39 C
Patiāla
Wednesday, May 15, 2024

ਜਲੰਧਰ ਤੋਂ ਸਬਕ: ਅਕਾਲੀ ਦਲ ਤੇ ਭਾਜਪਾ ’ਚ ਮੁੜ ਜੱਫੀ ਪਵੇਗੀ!

Must read


ਚਰਨਜੀਤ ਭੁੱਲਰ

ਚੰਡੀਗੜ੍ਹ, 14 ਮਈ

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਗੱਠਜੋੜ ਹੋਣ ਦੀ ਸੰਭਾਵਨਾ ਦੀ ਮੁੜ ਚਰਚਾ ਛਿੜੀ ਹੈ। ਜਲੰਧਰ ਚੋਣ ’ਚ ਦੋਵਾਂ ਧਿਰਾਂ ਨੂੰ ਮਿਲੀ ਹਾਰ ਪਿੱਛੋਂ ਸਿਆਸੀ ਹਲਕਿਆਂ ’ਚ ਘੁਸਰ-ਮੁਸਰ ਸ਼ੁਰੂ ਹੋ ਗਈ ਹੈ। ਅੱਜ ਪੂਰਾ ਦਿਨ ਅਟਕਲਾਂ ਤੇਜ਼ ਰਹੀਆਂ ਕਿ ਜਲੰਧਰ ਚੋਣ ਦੇ ਨਤੀਜੇ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਕੋਲ ਹੁਣ ਗੱਠਜੋੜ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ 1996 ਵਿਚ ਭਾਜਪਾ ਨਾਲ ਬਿਨਾਂ ਸ਼ਰਤ ਗੱਠਜੋੜ ਕੀਤਾ ਸੀ। ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਸੀ।

ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਕਾਫ਼ੀ ਅਰਸੇ ਬਾਅਦ ਵੱਖੋ-ਵੱਖ ਲੜੀਆਂ ਸਨ। ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਅਤੇ ਭਾਜਪਾ ਦੇ ਦੋ ਉਮੀਦਵਾਰ ਚੋਣ ਜਿੱਤ ਸਕੇ ਸਨ। ਉਸ ਮਗਰੋਂ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਪੰਜਾਬ ਵਿਚ ਪਾਰਟੀ ਨੂੰ ਆਜ਼ਾਦਾਨਾ ਤੌਰ ’ਤੇ ਖੜ੍ਹਾ ਕਰਨ ਲਈ ਪੂਰਾ ਤਾਣ ਲਾਉਣਾ ਸ਼ੁਰੂ ਕਰ ਦਿੱਤਾ। ਭਾਜਪਾ ਨੇ ਕਾਫ਼ੀ ਸਿੱਖ ਚਿਹਰਿਆਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਅਤੇ ਕਾਂਗਰਸ ਦੇ ਕਈ ਸਾਬਕਾ ਵਜ਼ੀਰਾਂ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ।

ਭਾਜਪਾ ਜਲੰਧਰ ਚੋਣ ਵਿਚ ਚੌਥੇ ਨੰਬਰ ’ਤੇ ਆਈ ਹੈ ਪਰ ਉਂਜ ਭਾਜਪਾ ਨੇ ਜਲੰਧਰ ਕੇਂਦਰੀ ਅਤੇ ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਵਿਚ ਲੀਡ ਲਈ ਹੈ ਜਿੱਥੇ ਪਾਰਟੀ ਨੂੰ ਧਰਵਾਸ ਬੱਝ ਰਿਹਾ ਹੈ। ਭਾਜਪਾ ਨੇ ਕੁੱਲ 1,34,800 ਵੋਟਾਂ ਹਾਸਲ ਕੀਤੀਆਂ ਹਨ, ਇਨ੍ਹਾਂ ’ਚੋਂ 28.40 ਫ਼ੀਸਦੀ ਵੋਟਾਂ ਪਿੰਡਾਂ ’ਚੋਂ ਪਈਆਂ ਹਨ। ਪੰਜ ਪੇਂਡੂ ਹਲਕਿਆਂ ਵਿੱਚ ਭਾਜਪਾ ਨੂੰ ਢੁੱਕਵਾਂ ਹੁੰਗਾਰਾ ਨਹੀਂ ਮਿਲਿਆ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਕੁੱਲ 1,58,445 ਵੋਟਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ’ਚੋਂ 20.14 ਫ਼ੀਸਦੀ ਵੋਟਾਂ ਸ਼ਹਿਰੀ ਖੇਤਰ ਦੀਆਂ ਹਨ।

ਇੱਕ ਗੱਲ ਨਿੱਤਰ ਕੇ ਸਾਹਮਣੇ ਆ ਗਈ ਹੈ ਕਿ ਭਾਜਪਾ ਪੇਂਡੂ ਖੇਤਰਾਂ ਵਿੱਚ ਆਪਣੇ ਪੈਰ ਨਹੀਂ ਜਮਾ ਸਕੀ ਹੈ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਖੇਤਰ ਵਿਚ ਆਧਾਰ ਬਣਾਉਣ ਵਿਚ ਅਸਫ਼ਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਤਾਂ ਆਪਣੀ ਰਵਾਇਤੀ ਗੜ੍ਹ ਵਾਲੇ ਜਲੰਧਰ ਕੈਂਟ ਤੇ ਸ਼ਾਹਕੋਟ ਸੀਟ ’ਤੇ ਵੀ ਦਬਦਬਾ ਕਾਇਮ ਨਹੀਂ ਰੱਖ ਸਕਿਆ ਹੈ। ਜਲੰਧਰ ਕੈਂਟ ਹਲਕੇ ਤੋਂ ਤਾਂ ਸ਼੍ਰੋਮਣੀ ਅਕਾਲੀ ਦਲ ਕੋਲ ਕੋਈ ਆਗੂ ਹੀ ਨਹੀਂ ਸੀ।

ਸਿਆਸੀ ਮਾਹਿਰ ਆਖਦੇ ਹਨ ਕਿ ਜਲੰਧਰ ਚੋਣ ਦੇ ਨਤੀਜੇ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਜ਼ਮੀਨੀ ਹਕੀਕਤ ਦਿਖਾ ਦਿੱਤੀ ਹੈ। ਇਸ ਤਰ੍ਹਾਂ ਦੇ ਹਾਲਾਤ ਤੋਂ ਇਹ ਚੁੰਝ ਚਰਚਾ ਸ਼ੁਰੂ ਹੋ ਗਈ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਇੱਕ-ਦੂਜੇ ਦੇ ਨੇੜੇ ਆਉਣ ਦਾ ਆਧਾਰ ਇਨ੍ਹਾਂ ਚੋਣ ਨਤੀਜਿਆਂ ਨੇ ਤਿਆਰ ਕਰ ਦਿੱਤਾ ਹੈ। ਪਿਛਲੇ ਦਿਨਾਂ ਵਿਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਚੰਡੀਗੜ੍ਹ ਵਿਖੇ ਸ਼ਰਧਾਂਜਲੀ ਦੇਣ ਪਹੁੰਚੇ ਤਾਂ ਉਦੋਂ ਵੀ ਇਸ ਦੇ ਸਿਆਸੀ ਮਾਅਨੇ ਕੱਢੇ ਗਏ ਸਨ। ਜਲੰਧਰ ਦੇ ਨਤੀਜਿਆਂ ਮਗਰੋਂ ਸਿਆਸੀ ਹਾਲਾਤ ਨੇ ਮੋੜਾ ਕੱਟਿਆ ਹੈ। 

ਇਕੱਠੇ ਚੱਲਣਾ ਸਮੇਂ ਦੀ ਮੰਗ: ਵਲਟੋਹਾ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਜਲੰਧਰ ਚੋਣਾਂ ’ਚ ਭਾਜਪਾ ਅਤੇ ਅਕਾਲੀ ਦਲ ਇਕੱਠੇ ਉੱਤਰਦੇ ਤਾਂ ਨਤੀਜੇ ਕੁਝ ਹੋਰ ਹੋਣੇ ਸਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਸਿਆਸੀ ਹਾਲਾਤ ਅਤੇ ਸਮਾਂ ਮੰਗ ਕਰਦਾ ਹੈ ਕਿ ਦੋਵੇਂ ਧਿਰਾਂ ਵਿਚ ਪੁਰਾਣੀਆਂ ਸ਼ਰਤਾਂ ’ਤੇ ਗੱਠਜੋੜ ਦੀ ਗੱਲ ਮੁੜ ਚੱਲੇ। ਉਨ੍ਹਾਂ ਕਿਹਾ ਕਿ ਅੰਦਰਖਾਤੇ ਭਾਜਪਾ ਦੀ ਪੰਜਾਬ ਲੀਡਰਸ਼ਿਪ ਵੀ ਇਕੱਠੇ ਚੱਲਣ ਦੇ ਹੱਕ ਵਿਚ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਵਿਚ ਦੋਵਾਂ ਪਾਰਟੀਆਂ ਨੇ ਆਪਣੀ ਸਿਆਸੀ ਪੁਜੀਸ਼ਨ ਨੂੰ ਨਾਪ-ਤੋਲ ਲਿਆ ਹੈ ਅਤੇ ਇਸੇ ਆਧਾਰ ’ਤੇ ਅਗਲੇ ਰਾਹ ਤਿਆਰ ਹੋਣੇ ਚਾਹੀਦੇ ਹਨ।

ਪੇਂਡੂ ਖੇਤਰ ’ਚ ਹੋਰ ਜ਼ੋਰ ਲਾਵਾਂਗੇ: ਸ਼ਰਮਾ

ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਗੱਠਜੋੜ ਨੂੰ ਲੈ ਕੇ ਕੋਈ ਬਿਆਨ ਦੇਣ ਦੀ ਕਾਹਲ ਵਿਚ ਨਹੀਂ ਹਨ ਅਤੇ ਉਨ੍ਹਾਂ ਅਕਾਲੀ ਦਲ ਦੇ ਆਗੂਆਂ ਦੇ ਨਿੱਜੀ ਬਿਆਨਾਂ ’ਤੇ ਕੋਈ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ। ਸ਼ਰਮਾ ਨੇ ਕਿਹਾ ਕਿ ਭਾਜਪਾ ਦੋ ਸਾਲ ਤੋਂ ਪੰਜਾਬ ਵਿਚ ਆਪਣਾ ਸਥਾਨ ਬਣਾਉਣ ਲਈ ਪੂਰੀ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਚੋਣ ਦੇ ਨਤੀਜੇ ਨੇ ਸੰਕੇਤ ਦਿੱਤਾ ਹੈ ਕਿ ਭਾਜਪਾ ਨੂੰ ਦਿਹਾਤੀ ਖੇਤਰ ਵਿਚ ਹੋਰ ਮਿਹਨਤ ਦੀ ਲੋੜ ਹੈ, ਉਹ ਹੁਣ ਦਿਹਾਤੀ ਖੇਤਰ ’ਤੇ ਹੋਰ ਧਿਆਨ ਕੇਂਦਰਤ ਕਰਨਗੇ।





News Source link

- Advertisement -

More articles

- Advertisement -

Latest article