀ

Must read


ਨਵੀਂ ਦਿੱਲੀ/ਪਟਨਾ, 28 ਮਈ

ਰਾਸ਼ਟਰੀ ਜਨਤਾ ਦਲ (ਆਰਜੇਡੀ) ਨੇ ਸੰਸਦ ਦੀ ਨਵੀਂ ਇਮਾਰਤ ਦੀ ਦਿੱਖ ਤਾਬੂਤ ਵਰਗੀ ਹੋਣ ਦਾ ਦਾਅਵਾ ਕੀਤਾ ਹੈ। ਭਾਜਪਾ ਨੇ ਇਸ ਦਾ ਤਿੱਖਾ ਜਵਾਬ ਦਿੰਦਿਆਂ ਕਿਹਾ ਕਿ ਲੋਕ 2024 ਦੀਆਂ ਲੋਕ ਸਭਾ ਚੋਣਾਂ ’ਚ ਬਿਹਾਰ ਦੀ ਇਸ ਪਾਰਟੀ ਨੂੰ ਅਜਿਹੇ ਹੀ ਤਾਬੂਤ ’ਚ ਦਫ਼ਨ ਕਰ ਦੇਣਗੇ। ਆਰਜੇਡੀ ਨੇ ਟਵੀਟ ਕਰਕੇ ਤਾਬੂਤ ਅਤੇ ਸੰਸਦ ਦੀ ਨਵੀਂ ਇਮਾਰਤ ਦੀ ਸਾਂਝੀ ਤਸਵੀਰ ਨਸ਼ਰ ਕੀਤੀ। ਭਾਜਪਾ ਦੀ ਬਿਹਾਰ ਇਕਾਈ ਨੇ ਇਸ ਦੇ ਜਵਾਬ ’ਚ ਟਵੀਟ ਕਰਦਿਆਂ ਕਿਹਾ,‘‘ਪਹਿਲੀ ਤਸਵੀਰ ਤੁਹਾਡਾ (ਆਰਜੇਡੀ) ਭਵਿੱਖ ਹੈ ਅਤੇ ਦੂਜੀ ਭਾਰਤ ਦਾ। ਸਮਝੇ?’’ ਭਾਜਪਾ ਦੇ ਰਾਜ ਸਭਾ ਮੈਂਬਰ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਕਿਹਾ ਕਿ ਇਸ ਤੋਂ ਘਟੀਆ ਅਤੇ ਸ਼ਰਮਨਾਕ ਹੋਰ ਕੁਝ ਨਹੀਂ ਹੋ ਸਕਦਾ ਹੈ। ਸੰਸਦ ਦੀ ਨਵੀਂ ਇਮਾਰਤ ਦੇ ਉਦਘਾਟਨ ਦਾ ਵਿਰੋਧ ਕਰ ਰਹੇ ਆਰਜੇਡੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਵਰ੍ਹਦਿਆਂ ਭਾਜਪਾ ਆਗੂ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਨਵੀਂ ਸੰਸਦ ’ਚ ਕਦੇ ਵੀ ਦਾਖ਼ਲ ਨਹੀਂ ਹੋਣਗੇ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਦੋਸ਼ ਲਾਇਆ ਕਿ ਆਰਜੇਡੀ ਨੇ 140 ਕਰੋੜ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ’ਚ ‘ਤਿਓਹਾਰ ਵਰਗਾ ਮਾਹੌਲ’ ਹੈ ਤਾਂ ਵਿਰੋਧੀ ਧਿਰਾਂ ਘਟੀਆ ਸਿਆਸਤ ਕਰ ਰਹੀਆਂ ਹਨ। ਭਾਜਪਾ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ਨੇ ਆਰਜੇਡੀ ਦੇ ਟਵੀਟ ਨੂੰ ਘਿਣਾਉਣਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਤਿਕੋਣ ਜਾਂ ਤ੍ਰਿਭੁਜ ਦੀ ਭਾਰਤੀ ਪ੍ਰਣਾਲੀ ’ਚ ਬਹੁਤ ਅਹਿਮੀਅਤ ਹੈ। ਇਕ ਹੋਰ ਤਰਜਮਾਨ ਗੌਰਵ ਭਾਟੀਆ ਨੇ ਕਿਹਾ ਕਿ ਇਹ ਆਰਜੇਡੀ ਦੀ ਸਿਆਸਤ ਦੇ ਤਾਬੂਤ ’ਚ ਆਖਰੀ ਕਿੱਲ ਸਾਬਿਤ ਹੋਵੇਗੀ। ਭਾਟੀਆ ਨੇ ਕਿਹਾ,‘‘ਤੁਸੀਂ ਸਿਰਫ਼ ਨਜ਼ਰਬੱਟੂ ਹੋ ਅਤੇ ਹੋਰ ਕੁਝ ਵੀ ਨਹੀਂ।’’ ਉਂਜ ਆਰਜੇਡੀ ਦੇ ਟਵੀਟ ਦਾ ਬਚਾਅ ਕਰਦਿਆਂ ਬਿਹਾਰ ਇਕਾਈ ਦੇ ਤਰਜਮਾਨ ਮ੍ਰਿਤੁੰਜਯ ਤਿਵਾੜੀ ਨੇ ਕਿਹਾ ਕਿ ਜਿਸ ਢੰਗ ਨਾਲ ਨਵੀਂ ਸੰਸਦ ਦੀ ਇਮਾਰਤ ਦਾ ਅੱਜ ਉਦਘਾਟਨ ਕੀਤਾ ਗਿਆ ਹੈ, ਉਸ ਤੋਂ ਜਾਪਦਾ ਹੈ ਕਿ ਲੋਕਤੰਤਰ ਦਫ਼ਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ,‘‘ਸਮਾਗਮ ਲਈ ਨਾ  ਰਾਸ਼ਟਰਪਤੀ ਅਤੇ ਨਾ ਹੀ ਉਪ ਰਾਸ਼ਟਰਪਤੀ, ਜੋ ਰਾਜ ਸਭਾ ਦੇ ਚੇਅਰਮੈਨ ਵੀ ਹਨ, ਨੂੰ ਸੱਦਾ ਦਿੱਤਾ ਗਿਆ। ਲੋਕਤੰਤਰ ’ਚ ਇੰਜ ਨਹੀਂ ਹੁੰਦਾ ਹੈ।’’ -ਪੀਟੀਆਈ



News Source link

- Advertisement -

More articles

- Advertisement -

Latest article