29.1 C
Patiāla
Saturday, May 4, 2024

ਅਜੀਤ ਪਵਾਰ ਨੇ ਪਟੋਲੇ ਦੇ ਅਸਤੀਫ਼ੇ ’ਤੇ ਸਵਾਲ ਉਠਾਏ

Must read


ਪੁਣੇ, 12 ਮਈ

ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਸੀਨੀਅਰ ਨੇਤਾ ਅਜੀਤ ਪਵਾਰ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਜੇਕਰ ਮਹਾ ਵਿਕਾਸ ਆਗਾੜੀ (ਐੱਮਵੀਏ) ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਦੇ ਅਹੁਦੇ ਤੋਂ ਨਾਨਾ ਪਟੋਲੇ ਦੇ ਅਸਤੀਫ਼ੇ ਮਗਰੋਂ ਤੁਰੰਤ ਕਾਰਵਾਈ ਕਰਦੀ ਤਾਂ ਪਿਛਲੇ ਸਾਲ ਅਣਵੰਡੀ ਸ਼ਿਵ ਸੈਨਾ ਵਿੱਚ ਹੋਈ ਉਥਲ-ਪੁਥਲ ਮਗਰੋਂ 16 ਵਿਧਾਇਕਾਂ ਦੀ ਅਯੋਗਤਾ ਦੇ ਮਾਮਲੇ ਨਾਲ ਸੁਚਾਰੂ ਢੰਗ ਨਾਲ ਨਜਿੱਠਿਆ ਜਾ ਸਕਦਾ ਸੀ। ਏਕਨਾਥ ਸ਼ਿੰਦੇ ਧੜੇ ਦੇ ਵਿਧਾਇਕਾਂ ਦੀ ਬਗ਼ਾਵਤ ਮਗਰੋਂ ਊਧਵ ਠਾਕਰੇ ਦੀ ਅਗਵਾਈ ਵਾਲੀ ਐੱਮਵੀਏ ਸਰਕਾਰ ਦੇ ਡਿੱਗਣ ਮਗਰੋਂ ਸੂਬੇ ਵਿੱਚ ਪੈਦਾ ਹੋਏ ਸਿਆਸੀ ਸੰਕਟ ’ਤੇ ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਪਵਾਰ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪਵਾਰ ਨੇ ਕਿਹਾ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉੱਪ ਮੰਤਰੀ ਦਵੇਂਦਰ ਫੜਨਵੀਸ ਦੇ ਅਸਤੀਫ਼ੇ ਦੀ ਠਾਕਰੇ ਦੀ ਮੰਗ ਫਜ਼ੂਲ ਹੈ ਕਿਉਂਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਅਤੇ ‘ਮੌਜੂਦਾ ਲੋਕਾਂ’ ਵਿੱਚ ਬਹੁਤ ਫਰਕ ਹੈ।’’

ਉਨ੍ਹਾਂ ਕਿਹਾ, ‘‘ਸਭ ਤੋਂ ਪਹਿਲਾਂ ਤਤਕਾਲੀ ਵਿਧਾਨ ਸਭਾ ਸਪੀਕਰ (ਪਟੋਲੇ) ਨੇ ਤਤਕਾਲੀ ਮੁੱਖ ਮੰਤਰੀ ਊਧਵ ਠਾਕਰੇ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਹੀ ਅਸਤੀਫ਼ਾ ਦੇ ਦਿੱਤਾ। ਇਹ ਨਹੀਂ ਹੋਣਾ ਚਾਹੀਦਾ ਸੀ ਪਰ ਇਸ ਤਰ੍ਹਾਂ ਹੋਇਆ।’’ ਪਵਾਰ ਨੇ ਕਿਹਾ ਕਿ ਪਟੋਲੇ ਦੇ ਅਸਤੀਫ਼ੇ (ਫਰਵਰੀ 2021) ਮਗਰੋਂ ਮਹਾਗੱਠਜੋੜ ਜਿਸ ਵਿੱਚ ਐੱਨਸੀਪੀ, ਕਾਂਗਰਸ ਤੇ ਅਣਵੰਡੀ ਸ਼ਿਵ ਸੈਨਾ ਵੀ ਸੀ, ਨੂੰ ਵਿਧਾਨ ਸਭਾ ਸਪੀਕਰ ਦੀ ਨਿਯੁਕਤੀ ਦਾ ਮੁੱਦਾ ਚੁੱਕਣਾ ਚਾਹੀਦਾ ਸੀ। ਉਨ੍ਹਾਂ ਕਿਹਾ, ‘‘ਪਰ ਬਦਕਿਸਤਮੀ ਨਾਲ, ਐੱਮਵੀਏ ਵਜੋਂ ਅਸੀਂ ਅਜਿਹਾ ਕਰਨ ਵਿੱਚ ਨਾਕਾਮ ਰਹੇ।’’ ਅਜੀਤ ਪਵਾਰ ਐੱਮਵੀਏ ਸਰਕਾਰ ਵਿੱਚ ਉੱਪ ਮੁੱਖ ਮੰਤਰੀ ਸੀ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪਵਾਰ ਨੇ ਕਿਹਾ ਕਿ ਜੇਕਰ ਵਿਧਾਨ ਸਭਾ ਸਪੀਕਰ ਹੁੰਦੇ ਤਾਂ ਸ਼ਿੰਦੇ ਧੜੇ ਦੀ ਬਗ਼ਾਵਤ ਕਾਰਨ ਪੈਦਾ ਹੋਏ ਅਯੋਗਤਾ ਦੇ ਮੁੱਦੇ ਨੂੰ ਸੁਲਝਾਇਆ ਜਾ ਸਕਦਾ ਸੀ। ਪਰ ਲੰਬੇ ਸਮੇਂ ਤੋਂ ਡਿਪਟੀ ਸਪੀਕਰ ਸਦਨ ਦੀ ਕਾਰਵਾਈ ਦੇਖ ਰਹੇ ਸਨ। ਉਨ੍ਹਾਂ ਕਿਹਾ, ‘‘ਇਸ ਘਟਨਾ (ਬਗ਼ਾਵਤ ਅਤੇ ਨਵੀਂ ਸਰਕਾਰ ਦੇ ਗਠਨ) ਮਗਰੋਂ ਉਨ੍ਹਾਂ ਤੁਰੰਤ ਉਸ ਖ਼ਾਲੀ ਅਹੁਦੇ ਨੂੰ ਭਰ ਦਿੱਤਾ। ਜੇਕਰ ਸਪੀਕਰ ਦੀ ਤਾਇਨਾਤੀ ਪਹਿਲਾਂ ਹੀ ਹੁੰਦੀ ਤਾਂ ਉਹ 16 ਵਿਧਾਇਕਾਂ ਨੂੰ ਅਯੋਗ ਐਲਾਨ ਦਿੰਦੇ।’’  ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਸ਼ਿੰਦੇ ਅਤੇ ਫੜਨਵੀਸ ਤੋਂ ਨੈਤਿਕ ਆਧਾਰ ’ਤੇ ਅਸਤੀਫ਼ੇ ਦੀ ਠਾਕਰੇ ਦੀ ਮੰਗ ਸਬੰਧੀ ਪਵਾਰ ਨੇ ਕਿਹਾ ਕਿ ਇਸ ਨਾਲ ਕੋਈ ਮਕਸਦ ਹੱਲ ਨਹੀਂ ਹੋਵੇਗਾ। ਉਨ੍ਹਾਂ ਕਿਹਾ, ‘‘ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਅਤੇ ਮੌਜੂਦਾ ਲੋਕਾਂ ਵਿੱਚ ਬਹੁਤ ਫ਼ਰਕ ਹੈ। ਉਹ ਕਦੇ ਅਸਤੀਫ਼ਾ ਨਹੀਂ ਦੇਣਗੇ। ਉਹ ਸੁਫ਼ਨੇ ਵਿੱਚ ਵੀ ਅਸਤੀਫ਼ਾ ਨਹੀਂ ਦੇਣਗੇ।’’ -ਪੀਟੀਆਈ

ਪਟੋਲੇ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ

ਨਵੀਂ ਦਿੱਲੀ: ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਅੱਜ ਇੱਥੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਸੁਪਰੀਮ ਕੋਰਟ ਵੱਲੋਂ ਬੀਤੇ ਦਿਨ ਸ਼ਿਵ ਸੈਨਾ ਦੀ ਅਗਵਾਈ ਵਾਲੀ ਐੱਮਵੀਏ ਸਰਕਾਰ ਨੂੰ ਲੈ ਕੇ ਸੁਣਾਏ ਗਏ ਫ਼ੈਸਲੇ ਦੇ ਮੱਦੇਨਜ਼ਰ ਸੂਬੇ ਦੇ ਸਿਆਸੀ ਹਾਲਾਤ ਬਾਰੇ ਵਿਚਾਰ-ਚਰਚਾ ਕੀਤੀ। ਸੂਤਰਾਂ ਅਨੁਸਾਰ ਪਟੋਲੇ ਨੇ ਗਾਂਧੀ ਨੂੰ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਸਿਆਸੀ ਨਤੀਜਿਆਂ ਅਤੇ ਮਹਾਰਾਸ਼ਟਰ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਤੋਂ ਜਾਣੂ ਕਰਵਾਇਆ। ਕਾਂਗਰਸ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਅਤੇ ਐੱਨਸੀਪੀ ਨਾਲ ਗੱਠਜੋੜ ਵਿੱਚ ਹੈ ਅਤੇ 2024 ਦੀਆਂ ਲੋਕ ਸਭਾ ਚੋਣਾਂ ਇਕੱਠਿਆਂ ਲੜਨ ਦੀ ਕੋਸ਼ਿਸ਼ ਕਰ ਰਹੀ ਹੈ। ਸੂੁਤਰਾਂ ਅਨੁਸਾਰ ਰਾਹੁਲ ਗਾਂਧੀ ਜਲਦੀ ਮਹਾਰਾਸ਼ਟਰ ਦਾ ਦੌਰਾ ਕਰ ਸਕਦੇ ਹਨ। -ਪੀਟੀਆਈ



News Source link

- Advertisement -

More articles

- Advertisement -

Latest article